ਜੰਗੀ ਜਨੂੰਨ ਅਤੇ ਫਿਰਕੂ ਨਫ਼ਰਤ ਖਿਲਾਫ ਸਾਂਝੀ ਕਨਵੈਨਸ਼ਨ 19 ਮਈ ਨੂੰ

ਪੰਜਾਬ

ਮਾਨਸਾ, 16 ਮਈ 2025, ਦੇਸ਼ ਕਲਿੱਕ ਬਿਓਰੋ :
19 ਮਈ ਨੂੰ ਇਥੇ ਬਾਬਾ ਬੂਝਾ ਸਿੰਘ ਭਵਨ ਵਿਖੇ ਛੇ ਸਿਆਸੀ ਤੇ ਸਮਾਜਿਕ ਸੰਗਠਨਾਂ ਵਲੋਂ ਦੇਸ਼ ਵਿਚ ਸਤਾ ਦੀ ਸਿੱਧੀ ਸਰਪ੍ਰਸਤੀ ਵਿੱਚ ਚਲਾਈ ਜਾ ਰਹੀ ਜੰਗੀ ਜਨੂੰਨ ਅਤੇ ਫਿਰਕੂ ਨਫ਼ਰਤ ਦੀ ਮੁਹਿੰਮ ਦੇ ਵਿਰੁੱਧ ਇਕ ਸਾਂਝੀ ਕਨਵੈਨਸ਼ਨ ਕੀਤੀ ਜਾਵੇਗੀ। ਇਹ ਕਨਵੈਨਸ਼ਨ 1990 ਵਿੱਚ ਭਾਰਤ ਪਾਕਿ ਦਰਮਿਆਨ ਬਣੇ ਤਿੱਖੇ ਜੰਗੀ ਤਣਾਅ ਖਿਲਾਫ ਦਿੱਲੀ ਵਿਖੇ ਕੀਤੇ ਜਾਣ ਵਾਲੇ ਇਕ ਵਿਖਾਵੇ ਵਿੱਚ ਸ਼ਾਮਲ ਹੋਣ ਲਈ ਜਾਂਦੇ ਵਕਤ 19 ਮਈ ਦੇ ਦਿਨ ਇਕ ਹਾਦਸੇ ਵਿੱਚ ਵਿਛੜ ਗਏ ਦੋ ਨੌਜਵਾਨ ਆਗੂਆਂ ਬਲਵਿੰਦਰ ਸਿੰਘ ਸਮਾਓਂ ਅਤੇ ਮਨੋਜ ਕੁਮਾਰ ਮਿੱਤਲ ਭੀਖੀ ਨੂੰ ਸਮਰਪਿਤ ਹੋਵੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਪੀਆਈ ਐਮ ਐਲ ਲਿਬਰੇਸ਼ਨ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਆਰ. ਐਮ. ਪੀ. ਆਈ. ਆਗੂ ਕਾਮਰੇਡ ਲਾਲ ਚੰਦ, ਆਈਡੀਪੀ ਦੇ ਆਗੂ ਕਰਨੈਲ ਸਿੰਘ ਜਖੇਪਲ, ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਆਗੂ ਮਨਜੀਤ ਸਿੰਘ ਮਾਨ, ਮੁਸਲਿਮ ਫਰੰਟ ਪੰਜਾਬ ਦੇ ਮੁੱਖੀ ਐਚ ਆਰ ਮੋਫ਼ਰ ਅਤੇ ਪੰਜਾਬ ਜਮਹੂਰੀ ਮੋਰਚੇ ਦੇ ਆਗੂ ਭਜਨ ਸਿੰਘ ਘੁੰਮਣ ਨੇ ਦਸਿਆ ਕਿ ਭਾਵੇਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਖ਼ਲ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ ਹਥਿਆਰਬੰਦ ਟਕਰਾਅ ਨੂੰ ਆਰਜ਼ੀ ਤੌਰ ‘ਤੇ ਠੱਲ੍ਹ ਪੈ ਗਈ ਹੈ, ਪਰ ਤਣਾਅ ਬਰਕਰਾਰ ਹੈ। ਦੋਵੇਂ ਦੇਸ਼ਾਂ ਵਲੋਂ ਇਕ ਦੂਜੇ ਖ਼ਿਲਾਫ਼ ਚੁੱਕੇ ਕਦਮ ਤੇ ਲਾਈਆਂ ਪਾਬੰਦੀਆਂ ਵਾਪਸ ਲੈ ਕੇ ਮਾਹੌਲ ਨੂੰ ਆਮ ਵਰਗਾ ਬਣਾਉਣ ਦੇ ਮਾਮਲੇ ਵਿੱਚ ਕੋਈ ਪ੍ਰਗਤੀ ਨਹੀਂ ਹੋ ਰਹੀ। ਉਲਟਾ ਦੋਵੇਂ ਪਾਸੇ ਕੱਟੜਪੰਥੀ ਤੇ ਪਿਛਾਂਹ ਖਿੱਚੂ ਸ਼ਕਤੀਆਂ ਵਲੋਂ ਸਧਾਰਨ ਜਨਤਾ ਨੂੰ ਰੈਡੀਕਲਾਈਜ਼ ਕਰਨ ਲਈ ਜੰਗੀ ਜਨੂੰਨ ਅਤੇ ਫਿਰਕੂ ਨਫ਼ਰਤੀ ਪ੍ਰਚਾਰ ਦੀ ਹਨ੍ਹੇਰੀ ਝੁਲਾਈ ਜਾ ਰਹੀ ਹੈ। ਜਦੋਂ ਕਿ ਦੋਵੇਂ ਦੇਸ਼ਾਂ ਦੀ ਬਹੁਗਿਣਤੀ ਜਨਤਾ ਅਤ ਦੀ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਸਿਖਿਆ, ਇਲਾਜ, ਸਫਾਈ ਅਤੇ ਪੀਣ ਵਾਲੇ ਸਾਫ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਥੁੜ ਜਾਂ ਅਣਹੋਂਦ ਦਾ ਸ਼ਿਕਾਰ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਕਨਵੈਨਸ਼ਨ ਵਿੱਚ ਉਕਤ ਸੰਗਠਨਾਂ ਦੇ ਬੁਲਾਰੇ ਇੰਨਾਂ ਸੁਆਲਾਂ ਬਾਰੇ ਅਤੇ ਜੰਗ ਦੀ ਬਜਾਏ ਅਮਨ ਦੀ ਜ਼ਰੂਰਤ ਅਤੇ ਰਖਿਆ ਬਜਟ ਤੇ ਹਥਿਆਰਾਂ ਉਤੇ ਹੁੰਦੇ ਭਾਰੀ ਖਰਚ ਵਿੱਚ ਕਟੌਤੀ ਦਾ ਮਾਹੌਲ ਬਣਾਉਣ ਬਾਰੇ ਵਿਚਾਰਾਂ ਕਰਨਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।