ਮਾਨਸਾ, 20 ਮਈ, ਦੇਸ਼ ਕਲਿੱਕ ਬਿਓਰੋ :
ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਸੂਬਾਈ ਸੱਦੇ ‘ਤੇ ਭੱਖਦੀਆਂ ਅਤੇ ਹੱਕੀ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਦੇ ਰਾਹੀਂ ਮੰਗ ਪੱਤਰ ਕੇਂਦਰੀ ਮੰਤਰੀ ਅੰਨਾਪੂਰਨ ਜੀ ਨੂੰ ਭੇਜਿਆ। ਇਸ ਤੋਂ ਪਹਿਲਾਂ ਜ਼ਿਲ੍ਹੇ ਭਰ ਦੀਆਂ ਆਂਗਣਵਾੜੀ ਮੁਲਾਜ਼ਮਾਂ ਨੇ ਡੀਸੀ ਦਫ਼ਤਰ ਅੱਗੇ ਕੜਕਦੀ ਧੁੱਪ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।
ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਪੋਸ਼ਣ ਟ੍ਰੈਕ ਦੇ ਨਾਂਅ ‘ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਰਕਾਰ ਇੰਨੀ ਬੇਵਿਸ਼ਵਾਸੀ ਤੇ ਆ ਗਈ ਹੈ ਕਿ ਪਹਿਲਾਂ ਅਧਾਰ ਕਾਰਡ ਦੇ ਨਾਲ ਬੱਚਿਆਂ ਦੀ ਗਿਣਤੀ ਪੋਸ਼ਣ ਟਰੈਕ ਉੱਤੇ ਲਈ ਗਈ ਹੈ ਅਤੇ ਹੁਣ ਉਹਨਾਂ ਨੂੰ ਵੰਡਿਆ ਜਾਣ ਵਾਲਾ ਨਿਗੂਣਾ ਜਿਹਾ ਸਪਲੀਮੈਂਟਰੀ ਨਿਊਟਰੇਸਨ ਜੋਂ 15 ਦਿਨਾਂ ਦਾ 300 ਗ੍ਰਾਮ ਬਣਦਾ ਹੈ ਅਤੇ ਮਹੀਨੇ ਵਿੱਚ ਦੋ ਕਿਸ਼ਤਾਂ ਦੇਣੀਆਂ ਹੁੰਦੀਆਂ ਹਨ। ਪਰ ਉਹ ਵੀ ਮੋਬਾਇਲ ਦੀ ਕੇ.ਵਾਈ.ਸੀ. ਕਰਕੇ ਅਤੇ ਓ.ਟੀ.ਪੀ. ਲੈ ਕੇ ਪ੍ਰਾਪਤ ਕਰਤਾ ਦੀ ਫੋਟੋ ਖਿੱਚ ਕੇ ਦੇਣਾ ਹੈ। ਜੇਕਰ ਫੋਟੋ ਮੈਚ ਨਹੀਂ ਹੋਵੇਗੀ ਜਾਂ ਮੋਬਾਇਲ ‘ਤੇ ਓ.ਟੀ.ਪੀ. ਨਹੀਂ ਆਵੇਗਾ ਤਾਂ ਉਸ ਬੱਚੇ ਨੂੰ ਨਿਊਟਰੇਸਨ ਨਹੀਂ ਦਿੱਤਾ ਜਾਵੇਗਾ। ਸਰਕਾਰ ਦੀਆਂ ਨਿੱਤ ਨਵੀਆਂ ਨੀਤੀਆਂ ਆਈ.ਡੀ.ਸੀ.ਐਸ. ਸਕੀਮ ਨੂੰ ਖਾਤਮੇ ਵੱਲ ਲੈ ਕੇ ਜਾਂ ਰਹੀਆਂ ਹਨ। ਆਂਗਣਵਾੜੀ ਮੁਲਾਜ਼ਮਾਂ ਨੂੰ ਮੋਬਾਇਲ ਵੀ ਨਹੀਂ ਮੁਹੱਈਆ ਕਰਵਾਏ ਜਾ ਰਹੇ ਹਨ। ਸਰਕਾਰ ਅਜਿਹੀ ਨੀਤੀ ਵਰਤਕੇ ਆਈ.ਸੀ.ਡੀ.ਐਸ. ਸਕੀਮ ਰਾਹੀਂ ਬੱਚਿਆਂ ਦੇ ਮੂੰਹ ਵਿੱਚੋਂ ਸਪਲੀਮੈਂਟਰੀ ਨਿਊਟਰੇਸਨ ਖੁਰਾਕ ਖੋਹਣ ਵੱਲ ਤੁਰੀ ਹੋਈ ਹੈ। ਅਜਿਹਾ ਕਰਕੇ ਸਰਕਾਰ ਰਾਈਟ ਟੂ ਫੂਡ ਅਤੇ ਰਾਈਟ ਟੂ ਚਿਲਡਰਨ ਦਾ ਘਾਣ ਕਰ ਰਹੀ ਹੈ। ਆਂਗਣਵਾੜੀ ਮੁਲਾਜ਼ਮ ਆਗੂ ਨੇ ਕਿਹਾ ਕਿ ਇੱਕ ਪਾਸੇ ਸੁਪਰੀਮ ਕੋਰਟ ਦਾ ਆਦੇਸ਼ ਹੈ ਕਿ ਆਧਾਰ ਕਾਰਡ ਦੇ ਨਾਂਅ ‘ਤੇ ਸਰਕਾਰਾਂ ਦੇ ਲਾਭ ਦੇਣ ਤੋਂ ਲੋਕਾਂ ਨੂੰ ਵਾਂਝਾ ਨਹੀਂ ਰੱਖਿਆ ਜਾ ਸਕਦਾ। ਦੂਜੇ ਪਾਸੇ ਕੇਂਦਰ ਸਰਕਾਰ ਆਈ.ਸੀ.ਡੀ.ਐਸ. ਸਕੀਮ ਦੇ ਲਾਭਪਾਤਰੀਆਂ ਨੂੰ ਪੋਸ਼ਣ ਅਭਿਆਨ ਦੇ ਨਾਂ ‘ਤੇ ਕਟੌਤੀ ਵੱਲ ਲੈ ਕੇ ਜਾਂ ਰਹੀ ਹੈ।
ਇਸ ਮੌਕੇ ‘ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਖਜ਼ਾਨਚੀ ਸ਼ਿੰਦਰ ਕੌਰ , ਪ੍ਰੈਸ ਸਕੱਤਰ ਮਨਜੀਤ ਕੌਰ ਬੀਰੋਕੇ ਅਤੇ ਡੇਜ਼ੀ ਗੁਪਤਾ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਅੱਖੋਂ ਪਰੋਖੇ ਕਰ ਰਹੀ ਹੈ ਅਤੇ ਬਜਟ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਆਂਗਣਵਾੜੀ ਵਰਕਰਾਂ ਨੂੰ ਦਰਜਾ ਤਿੰਨ ਅਤੇ ਆਂਗਣਵਾੜੀ ਹੈਲਪਰਾਂ ਨੂੰ ਦਰਜਾ ਚਾਰ ਮੁਲਾਜਮ ਨਹੀਂ ਐਲਾਨ ਕੀਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਫ਼ੋਕੀ ਇਸ਼ਤਿਹਾਰਬਾਜ਼ੀ ‘ਤੇ ਕਰੋੜਾਂ ਰੁਪਏ ਪਾਣੀ ਦੀ ਤਰ੍ਹਾਂ ਵਹਾਏ ਜਾਂ ਰਹੇ ਹਨ। ਆਂਗਣਵਾੜੀ ਮੁਲਾਜ਼ਮਾਂ ਨੂੰ ਮਾਣਭੱਤੇ ਦੀ ਰਾਸ਼ੀ ਨਹੀਂ ਪਾਈ ਜਾ ਰਹੀ। ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਪਏ ਹਨ।
ਇਸ ਮੌਕੇ ਆਂਗਣਵਾੜੀ ਮੁਲਾਜ਼ਮ ਆਗੂਆਂ ਨੇ ਐਲਾਨ ਕੀਤਾ ਕਿ ਸੀਟੂ ਸਮੇਤ ਟਰੇਡ ਯੂਨੀਅਨਾਂ ਦੇ ਸੱਦੇ ਤੇ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਨੂੰ ਹੇਠਲੇ ਪੱਧਰ ਤੋਂ ਸਫਲ ਕੀਤਾ ਜਾਵੇਗਾ।
ਅੱਜ ਦੇ ਧਰਨੇ ਨੂੰ ਦਲਜੀਤ ਕੌਰ , ਅਵਿਨਾਸ਼ ਕੌਰ , ਸੁਮਨ ਲਤਾ , ਸੁਖਪਾਲ ਕੌਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।