ਚੰਡੀਗੜ੍ਹ, 20 ਮਈ, ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜੋ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਪਾਰਦਰਸ਼ੀ, ਯੋਗਤਾ-ਅਧਾਰਤ ਅਤੇ ਭ੍ਰਿਸ਼ਟਾਚਾਰ ਮੁਕਤ ਨੌਕਰੀ ਦੀ ਭਰਤੀ ਪ੍ਰਤੀ ਵਚਨਬੱਧਤਾ ਵਿੱਚ ਇੱਕ ਹੋਰ ਮੀਲ ਦਾ ਪੱਥਰ ਸਾਬਤ ਹੋਇਆ। ਇਸ ਦੌਰਾਨ ਨਵ-ਨਿਯੁਕਤ ਉਮੀਦਵਾਰਾਂ ਨੇ ਮਾਨ ਸਰਕਾਰ ਦੀ ਪ੍ਰਸੰਸਾ ਕੀਤੀ ਅਤੇ ਸਰਕਾਰ ਵਲੋਂ ਬਰਾਬਰ ਮੌਕੇ ਪ੍ਰਦਾਨ ਕਰਨ ਅਤੇ ਪੱਖਪਾਤ, ਸਿਫਾਰਸ਼ ਅਤੇ ਰਿਸ਼ਵਤਖੋਰੀ ਨੂੰ ਖਤਮ ਕਰਨ ਦੇ ਨਿਰੰਤਰ ਯਤਨਾਂ ਲਈ ਧੰਨਵਾਦ ਪ੍ਰਗਟ ਕੀਤਾ।
ਗੁਰਜੀਤ ਸਿੰਘ, ਮੋਗਾ: ਖੇਤੀਬਾੜੀ ਵਿਕਾਸ ਅਧਿਕਾਰੀ ਵਜੋਂ ਨਿਯੁਕਤ ਹੋਏ ਗੁਰਜੀਤ ਨੇ ਆਪਣੇ ਭਾਵਨਾਤਮਕ ਸਫ਼ਰ ਨੂੰ ਸਾਂਝਾ ਕਰਦੇ ਹੋਏ ਕਿਹਾ, “ਮੈਂ ਪਹਿਲਾਂ ਕਈ ਪ੍ਰੀਖਿਆਵਾਂ ਦਿੱਤੀਆਂ ਸਨ, ਪਰ ਸਿਰਫ਼ ਇੱਕ ਜਾਂ ਦੋ ਅੰਕਾਂ ਤੋਂ ਰਹਿ ਜਾਂਦਾ ਸੀ। ਅੱਜ, ਮਾਨ ਸਰਕਾਰ ਦੀਆਂ ਨਿਰਪੱਖ ਨੀਤੀਆਂ ਦੇ ਕਾਰਨ ਮੈਨੂੰ ਆਖਰਕਾਰ ਅਧਿਕਾਰੀ ਦੇ ਅਹੁਦੇ ‘ਤੇ ਨਿਯੁਕਤੀ ਮਿਲੀ ਹੈ। ਮੁੱਖ ਮੰਤਰੀ ਸਾਹਬ ਮੇਰੀ ਮਾਂ ਨੇ ਤੁਹਾਡੇ ਲਈ ਆਪਣੀ ਦੁਆਵਾਂ ਭੇਜਿਆਂ ਹਨ।
ਮੁਹੰਮਦ ਯਾਸੀਰ-ਪੈਰਾ ਓਲੰਪੀਅਨ ਅਤੇ ਏਸ਼ੀਅਨ ਖੇਡਾਂ ਦੇ ਤਗਮਾ ਜੇਤੂ: ਪੈਰਾ-ਖੇਡਾਂ ਵਿੱਚ ਭਾਰਤ ਦਾ ਮਾਣ ਵਧਾਉਣ ਵਾਲੇ ਯਾਸੀਰ ਨੇ ਆਪਣੇ ਵਰਗੇ ਖਿਡਾਰੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ “ਇਹ ਪਹਿਲੀ ਸਰਕਾਰ ਹੈ ਜੋ ਅਸਲ ਵਿੱਚ ਪੈਰਾ-ਐਥਲੀਟਾਂ ਦਾ ਸਮਰਥਨ ਕਰਦੀ ਹੈ। ਮੈਨੂੰ ਸਿਰਫ਼ ਆਪਣੀ ਸਿਖਲਾਈ ਲਈ 23-24 ਲੱਖ ਰੁਪਏ ਮਿਲੇ। ਸਾਰੇ ਐਥਲੀਟਾਂ ਲਈ ਬਰਾਬਰ ਨਕਦ ਇਨਾਮ ਅਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਿਨਾਂ, ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਦਾ ਭਰੋਸਾ ਦੇਣਾ ਬੇਮਿਸਾਲ ਹੈ। ਮੈਂ ਇਸ ਸਮਰਥਨ ਲਈ ਬਹੁਤ ਧੰਨਵਾਦੀ ਹਾਂ।”
ਦੀਪਿਕਾ, ਸੰਗਰੂਰ: ਦੀਪਿਕਾ ਨੇ ਔਰਤਾਂ ਦੇ ਸਸ਼ਕਤੀਕਰਨ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ “ਬਹੁਤ ਸਾਰੀਆਂ ਔਰਤਾਂ ਲਈ, ਵਿਆਹ ਅਕਸਰ ਉਨ੍ਹਾਂ ਦੀਆਂ ਇੱਛਾਵਾਂ ਨੂੰ ਘਰੇਲੂ ਜ਼ਿੰਮੇਵਾਰੀਆਂ ਤੱਕ ਸੀਮਤ ਕਰ ਦਿੰਦਾ ਹੈ। ਪਰ ਇਸ ਸਰਕਾਰ ਦੇ ਯਤਨਾਂ ਅਤੇ ਭ੍ਰਿਸ਼ਟਾਚਾਰ-ਮੁਕਤ ਵਾਤਾਵਰਣ ਨੇ ਨਿਰਪੱਖ ਨੌਕਰੀਆਂ ਦੇ ਮੌਕੇ ਸੰਭਵ ਬਣਾਏ ਹਨ। ਮੈਂ ਦਿਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ।”
ਸੰਦੀਪ ਕੌਰ, ਪਟਿਆਲਾ, ਸਾਫਟਬਾਲ ਖਿਡਾਰੀ: ਸੰਦੀਪ ਨੇ ਸਰਕਾਰ ਦੇ ਐਥਲੀਟਾਂ ‘ਤੇ ਧਿਆਨ ਕੇਂਦਰਿਤ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ “ਇਹ ਮੇਰੀ ਛੇਵੀਂ ਸਰਕਾਰੀ ਨੌਕਰੀ ਹੈ – ਇੱਕ ਅਜਿਹੀ ਪ੍ਰਾਪਤੀ ਜੋ ਸਿਰਫ਼ ਮਾਨ ਸਰਕਾਰ ਦੇ ਅਧੀਨ ਹੀ ਸੰਭਵ ਹੈ। ਮੇਰੇ ਵਰਗੇ ਖਿਡਾਰੀ ਹੁਣ ਆਪਣੇ-ਆਪਣੇ ਖੇਤਰਾਂ ਵਿੱਚ ਨੌਕਰੀਆਂ ਪ੍ਰਾਪਤ ਕਰ ਰਹੇ ਹਨ। ਮੈਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ‘ਆਪ’ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਜੰਗ’ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਵਾਅਦਾ ਕਰਦੀ ਹਾਂ।”
ਵਿਪਨਜੋਤ, ਜਲਾਲਾਬਾਦ, ਖੇਤੀਬਾੜੀ ਵਿਕਾਸ ਅਧਿਕਾਰੀ: ਵਿਪਨਜੋਤ ਨੇ ਆਪ ਸਰਕਾਰ ਦੇ ਅਧੀਨ ਦਿੱਤੇ ਜਾ ਰਹੇ ਮੌਕਿਆਂ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ “ਸਖ਼ਤ ਮਿਹਨਤ ਕਰਨ ਵਾਲੇ ਲੋਕਾਂ ਨੂੰ ਮੌਕੇ ਦਿੱਤੇ ਜਾ ਰਹੇ ਹਨ। ਕੋਈ ਵੀ ਜੋ ਦ੍ਰਿੜ ਅਤੇ ਸਮਰਪਿਤ ਹੈ, ਉਹ ਸਫਲ ਹੋ ਸਕਦਾ ਹੈ। ਮੈਨੂੰ ਇਹ ਸਰਕਾਰੀ ਨੌਕਰੀ ਮਿਲਣ ‘ਤੇ ਮਾਣ ਹੈ।”
ਪ੍ਰੋਗਰਾਮ ਵਿੱਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਯੁਵਾ ਸਸ਼ਕਤੀਕਰਨ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਣਾਲੀ ਦੀ ਸਿਰਜਣਾ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਯੋਗਤਾ ਦੇ ਆਧਾਰ ‘ਤੇ ਮੌਕੇ ਪ੍ਰਦਾਨ ਕਰਨਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯੋਗ ਉਮੀਦਵਾਰ ਪੱਖਪਾਤ ਜਾਂ ਭ੍ਰਿਸ਼ਟਾਚਾਰ ਕਾਰਨ ਪਿੱਛੇ ਨਾ ਰਹਿ ਜਾਵੇ। ਨੌਜਵਾਨਾਂ ਦੀਆਂ ਨਿਯੁਕਤੀਆਂ ਨਿਰਪੱਖ ਸ਼ਾਸਨ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਮਾਣ ਹਨ। ਨੌਜਵਾਨਾਂ ਨੂੰ ਯੋਗਤਾ-ਅਧਾਰਤ ਸਰਕਾਰੀ ਨੌਕਰੀਆਂ ਪ੍ਰਦਾਨ ਕਰਨਾ ਮਾਨ ਸਰਕਾਰ ਦੇ “ਰੰਗਲਾ ਪੰਜਾਬ” ਬਣਾਉਣ ਦੇ ਵੱਡੇ ਯਤਨਾਂ ਦਾ ਹਿੱਸਾ ਹੈ, ਜੋ ਇੱਕ ਖੁਸ਼ਹਾਲ ਅਤੇ ਸਮਾਵੇਸ਼ੀ ਰਾਜ ਦੀ ਸਿਰਜਣਾ ਨੂੰ ਸਮਰੱਥ ਬਣਾਏਗਾ।