ਮੰਤਰੀ ਮੰਡਲ ਵੱਲੋਂ ਵਿਸ਼ੇਸ਼ ਤਰੱਕੀ ਪ੍ਰਾਪਤ ਕਾਡਰ ’ਚ ਸੇਵਾ ਨਿਭਾ ਰਹੇ ਅਫਸਰਾਂ, ਮੁਲਾਜ਼ਮਾਂ ਵਾਸਤੇ ਸੇਵਾ ਨਿਯਮ ਬਣਾਉਣ ਦੀ ਪ੍ਰਵਾਨਗੀ

Published on: May 24, 2025 7:41 am

ਪੰਜਾਬ

ਚੰਡੀਗੜ੍ਹ, 24 ਮਈ, ਦੇਸ਼ ਕਲਿੱਕ ਬਿਓਰੋ :

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ  ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ। ਇਹ ਮੀਟਿੰਗ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉਤੇ ਹੋਈ। ਕੈਬਨਿਟ ਵਿੱਚ ਪੰਜਾਬ ਪੁਲਿਸ ਵਿੱਚ 207 ਵਿਸ਼ੇਸ਼ ਤਰੱਕੀ ਪ੍ਰਾਪਤ ਕਾਡਰ ਵਿੱਚ ਸੇਵਾ ਨਿਭਾ ਰਹੇ ਅਫ਼ਸਰਾਂ/ਮੁਲਾਜ਼ਮਾਂ ਵਾਸਤੇ ਸੇਵਾ ਨਿਯਮ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ। ਪੰਜਾਬ ਪੁਲਿਸ ਵਿੱਚ ਖ਼ਾਸ ਤੌਰ ਉੱਤੇ ਖੇਡ ਕੋਟੇ ਤੋਂ ਤਰੱਕੀ ਹਾਸਲ ਕਰਨ ਵਾਲੇ ਮੁਲਾਜ਼ਮਾਂ ਦੀਆਂ ਤਰੱਕੀਆਂ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਪੰਜਾਬ ਕੈਬਨਿਟ ਨੇ 207 ਵਿਸ਼ੇਸ਼ ਤਰੱਕੀ ਪ੍ਰਾਪਤ ਕਾਡਰ ਵਿੱਚ ਸੇਵਾ ਨਿਭਾ ਰਹੇ ਅਫ਼ਸਰਾਂ/ਮੁਲਾਜ਼ਮਾਂ ਲਈ ਸੇਵਾ ਨਿਯਮ ਬਣਾਉਣ ਦੀ ਸਹਿਮਤੀ ਦੇ ਦਿੱਤੀ। ਇਸ ਫੈਸਲੇ ਨਾਲ ਇਨ੍ਹਾਂ ਪੁਲਿਸ ਅਫ਼ਸਰਾਂ/ਮੁਲਾਜ਼ਮਾਂ ਦੀਆਂ ਭਵਿੱਖੀ ਤਰੱਕੀਆਂ ਨੇਮਬੱਧ ਹੋਣਗੀਆਂ ਅਤੇ ਇਨ੍ਹਾਂ ਦੇ ਹੋਰ ਸੇਵਾ ਮਾਮਲੇ ਸੁਚਾਰੂ ਹੋਣਗੇ।

ਪੰਜਾਬ ਨਮਿੱਤਣ ਐਕਟ (ਮਨਸੂਖ) ਬਿੱਲ, 2025 ਨੂੰ ਸਹਿਮਤੀ

ਵੇਲਾ ਵਿਹਾ ਚੁੱਕੇ ਕਾਨੂੰਨਾਂ ਨੂੰ ਰੱਦ ਕਰਨ/ਨਿਯਮੀਕਰਨ ਤੇ ਡੀਕ੍ਰਿਮੀਨਲਾਈਜੇਸ਼ਨ ਦੀ ਸਮੀਖਿਆ ਲਈ ਸਕੱਤਰਾਂ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਉਤੇ ਕੈਬਨਿਟ ਨੇ ਪੰਜਾਬ ਨਮਿੱਤਣ ਐਕਟ (ਮਨਸੂਖ) ਬਿੱਲ, 2025 ਨੂੰ ਮਨਜ਼ੂਰੀ ਦੇ ਦਿੱਤੀ। ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਵਿੱਤ ਵਿਭਾਗ ਨੇ ਇਸ ਤਜਵੀਜ਼ ਉਤੇ ਵਿਚਾਰ ਕੀਤਾ ਅਤੇ ਆਪਣੇ ਨਮਿੱਤਣ ਐਕਟਾਂ ਦੀ ਰੱਦ ਹੋਣ ਵਜੋਂ ਨਿਸ਼ਾਨਦੇਹੀ ਕੀਤੀ। ਇਹ ਐਕਟ ਵਿਭਾਗ ਨੂੰ ਸੂਬੇ ਦੇ ਕਨਸੌਲੀਡੇਟਿਡ ਫੰਡ ਵਿੱਚੋਂ ਖ਼ਰਚ ਕਰਨ ਦਾ ਅਧਿਕਾਰ ਦਿੰਦੇ ਹਨ। ਜਿਨ੍ਹਾਂ ਨਮਿੱਤਣ ਐਕਟਾਂ ਦੀ ਮਿਆਦ ਖ਼ਤਮ ਹੋ ਗਈ ਹੈ, ਉਨ੍ਹਾਂ ਨੂੰ ਰੱਦ ਕਰਨ ਨਾਲ ਉਨ੍ਹਾਂ ਕਾਰਵਾਈਆਂ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ, ਜੋ ਇਨ੍ਹਾਂ ਐਕਟਾਂ ਅਨੁਸਾਰ ਜਾਇਜ਼ ਤੌਰ ਉਤੇ ਕੀਤੀਆਂ ਗਈਆਂ ਸਨ ਜਾਂ ਕੀਤੀਆਂ ਜਾਣੀਆਂ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।