ਮੋਰਿੰਡਾ 24 ਮਈ ( ਭਟੋਆ)
“ਮੀਰੀ-ਪੀਰੀ ਦੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਮਨੁੱਖਤਾ ਪੱਖੀ ਉੱਚ ਮਰਿਯਾਦਾਵਾਂ ਦੀ ਬਦੌਲਤ ਸਮੁੱਚੇ ਸੰਸਾਰ ਵਿਚ ਖ਼ਾਲਸਾ ਪੰਥ ਦੀ ਇਸ ਸੰਸਥਾਂ ਦੀ ਸਰਬਉੱਚਤਾਂ ਤੇ ਮਹਾਨਤਾਂ ਕਾਇਮ ਹੈ । ਜਿਥੋ ਹੋਣ ਵਾਲੇ ਕੌਮੀ ਫੈਸਲਿਆ ਨੂੰ ਸਮੁੱਚੇ ਸੰਸਾਰ ਵਿਚ ਮਾਨਤਾ ਹਾਸਿਲ ਹੁੰਦੀ ਹੈ । ਇਸਦੀ ਸਰਬਉੱਚਤਾਂ ਤੇ ਮਹਾਨਤਾਂ ਫਿਰਕੂ ਹੁਕਮਰਾਨਾਂ ਨੂੰ ਬਰਦਾਸਤ ਨਹੀ ਹੋ ਰਹੀ । ਇਹੀ ਵਜਹ ਹੈ ਕਿ ਸੈਟਰ ਦੇ ਮੁਤੱਸਵੀ ਹੁਕਮਰਾਨਾਂ ਨੇ ਪਹਿਲੇ ਤਖਤ ਸ੍ਰੀ ਹਜੂਰ ਸਾਹਿਬ ਅਤੇ ਹੁਣ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡਾਂ ਵਿਚ ਆਪਣੇ ਚੇਹਤਿਆ ਦੀ ਬਹੁਗਿਣਤੀ ਕਰਕੇ ਇਨ੍ਹਾਂ ਤਖ਼ਤਾਂ ਉਤੇ ਇਕ ਤਰ੍ਹਾਂ ਨਾਲ ਆਪਣੇ ਸਿਆਸੀ ਕੰਟਰੋਲ ਕਰਨ ਦੀ ਅਵੱਗਿਆ ਕੀਤੀ ਹੈ । ਜਿਸ ਕਾਰਨ ਸਮੁੱਚੀ ਸਿੱਖ ਕੌਮ ਵਿਚ ਸੈਟਰ ਦੀ ਮੌਜੂਦਾ ਬੀਜੇਪੀ-ਆਰ.ਐਸ.ਐਸ ਹਕੂਮਤ ਵਿਰੁੱਧ ਪਹਿਲੋ ਹੀ ਬਹੁਤ ਵੱਡਾ ਰੋਸ ਉਤਪੰਨ ਹੋ ਚੁੱਕਿਆ ਹੈ । ਹੁਣ ਅਜਿਹੀਆਂ ਸਾਜਿਸਾਂ ਤੇ ਅਮਲ ਕਰਕੇ ਸਾਡੇ ਇਨ੍ਹਾਂ ਮਹਾਨ ਤਖਤਾਂ ਦਾ ਰਾਜਸੀ ਕਰਨ ਕਰਕੇ ਸਿੱਖ ਕੌਮ ਨੂੰ ਚੁਣੋਤੀ ਦਿੱਤੀ ਜਾ ਰਹੀ ਹੈ । ਤਖਤ ਪਟਨਾ ਸਾਹਿਬ ਦੇ ਪੰਜ ਪਿਆਰਿਆ ਵੱਲੋ ਜੋ ਗੈਰ ਸਿਧਾਤਿਕ ਢੰਗ ਨਾਲ ਆਪਹੁਦਰੇ ਕੌਮੀ ਰਵਾਇਤਾ ਦੇ ਉਲਟ ਫੈਸਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾਂ ਨੂੰ ਢਾਅ ਲਗਾਉਣ ਦੇ ਦੁੱਖਦਾਇਕ ਅਮਲ ਹੋ ਰਹੇ ਹਨ। ਇਸ ਪਿੱਛੇ ਬੀਜੇਪੀ-ਆਰ.ਐਸ.ਐਸ ਦੀ ਸਿੱਖ ਕੌਮ ਵਿਰੋਧੀ ਨਫਰਤ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਂਕਿ ਇਹ ਹੁਕਮਰਾਨ ਸਿੱਖ ਕੌਮ ਵਿਚ ਭਰਾਮਾਰੂ ਜੰਗ ਨੂੰ ਪ੍ਰਫੁੱਲਿਤ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਸਾਡੀਆ ਸਿੱਖ ਸੰਸਥਾਵਾਂ ਦਾ ਜੋ ਆਜਾਦ ਫਿਜਾ ਹੈ ਉਸ ਨੂੰ ਤਹਿਸ ਨਹਿਸ ਕਰਨ ਦੇ ਸਾਜਸੀ ਅਮਲ ਕਰ ਰਹੇ ਹਨ ਜਿਸ ਵਿਚ ਉਹ ਕਤਈ ਕਾਮਯਾਬ ਨਹੀ ਹੋ ਸਕਣਗੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਸਮੇ ਤੋ ਸੈਟਰ ਦੀ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨਾਂ ਵੱਲੋ ਸਾਡੇ ਮਹਾਨ ਤਖ਼ਤ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡਾਂ ਵਿਚ ਆਪਣੀ ਅਜਾਰੇਦਾਰੀ ਨੂੰ ਕਾਇਮ ਕਰਨ ਦੇ ਕੀਤੇ ਜਾ ਰਹੇ ਸਿੱਖ ਵਿਰੋਧੀ ਅਮਲਾਂ ਉਤੇ ਅਤੇ ਜੋ ਹੁਣ ਪਟਨਾ ਸਾਹਿਬ ਦੇ 5 ਪਿਆਰਿਆ ਵੱਲੋ ਗੈਰ ਸਿਧਾਤਿਕ ਤਰੀਕੇ ਹੁਕਮਨਾਮੇ ਜਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾਂ ਨੂੰ ਢਾਅ ਲਗਾਈ ਜਾ ਰਹੀ ਹੈ ਉਸ ਪਿੱਛੇ ਵੀ ਅਜਿਹੇ ਫਿਰਕੂ ਦਿਮਾਗ ਹੋਣ ਦੀ ਗੱਲ ਕਰਦੇ ਹੋਏ ਇਸ ਅਮਲ ਨੂੰ ਅਤਿ ਦੁਖਦਾਇਕ ਅਤੇ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਵਾਲੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਸ. ਟਿਵਾਣਾ ਨੇ ਸਮੁੱਚੇ ਇੰਡੀਆ ਵਿਚ ਵਿਚਰਣ ਵਾਲੀਆ ਕੌਮੀ ਸਿੱਖ ਸਖਸ਼ੀਅਤਾਂ ਜਾਂ ਤਖਤ ਸਾਹਿਬਾਨਾਂ ਉਤੇ ਬਿਰਾਜਮਾਨ ਜਥੇਦਾਰ ਸਾਹਿਬਾਨ, ਪੰਜ ਪਿਆਰਿਆ ਅਤੇ ਸਿੱਖ ਕੌਮ ਨੂੰ ਸਰਕਾਰ ਦੇ ਅਜਿਹੇ ਹੱਥ ਕੰਡਿਆ ਦੇ ਜਾਲ ਵਿਚ ਨਾ ਫਸਣ ਦੀ ਸੰਜੀਦਾ ਅਪੀਲ ਕਰਦੇ ਹੋਏ ਅਤੇ ਆਪਣੀਆ ਆਤਮਾਵਾਂ ਨੂੰ ਕੌਮੀ ਕਟਹਿਰੇ ਵਿਚ ਦਾਗੀ ਹੋਣ ਤੋ ਦੂਰ ਰੱਖਣ ਦੀ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਦੀਆ ਤੋ ਸਿੱਖ ਕੌਮ ਤੇ ਹੋਣ ਵਾਲੇ ਵੱਡੇ ਫੈਸਲੇ ਅਤੇ ਹੁਕਮਨਾਮੇ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੀ ਕੀਤੇ ਜਾਂਦੇ ਆ ਰਹੇ ਹਨ । ਜਿਸਦਾ ਇਤਿਹਾਸ ਗਵਾਹ ਹੈ । ਲੇਕਿਨ ਜੋ ਹੁਣ ਤਖਤ ਸ੍ਰੀ ਪਟਨਾ ਸਾਹਿਬ ਦੇ 5 ਪਿਆਰਿਆ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੋਤੀ ਦਿੰਦੇ ਹੋਏ ਆਪਹੁਦਰੇ ਤੌਰ ਤੇ ਗੈਰ ਸਿਧਾਤਿਕ ਢੰਗ ਨਾਲ ਅਮਲ ਹੋ ਰਹੇ ਹਨ, ਇਹ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਤੇ ਸਰਬਉੱਚਤਾ ਨੂੰ ਘਟਾਉਣ ਹਿੱਤ ਹਕੂਮਤੀ ਸਰਪ੍ਰਸਤੀ ਤੋ ਬਿਨ੍ਹਾਂ ਨਹੀ ਹੋ ਸਕਦੇ ਅਤੇ ਅਜਿਹੇ ਗੈਰ ਸਿਧਾਤਿਕ ਫੈਸਲਿਆ ਨੂੰ ਕੌਮ ਨੇ ਨਾ ਕਦੇ ਪਹਿਲੇ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਪ੍ਰਵਾਨ ਕਰੇਗੀ ।
ਉਨ੍ਹਾਂ ਕਿਹਾ ਕਿ ਜੇਕਰ ਹੁਕਮਰਾਨ ਉਲਟੀ ਗੰਗਾ ਵਹਾਉਣ ਹਿੱਤ ਖਾਲਸਾ ਪੰਥ ਦੇ ਸਤਿਕਾਰ ਮਾਣ ਵਿਚ ਹੋ ਰਹੇ ਸੰਸਾਰਿਕ ਵਾਧੇ ਨੂੰ ਰੋਕਣ ਜਾਂ ਕੋਈ ਰੁਕਾਵਟ ਪਾਉਣ ਦੀ ਕੋਸਿਸ ਕਰ ਰਹੀ ਹੈ ਅਤੇ ਜੋ ਲੋਕ ਹੁਕਮਰਾਨਾਂ ਦੀਆਂ ਅਜਿਹੀਆ ਸਾਜਿਸਾਂ ਵਿਚ ਭਾਗੀ ਬਣਨਗੇ, ਇਹ ਉਨ੍ਹਾਂ ਦੀ ਜਿਥੇ ਬਜਰ ਗੁਸਤਾਖੀ ਹੋਵੇਗੀ, ਉਥੇ ਉਹ ਕੌਮ ਦੀ ਨਜਰ ਵਿਚ ਸਦਾ ਲਈ ਮਨਫੀ ਹੋ ਕੇ ਰਹਿ ਜਾਣਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਤ ਨੂੰ ਜਦੋ ਜਾਬਰ ਮੁਗਲ ਹਾਕਮ, ਅੰਗਰੇਜ ਹਾਕਮ ਜਾਂ ਹੋਰ ਬਾਹਰੀ ਤਾਕਤਾਂ ਅੱਜ ਤੱਕ ਕੋਈ ਨੁਕਸਾਨ ਹੀ ਨਹੀ ਪਹੁੰਚਾ ਸਕੀਆ ਤਾਂ ਇਨ੍ਹਾਂ ਲੋਕਾਂ ਨੂੰ ਵੀ ਮੂੰਹ ਦੀ ਖਾਂਣੀ ਪਵੇਗੀ ਅਤੇ ਮੀਰੀ ਪੀਰੀ ਦੇ ਸਿਧਾਂਤ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ, ਉਸਦੀਆਂ ਮਨੁੱਖਤਾ ਪੱਖੀ ਤੇ ਸਰਬੱਤ ਦੇ ਭਲੇ ਦੇ ਉਦਮਾਂ ਦੀ ਬਦੌਲਤ ਚੜਤ ਸੰਸਾਰ ਪੱਧਰ ਤੇ ਹਰ ਕੀਮਤ ਤੇ ਬਰਕਰਾਰ ਰਹੇਗੀ । ਉਨ੍ਹਾਂ ਸਮੁੱਚੀ ਸਿੱਖ ਕੌਮ ਅਤੇ ਸਖਸ਼ੀਅਤਾਂ ਨੂੰ ਅਜਿਹੇ ਗੰਭੀਰ ਸਮੇ ਹੋਰ ਵਧੇਰੇ ਸੰਜ਼ੀਦਾ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੋਈ ਵੀ ਅਜਿਹਾ ਅਮਲ ਨਾ ਕੀਤਾ ਜਾਵੇ ਜਿਸ ਨਾਲ ਸਾਡੀਆ ਸਿੱਖੀ ਸੰਸਥਾਵਾਂ ਦੇ ਸੰਸਾਰ ਪੱਧਰ ਦੇ ਬਣੇ ਸਤਿਕਾਰ ਮਾਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾਂ ਨੂੰ ਠੇਸ ਪਹੁੰਚੇ । ਕੋਈ ਵੀ ਸਖਸ਼ੀਅਤ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਕੌਮ ਵਿਰੋਧੀ ਹਕੂਮਤੀ ਤਿੱਖੇ ਕੁਹਾੜੇ ਦਾ ਦਸਤਾ ਬਣਨ ਦੀ ਗੁਸਤਾਖੀ ਨਾ ਕਰਨ । ਕਿਉਂਕਿ ਅੱਜ ਹੁਕਮਰਾਨ ਸਿੱਖ ਕੌਮ ਵਿਚ ਆਪਸੀ ਸਿੱਖ ਮੁਸਲਿਮ, ਸਿੱਖ ਹਿੰਦੂ ਨਫਰਤ ਵਧਾਉਣ ਅਤੇ ਪਾੜਾ ਪਾਉਣ ਦੀਆਂ ਸਾਜਿਸਾਂ ਤੇ ਅਮਲ ਕਰ ਰਹੀ ਹੈ । ਜਿਸ ਤੋ ਸਭ ਸਿੱਖ ਸਖਸੀਅਤਾਂ ਤੇ ਆਗੂਆਂ ਤੇ ਵੱਖ-ਵੱਖ ਕੌਮਾਂ, ਵਰਗਾਂ ਦੇ ਮੁੱਖੀਆਂ ਨੂੰ ਅਤਿ ਸੁਚੇਤ ਹੋ ਕੇ ਵਿਚਰਣਾ ਪਵੇਗਾ ਤਾਂ ਕਿ ਫਿਰਕੂ ਹੁਕਮਰਾਨ ਇਸ ਮੁਲਕ ਵਿਚ ਅਰਾਜਕਤਾ ਫੈਲਾਕੇ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਕਰਨ ਵਿਚ ਕਾਮਯਾਬ ਨਾ ਹੋ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਵਿਚਾਰਾਂ ਦੇ ਅਨੇਕਾ ਵਖਰੇਵੇ ਹੁੰਦੇ ਹੋਏ ਵੀ ਕੋਈ ਵੀ ਸਿੱਖ ਸਖਸੀਅਤ, ਆਗੂ ਅਜਿਹਾ ਕੋਈ ਅਮਲ ਨਹੀ ਕਰਨਗੇ ਜਿਸ ਨਾਲ ਵੱਡੀਆ ਕੁਰਬਾਨੀਆਂ, ਸ਼ਹਾਦਤਾਂ ਉਪਰੰਤ ਹੋਦ ਵਿਚ ਆਏ ਸ੍ਰੀ ਅਕਾਲ ਤਖਤ ਸਾਹਿਬ, ਮੀਰੀ ਪੀਰੀ ਦੇ ਸਿਧਾਤ ਅਤੇ ਦੂਸਰੇ ਤਖਤਾਂ ਦੇ ਮਾਣ ਮਰਿਯਾਦਾ ਨੂੰ ਠੇਸ ਪਹੁੰਚੇ ।