ਸ਼ਹਿਰ ਵਿੱਚ ਬਿਜਲੀ ਸਪਲਾਈ ਠੱਪ, ਰਾਤ ਭਰ ਹਨੇਰੇ ਵਿੱਚ ਡੁੱਬਿਆ ਰਿਹਾ ਮੋਰਿੰਡਾ 

Published on: May 25, 2025 5:12 pm

Punjab

ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਸ਼ਹਿਰ ਵਾਸੀ 

ਮੋਰਿੰਡਾ, 25 ਮਈ (ਭਟੋਆ) 

ਬੀਤੀ ਰਾਤ ਇਲਾਕੇ ਵਿੱਚ ਚੱਲੇ ਝੱਖੜ ਕਾਰਨ ਜਿੱਥੇ ਜਨਜੀਵਨ ਅਸਤ ਵਿਅਸਤ ਹੋ ਗਿਆ ਉੱਥੇ ਹੀ ਬਿਜਲੀ ਗੁੱਲ ਹੋ ਜਾਣ ਨਾਲ ਪੂਰਾ ਸ਼ਹਿਰ ਤੇ ਇਲਾਕਾ ਹਨੇਰੇ ਵਿੱਚ ਡੁੱਬਿਆ ਰਿਹਾ। ਸ਼ਹਿਰ ਦੇ ਕਈ ਹਿੱਸਿਆਂ ਵਿੱਚ 20 ਘੰਟੇ ਤੋਂ ਵੱਧ ਸਮੇਂ ਲਈ ਬਿਜਲੀ ਠੱਪ ਰਹੀ ਜਿਸ ਕਾਰਨ ਲੋਕਾਂ ਦੇ ਇਨਵਰਟਰ ਵੀ ਕੰਮ ਕਰਨਾ ਬੰਦ ਕਰ ਗਏ ਜਦਕਿ ਬਹੁਤ ਸਾਰੇ ਲੋਕਾਂ ਕੋਲ ਇਨਵਰਟਰ ਵੀ ਨਾ ਹੋਣ ਕਾਰਨ ਲੋਕ ਗਰਮੀ ਦੀ ਤਪਸ਼ ਵਿੱਚ ਭੁੱਜਦੇ ਰਹੇ। ਇਸ ਸਬੰਧੀ ਸਾਬਕਾ ਕੌਂਸਲਰ ਜਗਪਾਲ ਸਿੰਘ ਜੋਲੀ ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰਾ ਸੀਨੀਅਰ ਅਕਾਲੀ ਆਗੂ ਜਗਰਾਜ ਸਿੰਘ ਮਾਨਖੇੜੀ ਯੂਥ ਆਗੂ ਲੱਖੀ ਸ਼ਾਹ, ਰੋਹਿਤ ਗੁਪਤਾ, ਰਮੀਤ ਗੁਪਤਾ, ਡੇਅਰੀ ਅਤੇ ਦੁੱਧ ਯੂਨੀਅਨ ਦੇ ਆਗੂ ਤਜਿੰਦਰ ਕੁਮਾਰ ਬਿੱਟੂ ਗੁਪਤਾ, ਜਤਿੰਦਰ ਸਿੰਘ ਰੂਪਰਾਏ, ਨੰਬਰਦਾਰ ਰੁਪਿੰਦਰ ਸਿੰਘ ਭਿਚਰਾ, ਗੋਲਡੀ ਪੁਰੀ ਮਨਮੋਹਨ ਕੁਮਾਰ, ਬਿਕਰਮ ਬਹਾਦਰ, ਭਵਨੀਸ਼ ਧੀਮਾਨ, ਬਲਵੀਰ ਚੌਧਰੀ, ਦੀਪਕ ਛਾਵੜਾ ਦਲਜੀਤ ਸਿੰਘ ਭੰਗੂ, ਆਦਿ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਸ਼ਾਮ ਲਗਭਗ 6 ਵਜੇ ਤੋਂ ਬਿਜਲੀ ਸਪਲਾਈ ਪੂਰੇ ਸ਼ਹਿਰ ਅਤੇ ਇਲਾਕੇ ਵਿੱਚ ਠੱਪ ਹੋ ਕੇ ਰਹਿ ਗਈ ਅਤੇ ਰਾਤ ਭਰ ਲੋਕਾਂ ਨੂੰ ਬਿਜਲੀ ਨਾ ਹੋਣ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਕਤ ਆਗੂਆਂ ਅਤੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਅਤੇ ਗਰਮੀ ਪੂਰੇ ਜੋਬਨ ਤੇ ਹੋਣ ਕਾਰਨ ਲੋਕ ਘਰਾਂ ਵਿੱਚ ਦਾਣਿਆਂ ਦੀ ਤਰ੍ਹਾਂ ਭੁੱਜਦੇ ਰਹੇ। ਲੋਕਾਂ ਵੱਲੋਂ ਵਾਰ-ਵਾਰ ਬਿਜਲੀ ਵਿਭਾਗ ਕੋਲ ਸ਼ਿਕਾਇਤ ਕੀਤੀ ਜਾਂਦੀ ਰਹੀ ਪਰੰਤੂ ਕੋਈ ਅਸਰ ਨਹੀਂ ਹੋਇਆ। ਪਾਵਰ ਕੌਮ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਬਿਜਲੀ ਸਪਲਾਈ ਪਿੱਛੇ ਤੋਂ ਹੀ ਬੰਦ ਰਹੀ ਹੈ।ਲੰਮੇ  ਸਮੇ ਤੱਕ  ਬਿਜਲੀ ਨਾ ਆਉਣ ਕਾਰਨ  ਬੱਚਿਆਂ ਬਜ਼ੁਰਗਾਂ ਅਤੇ ਬਿਮਾਰਾਂ ਨੂੰ ਭਾਰੀ ਪਰੇਸ਼ਾਨੀ ਹੋਈ ਅਤੇ ਲੋਕਾਂ ਨੂੰ ਮੱਛਰਾਂ ਦੇ ਰਹਿਮੋ ਕਰਮ ਤੇ ਰਾਤ ਕੱਟਣੀ ਪਈ। ਬਿਜਲੀ ਨਾ ਹੋਣ ਕਾਰਨ ਅਤੇ ਗਰਮੀ ਦੇ ਝੰੰਡੇ  ਬਹੁਤ ਸਾਰੇ  ਸ਼ਹਿਰ ਵਾਸੀ ਔਰਤਾਂ ਅਤੇ ਬੱਚਿਆਂ ਨੂੰ ਲੈ ਕੇ ਰਾਤ ਸਮੇਂ ਸੜ੍ਹਕਾਂ ਤੇ ਘੁੰਮਦੇ ਦੇਖੇ ਗਏ। ਉੱਥੇ ਹੀ ਬਿਜਲੀ ਨਾ ਹੋਣ ਕਾਰਨ ਅਤੇ ਪਾਣੀ ਦੀ ਅਣਹੋਂਦ ਕਾਰਨ ਲੋਕਾਂ ਨੂੰ ਤੜਫ ਤੜਫ ਕੇ ਰਾਤ ਕੱਟਣੀ ਪਈ। ਜਦ ਕਿ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਬਿਜਲੀ 24 ਘੰਟੇ ਤੋਂ ਵੀ ਵੱਧ ਸਮੇਂ ਲਈ ਪ੍ਰਭਾਵਿਤ ਰਹੀ। ਜਿੱਥੇ ਲੋਕ ਬਿਜਲੀ ਵਿਭਾਗ ਨੂੰ ਕੋਸਦੇ ਨਜ਼ਰ ਆਏ ਉੱਥੇ ਹੀ ਸਰਕਾਰ ਪ੍ਰਤੀ ਵੀ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਨਜ਼ਰ ਆਇਆ।

ਉਧਰ ਜੇਈ ਪਾਰੁਲ  ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ‌ਬਿਜਲੀ ਬੋਰਡ ਵਿੱਚ ਮੁਲਾਜ਼ਮਾਂ ਦੀ ਘਾਟ ਕਾਰਨ ਵੀ ਬਿਜਲੀ ਸਪਲਾਈ ਚਾਲੂ ਕਰਨ ਵਿੱਚ ਵਿੱਚ ਅੜਚਨ ਪੈਦਾ ਹੋ ਰਹੀ। ਉਹਨਾਂ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਦੀ ਹੜਤਾਲ ਹੋਣ ਕਾਰਨ ਸਿਰਫ ਦੋ ਹੀ ਮੁਲਾਜ਼ਮਾਂ ਦੇ ਸਹਾਰੇ ਪੂਰੇ ਸ਼ਹਿਰ ਤੇ ਨੇੜਲੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਸ਼ਹਿਰ ਵਾਸੀਆਂ ਨੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਘੱਟੋ ਘੱਟ ਦੋ ਜੇਈ ਅਤੇ  20 ਬਿਜਲੀ ਮੁਲਾਜ਼ਮ ਤੈਨਾਤ ਕੀਤੇ ਜਾਣ ਤਾਂ  ਜੋ ਸਿਰਫ ਸ਼ਹਿਰ ਦੀਆਂ ਕੰਪਲੇਂਟਸ ਅਸਾਨੀ ਨਾਲ ਹੱਲ ਹੋ ਸਕਣ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਰਹੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।