ਫ਼ਰੀਦਕੋਟ, 26 ਮਈ , ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਜਿੱਥੇ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰ ਰਹੀ ਹੈ, ਉਥੇ ਹੀ ਨੌਜਵਾਨਾਂ ਦੀ ਖੇਡਾਂ ਵਿੱਚ ਰੁਚੀ ਵਧਾਉਣ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਨਹਿਰੂ ਸਟੇਡੀਅਮ ਵਿਖੇ ਬੈਡਮਿੰਟਨ ਕੋਰਟ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਸੰਧਵਾਂ ਨੇ ਦੱਸਿਆ ਕਿ ਇਹ ਬੈਡਮਿੰਟਨ ਕੋਰਟ ਇੰਟਰਨੈਸ਼ਨਲ ਸਟੈਂਡਰਡ ਕੋਰਟ ਦੇ ਮੁਕਾਬਲੇ ਦਾ ਬਣਾਇਆ ਗਿਆ ਹੈ। ਜਿਸ ਵਿੱਚ ਵਧੀਆ ਕੋਰਟ ਅਤੇ ਲਾਈਟਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਬੈਡਮਿੰਟਨ ਗਰਾਊਂਡ ਦੇ ਨਿਰਮਾਣ ਵਿੱਚ ਉਨ੍ਹਾਂ ਵੱਲੋਂ 5 ਲੱਖ ਰੁਪਏ ਦੀ ਰਾਸ਼ੀ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੀ ਗਈ ਸੀ ਅਤੇ ਬਾਕੀ ਦੀ ਰਹਿੰਦੀ ਰਾਸ਼ੀ ਕੋਚਾਂ ਵੱਲੋਂ ਪਾ ਕੇ ਇਸ ਨੂੰ ਇੰਟਰਨੈਸ਼ਨਲ ਮੁਕਾਬਲੇ ਦੇ ਕੋਰਟ ਬਣਾਉਣ ਵਿੱਚ ਆਪਣਾ ਯੋਗਦਾਨ ਦਿੱਤਾ ਗਿਆ ਹੈ। ਜੋ ਕਿ ਬਹੁਤ ਹੀ ਸਰਾਹਨਾਯੋਗ ਗੱਲ ਹੈ।
ਇਸ ਮੌਕੇ ਨੋਜਵਾਨਾਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕਰਦਿਆ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਖੇਡਾਂ ਨਾਲ ਸਾਡਾ ਸਰੀਰਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਵੀ ਜੁੜਨਾ ਚਾਹੀਦਾ ਹੈ। ਖੇਡਾਂ ਨਾਲ ਜੁੜ ਕੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇ ਸਕਦੇ ਹਨ।
ਇਸ ਮੌਕੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ, ਜਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ, ਸੁਖਵੰਤ ਸਿੰਘ ਪੱਕਾ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਪ੍ਰਧਾਨ ਗੁਰਵਿੰਦਰ ਸਿੰਘ, ਵਾਈਸ ਪ੍ਰਧਾਨ ਸ੍ਰੀ ਲਲਿਤ ਗੁਪਤਾ, ਮਨਜੀਤ ਸਿੰਘ ਚੇਅਰਮੈਨ, ਕਰਮਜੀਤ ਸਿੰਘ ਸੈਕਟਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਜਿਲ੍ਹਾ ਵਾਸੀ ਹਾਜ਼ਰ ਸਨ।