ਮੋਰਿੰਡਾ, 26 ਮਈ (ਭਟੋਆ)
ਮੋਰਿੰਡਾ ਪੁਲਿਸ ਨੇ ਮੋਰਿੰਡਾ ਕੁਰਾਲੀ ਰੋਡ ਤੋਂ ਪਿੰਡ ਰਣਜੀਤਪੁਰਾ ਦੇ ਫਲਾਈ ਓਵਰ ਦੇ ਨੇੜੇ ਤੋਂ ਇੱਕ ਵਿਅਕਤੀ ਨੂੰ 10 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਨਰਿੰਦਰ ਕੁਮਾਰ ਦੀ ਪੁਲਿਸ ਪਾਰਟੀ ਮੋਰਿੰਡਾ ਕੁਰਾਲੀ ਰੋਡ ‘ਤੇ ਗਸ਼ਤ ਕਰ ਰਹੀ ਸੀ ਅਤੇ ਪਿੰਡ ਰਣਜੀਤਪੁਰਾ ਦੇ ਫਲਾਈ ਓਵਰ ਨੇੜੇ ਮੌਜੂਦ ਸੀ। ਉਹਨਾਂ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਵਿਅਕਤੀ ਲਿਫਾਫਾ ਸੁੱਟ ਕੇ ਪਿੱਛੇ ਮੁੜਨ ਲੱਗਾ ਤਾਂ ਪੁਲਿਸ ਨੇ ਸ਼ੱਕ ਪੈਣ ‘ਤੇ ਉਸ ਵੱਲੋਂ ਸੁੱਟੇ ਗਏ ਲਿਫਾਫੇ ਦੀ ਜਾਂਚ ਕੀਤੀ ਤਾਂ ਲਿਫਾਫੇ ਵਿੱਚੋਂ 10 ਗ੍ਰਾਮ ਚਿੱਟਾ ਨਸ਼ੀਲਾ ਪਦਾਰਥ ਬਰਾਮਦ ਹੋਇਆ। ਏ ਐਸ ਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਪਕੜੇ ਗਏ ਵਿਅਕਤੀ ਦੀ ਪਹਿਚਾਣ ਭੁਪਿੰਦਰ ਸਿੰਘ ਉਰਫ ਟਿੰਡਾ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਬਡਵਾਲੀ ਵਜੋਂ ਹੋਈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਉਸ ਦੇ ਖਿਲਾਫ ਐਨਡੀਪੀਐਸ ਦੀਆਂ ਧਰਾਵਾਂ 22,61,85 ਤਹਿਤ ਮੁਕਦਮਾ ਨੰਬਰ 32 ਦਰਜ ਕਰਕੇ ਅਤੇ ਉਸਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।