ਨਵੀਂ ਦਿੱਲੀ, 29 ਮਈ, ਦੇਸ਼ ਕਲਿਕ ਬਿਊਰੋ :
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਯੂਪੀ ਐਸਟੀਐਫ ਦੀ ਨੋਇਡਾ ਯੂਨਿਟ ਦੀ ਸਾਂਝੀ ਟੀਮ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਨਵੀਨ ਕਸਾਨਾ (Naveen Kasana) ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ। ਬਦਮਾਸ਼ ਨੇ ਪਹਿਲਾਂ ਪੁਲਿਸ ਟੀਮ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।ਉਹ ਜਵਾਬੀ ਕਾਰਵਾਈ ਵਿੱਚ ਮਾਰਿਆ ਗਿਆ। ਉਸਦੇ ਕਬਜ਼ੇ ਵਿੱਚੋਂ ਇੱਕ ਬਾਈਕ ਅਤੇ ਇੱਕ ਆਟੋਮੈਟਿਕ ਪਿਸਤੌਲ ਬਰਾਮਦ ਕੀਤੀ ਗਈ ਹੈ। ਨਵੀਨ ਕਸਾਨਾ ਲੋਨੀ ਗਾਜ਼ੀਆਬਾਦ ਦਾ ਰਹਿਣ ਵਾਲਾ ਸੀ।
ਪੁਲਿਸ ਸੂਤਰਾਂ ਦਾ ਦਾਅਵਾ ਹੈ ਕਿ ਨਵੀਨ ਕਸਾਨਾ ਲਾਰੈਂਸ ਬਿਸ਼ਨੋਈ ਦਾ ਖਾਸ ਸਾਥੀ ਸੀ। ਉਸਨੇ ਗੈਂਗਸਟਰ ਹਾਸ਼ਿਮ ਬਾਬਾ ਨਾਲ ਮਿਲ ਕੇ ਕਈ ਅਪਰਾਧ ਕੀਤੇ ਸਨ। ਹਾਸ਼ਿਮ ਬਾਬਾ ਦਿੱਲੀ ਦਾ ਇੱਕ ਗੈਂਗਸਟਰ ਹੈ ਜੋ ਇਸ ਸਮੇਂ ਮੰਡੋਲੀ ਜੇਲ੍ਹ ਵਿੱਚ ਬੰਦ ਹੈ।
ਦਿੱਲੀ ਪੁਲਿਸ ਸ਼ਾਹਦਰਾ ਜ਼ਿਲ੍ਹੇ ਦੇ ਫਰਸ਼ ਬਾਜ਼ਾਰ ਖੇਤਰ ਵਿੱਚ ਇੱਕ ਭਾਂਡਿਆਂ ਦੇ ਵਪਾਰੀ ਦੇ ਕਤਲ ਅਤੇ ਮਕੋਕਾ ਸਮੇਤ ਕਈ ਹੋਰ ਮਾਮਲਿਆਂ ਦੇ ਸਬੰਧ ਵਿੱਚ Naveen Kasana ਦੀ ਭਾਲ ਕਰ ਰਹੀ ਸੀ। ਸਪੈਸ਼ਲ ਸੈੱਲ ਦੇ ਅਧਿਕਾਰੀ ਇਸ ਮਾਮਲੇ ‘ਤੇ ਫਿਲਹਾਲ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਦਿੱਲੀ ਅਤੇ ਯੂਪੀ ਵਿੱਚ ਨਵੀਨ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਅਗਵਾ, ਮਕੋਕਾ ਸਮੇਤ 20 ਤੋਂ ਵੱਧ ਮਾਮਲੇ ਦਰਜ ਹਨ।
