ਲੁਧਿਆਣਾ, 1 ਜੂਨ, ਦੇਸ਼ ਕਲਿਕ ਬਿਊਰੋ :
ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ (coronavirus) ਫਿਰ ਤੋਂ ਆਪਣੀ ਰਫ਼ਤਾਰ ਫੜ ਰਿਹਾ ਹੈ। ਖੰਨਾ ਦੇ ਰਹਿਣ ਵਾਲੇ ਤਿੰਨ ਸਾਲਾ ਬੱਚੇ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਨੇ ਬੱਚੇ ਨੂੰ ਹੋਮ ਆਇਸੋਲੇਸ਼ਨ ਵਿੱਚ ਰੱਖਣ ਦੀ ਸਲਾਹ ਦਿੱਤੀ ਹੈ। ਬੱਚੇ ਨੂੰ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਸੀ, ਜਿਸ ਕਾਰਨ 28 ਮਈ ਨੂੰ ਉਸ ਦੀ ਨਿੱਜੀ ਲੈਬ ’ਚ ਜਾਂਚ ਕਰਵਾਈ ਗਈ ਸੀ। 31 ਮਈ ਨੂੰ ਉਸ ਦੀ coronavirus ਰਿਪੋਰਟ ਪਾਜ਼ੇਟਿਵ ਆਈ।
ਸਿਹਤ ਵਿਭਾਗ ਦੀ ਜ਼ਿਲ੍ਹਾ ਐਪਿਡਿਮੋਲਾਜਿਸਟ ਡਾ. ਸ਼ੀਤਲ ਨਾਰੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੇ ਦੀ ਕਿਸੇ ਵੀ ਤਰ੍ਹਾਂ ਦੀ ਯਾਤਰਾ ਹਿਸਟਰੀ ਨਹੀਂ ਹੈ ਅਤੇ ਉਸ ਵਿੱਚ ਕੋਰੋਨਾ ਦੇ ਥੋੜ੍ਹੇ ਲੱਛਣ ਹੀ ਹਨ। ਉਨ੍ਹਾਂ ਕਿਹਾ ਕਿ ਬੱਚੇ ਨਾਲ ਸੰਪਰਕ ’ਚ ਆਏ ਪਰਿਵਾਰਕ ਮੈਂਬਰਾਂ ਅਤੇ ਹੋਰ ਵਿਅਕਤੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਸ਼ੁੱਕਰਵਾਰ ਨੂੰ ਅਰਬਨ ਖੇਤਰ ਦੇ ਇੱਕ 29 ਸਾਲਾ ਨੌਜਵਾਨ ਕਾਰੋਬਾਰੀ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜੋ ਮਾਲੇਰਕੋਟਲਾ ਵਿੱਚ ਕਾਰੋਬਾਰ ਕਰਦਾ ਹੈ। 28 ਮਈ ਤੋਂ ਲੈ ਕੇ ਹੁਣ ਤੱਕ ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਪੰਜ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ ਇਕ 39 ਸਾਲਾ ਕਰੋਨਾ ਮਰੀਜ਼, ਜੋ ਹੈਪੇਟਾਈਟਸ ਬੀ ਨਾਲ ਵੀ ਪੀੜਤ ਸੀ, ਦੀ ਮੌਤ ਹੋ ਚੁੱਕੀ ਹੈ।
