ਪਠਾਨਕੋਟ, 13 ਜੂਨ, ਦੇਸ਼ ਕਲਿਕ ਬਿਊਰੋ :
ਪਠਾਨਕੋਟ ਵਿਖੇ ਅੱਜ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਟਲ ਗਿਆ, ਜਦੋਂ ਏਅਰਫੋਰਸ ਦੇ ਅਪਾਚੇ ਹੈਲੀਕਾਪਟਰ ਨੂੰ ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡ ਕਰਨਾ ਪਿਆ। ਇਹ ਹੈਲੀਕਾਪਟਰ ਪਠਾਨਕੋਟ ਏਅਰਬੇਸ ਤੋਂ ਉਡਾਣ ਭਰ ਕੇ ਨਿਕਲਿਆ ਸੀ। ਜਦੋਂ ਇਹ ਹਲੇੜਾ ਪਿੰਡ ਦੇ ਨੇੜੇ ਪਹੁੰਚਿਆ ਤਾਂ ਤਕਨੀਕੀ ਖ਼ਰਾਬੀ ਆ ਗਈ।
ਹੈਲੀਕਾਪਟਰ ਦੇ ਪਾਇਲਟ ਨੇ ਸਾਵਧਾਨੀ ਦਿਖਾਉਂਦੇ ਹੋਏ ਲੰਬੀ ਉਡਾਣ ਜਾਰੀ ਰੱਖਣ ਦੀ ਥਾਂ ਉਸ ਨੂੰ ਨਜ਼ਦੀਕੀ ਖੇਤ ਵਿੱਚ ਸੁਰੱਖਿਅਤ ਤਰੀਕੇ ਨਾਲ ਉਤਾਰ ਲਿਆ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਦੇ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਹੈਲੀਕਾਪਟਰ ਖੇਤ ਵਿੱਚ ਉਤਰਿਆ, ਤਾਂ ਕੁਝ ਸਮੇਂ ਲਈ ਹੜਕੰਪ ਮਚ ਗਿਆ ਸੀ। ਹੈਲੀਕਾਪਟਰ ਵਿੱਚ ਸਵਾਰ ਸਾਰੇ ਸੁਰੱਖਿਅਤ ਹਨ। ਏਅਰਫੋਰਸ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਤਾਇਨਾਤ ਕਰ ਦਿੱਤੀ ਗਈ ਹੈ, ਜੋ ਤਕਨੀਕੀ ਖ਼ਰਾਬੀ ਦੇ ਕਾਰਣ ਦੀ ਜਾਂਚ ਕਰ ਰਹੀ ਹੈ।
