ਬਟਾਲਾ, 23 ਜੂਨ, ਦੇਸ਼ ਕਲਿਕ ਬਿਊਰੋ :
ਫਤਿਹਗੜ੍ਹ ਚੂੜੀਆਂ-ਡੇਰਾ ਬਾਬਾ ਨਾਨਕ ਹਾਈਵੇਅ ‘ਤੇ ਹੋਏ ਸੜਕ ਹਾਦਸੇ ਵਿੱਚ ਦੋ ਨਾਬਾਲਗਾਂ ਦੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਪਿੰਡ ਨਿਕੋਸਰਾ ਨੇੜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ 15 ਸਾਲਾ ਮਨਜੋਤ ਸਿੰਘ (ਪਿਤਾ ਰਣਜੀਤ ਸਿੰਘ) ਅਤੇ 14 ਸਾਲਾ ਸ਼ੁਭਦੀਪ ਸਿੰਘ (ਪਿਤਾ ਰਾਜਬੀਰ ਸਿੰਘ) ਵਜੋਂ ਹੋਈ ਹੈ, ਜੋ ਪਿੰਡ ਚੱਕ ਮਹਿਮਾ ਦੇ ਵਸਨੀਕ ਹਨ।
ਜਾਣਕਾਰੀ ਅਨੁਸਾਰ ਬੱਚਿਆਂ ਦੀ ਬਾਈਕ ਸੜਕ ਦੇ ਵਿਚਕਾਰ ਪਲਟੀ ਹੋਈ ਤੂੜੀ ਵਾਲੀ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
