ਸ਼ਿਮਲਾ, 1 ਜੁਲਾਈ, ਦੇਸ਼ ਕਲਿਕ ਬਿਊਰੋ :
ਹਿਮਾਚਲ ਵਿੱਚ ਦੇਰ ਰਾਤ 4 ਥਾਵਾਂ ‘ਤੇ ਬੱਦਲ ਫਟਣ (Cloud burst) ਦੀਆਂ ਘਟਨਾਵਾਂ ਵਾਪਰੀਆਂ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 13 ਤੋਂ ਵੱਧ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ। ਮੰਡੀ (mandi) ਜ਼ਿਲ੍ਹੇ ਦੇ ਕੁੱਟੀ ਬਾਈਪਾਸ, ਪੁਰਾਣਾ ਬੱਸ ਸਟੈਂਡ, ਥੁਨਾਗ ਅਤੇ ਗੋਹਰ ਵਿੱਚ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਗੋਹਰ ਵਿੱਚ 2 ਘਰਾਂ ਸਮੇਤ 9 ਲੋਕ ਵਹਿ ਗਏ। ਧਰਮਪੁਰ ਦੇ ਸਯਾਥੀ ਪਿੰਡ ਸਮੇਤ ਵੱਖ-ਵੱਖ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ 20 ਤੋਂ ਵੱਧ ਘਰ ਮਲਬੇ ਹੇਠ ਦੱਬ ਗਏ, ਕੁਝ ਅਚਾਨਕ ਹੜ੍ਹ ਵਿੱਚ ਵਹਿ ਗਏ। (Himachal Pradesh)
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਭਾਰੀ ਮੀਂਹ, 12 ਸਾਲ ਦਾ ਰਿਕਾਰਡ ਟੁੱਟਿਆ
ਸੁਕੇਤੀ ਖੱਡ ਅਤੇ ਹੋਰ ਨਾਲੇ ਵੀ ਭਰ ਗਏ ਹਨ। ਕਈ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ। ਕੁੱਕਲਾ ਵਿੱਚ ਕਈ ਘਰ ਅਤੇ ਮਾਤਾ ਕਸ਼ਮੀਰੀ ਮੰਦਰ ਵਹਿ ਗਏ। ਪ੍ਰਸ਼ਾਸਨ ਦੀਆਂ ਟੀਮਾਂ ਰਾਤ ਤੋਂ ਹੀ ਲੋਕਾਂ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ। ਮੀਂਹ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਮੰਡੀ, ਹਮੀਰਪੁਰ ਅਤੇ ਕਾਂਗੜਾ ਵਿੱਚ ਸਕੂਲਾਂ ਅਤੇ ਕਾਲਜਾਂ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਇਸ ਦੌਰਾਨ, ਮੌਸਮ ਵਿਭਾਗ ਨੇ ਬਿਲਾਸਪੁਰ, ਹਮੀਰਪੁਰ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ, ਸੋਲਨ, ਊਨਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ।