ਪਟਿਆਲਾ, 2 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪ੍ਰਾਈਵੇਟ ਬਿਲਡਰਾਂ ਵੱਲੋਂ ਬਣਾਈਆਂ ਕਲੋਨੀਆਂ ’ਚ ਬੁਨਿਆਦੀ ਢਾਂਚੇ ਦੀਆਂ ਘਾਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਬਿਲਡਰਾਂ ਖ਼ਿਲਾਫ਼ ਕਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। (against builders) ਉਹ ਅੱਜ ਅਰਬਨ ਅਸਟੇਟ ਸਮੇਤ ਕੋਹਿਨੂਰ ਇਨਕਲੇਵ, ਓਮੈਕਸ ਸਿਟੀ, ਫਰੈਂਡਜ਼ ਕਲੋਨੀ ਤੇ ਜ਼ੈਲਦਾਰ ਕਲੋਨੀਆਂ ਦੀਆਂ ਰੈਜ਼ੀਡੈਂਸ਼ੀਅਲ ਵੈੱਲਫੇਅਰ ਸੁਸਾਇਟੀਜ਼ ਨਾਲ ਪੀ.ਡੀ.ਏ. ਦਫ਼ਤਰ ਪਟਿਆਲਾ ਵਿਖੇ ਮੀਟਿੰਗ ਕਰ ਰਹੇ ਸਨ। (Cabinet Minister)
ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਪੀ.ਡੀ.ਏ. ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਥਾਨਕ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਯਕੀਨੀ ਬਣਾਇਆ ਜਾਵੇ ਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਅਣਗਹਿਲੀ ਲਈ ਸਬੰਧਤ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਹੋਵੇਗੀ। ਇਸ ਮੌਕੇ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਕੌਂਸਲਰ ਜਸਬੀਰ ਗਾਂਧੀ ਸਮੇਤ ਪੀ.ਡੀ.ਏ. ਦੀਆਂ ਵੱਖ ਵੱਖ ਸ਼ਾਖਾਵਾਂ ਦੇ ਮੁਖੀ ਮੌਜੂਦ ਸਨ।
ਡਾ. ਬਲਬੀਰ ਸਿੰਘ ਨੇ ਰੈਜ਼ੀਡੈਂਸ਼ੀਅਲ ਵੈੱਲਫੇਅਰ ਸੁਸਾਇਟੀਜ਼ ਵੱਲੋਂ ਰੱਖੇ ਗਏ ਮਸਲਿਆਂ ‘ਤੇ ਅਧਿਕਾਰੀਆਂ ਨਾਲ ਮੈਰਾਥਨ ਮੀਟਿੰਗ ਕਰਦਿਆਂ ਹਰੇਕ ਮਸਲੇ ‘ਤੇ ਵਿਚਾਰ ਚਰਚਾ ਕਰਦਿਆਂ ਕੰਮਾਂ ਨੂੰ ਕਰਵਾਉਣ ਦਾ ਸਮਾਂ ਨਿਸ਼ਚਿਤ ਕੀਤਾ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਲਏ ਗਏ ਫ਼ੈਸਲਿਆਂ ਦੀ ਇੰਨ ਬਿੰਨ ਪਾਲਣਾ ਸਮੇਤ ਕੰਮ ਨੂੰ ਸਮਾਂਬੱਧ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੰਮ ਵਿੱਚ ਬੇਲੋੜੀ ਦੇਰੀ ਲਈ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਉਨ੍ਹਾਂ ਕੋਹਿਨੂਰ ਇਨਕਲੇਵ ਵਾਸੀਆਂ ਵੱਲੋਂ ਬਿਲਡਰ ਵੱਲੋਂ ਬੁਨਿਆਦੀ ਸਹੂਲਤਾਂ ਨਾਹ ਦੇਣ ਦਾ ਗੰਭੀਰ ਨੋਟਿਸ ਲੈਂਦਿਆਂ ਬਿਲਡਰ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਓਮੈਕਸ ਸਿਟੀ ਦੀਆਂ ਸਮੱਸਿਆਵਾਂ ਇਕ ਹਫ਼ਤੇ ’ਚ ਹੱਲ ਕਰਨ ਲਈ ਪੀ.ਡੀ.ਏ. ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ।
ਸਿਹਤ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਅਰਬਨ ਅਸਟੇਟ ਦੇ ਵੱਖ-ਵੱਖ ਪਾਰਕਾਂ ਦੀ ਤੁਰੰਤ ਸਫ਼ਾਈ ਕਰਵਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਬਰਸਾਤਾਂ ਦੇ ਮੌਸਮ ਵਿੱਚ ਪਾਣੀ ਖੜ੍ਹਨ ਨਾਲ ਡੇਂਗੂ, ਮਲੇਰੀਆਂ ਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਇਸ ਲਈ ਪਾਰਕਾਂ ਦੀ ਸਫ਼ਾਈ ਹੋਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਰਹਿਣ ਲਈ ਬਿਹਤਰ ਬੁਨਿਆਦੀ ਢਾਂਚਾ ਪ੍ਰਦਾਨ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਸਮਝਣ ਲਈ ਫ਼ੀਲਡ ਦੇ ਦੌਰੇ ਕਰਨ ਤਾਂ ਕਿ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਹ ਖ਼ੁਦ ਵੀ ਚੱਲ ਰਹੇ ਵਿਕਾਸ ਕਾਰਜਾਂ ਦਾ ਅਚਨਚੇਤ ਨਿਰੀਖਣ ਕਰਨਗੇ।
ਮੀਟਿੰਗ ਦੌਰਾਨ ਪੁੱਡਾ ਅਧਿਕਾਰੀਆਂ ਵੱਲੋਂ ਵਿਕਾਸ ਕਾਰਜਾਂ ਸਬੰਧੀ ਤਾਜ਼ਾ ਰਿਪੋਰਟ ਪੇਸ਼ ਕੀਤੀ ਗਈ ਅਤੇ ਭਰੋਸਾ ਦਿੱਤਾ ਗਿਆ ਕਿ ਲੰਬਿਤ ਕੰਮਾਂ ਨੂੰ ਤੁਰੰਤ ਨਿਪਟਾਇਆ ਜਾਵੇਗਾ। ਸਿਹਤ ਮੰਤਰੀ ਨੇ ਹੁਕਮ ਦਿੱਤੇ ਕਿ ਬੁਨਿਆਦੀ ਢਾਂਚੇ ਦੇ ਕਾਰਜਾਂ ਨੂੰ ਨਿਸ਼ਚਿਤ ਸਮੇਂ ਵਿੱਚ ਪੂਰਾ ਕਰਨ ਲਈ ਸਮਾਂਬੱਧ ਐਕਸ਼ਨ ਲਿਆ ਜਾਵੇ।
ਫੋਟੋ ਕੈਪਸ਼ਨ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਰਬਨ ਅਸਟੇਟ ਦੀਆਂ ਸਮੱਸਿਆਵਾਂ ਸਬੰਧੀ ਪੁੱਡਾ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦੇ ਹੋਏ।
