‘ਸੁਰੱਖਿਅਤ ਭੋਜਨ ਸਿਹਤਮੰਦ ਪੰਜਾਬ’ ਤਹਿਤ ਫੂਡ ਵਿਕਰੇਤਾਵਾਂ ਲਈ ਜਾਗਰੂਕਤਾ ਕੈਂਪ ਆਯੋਜਿਤ

ਸਿਹਤ

ਖ਼ੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ ਆਫ ਇੰਡੀਆ (FSSAI) ਦੇ ਮਾਰਕੇ ਤੋਂ ਬਿਨ੍ਹਾਂ ਖਾਣ ਪੀਣ ਦੀਆਂ ਵਸਤਾਂ ਨਾ ਵੇਚਣ ਦੀ ਸਲਾਹ

ਮਾਨਸਾ,  03 ਜੁਲਾਈ: ਦੇਸ਼ ਕਲਿੱਕ ਬਿਓਰੋ
‘Safe Food Healthy Punjab’: ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਆਈ.ਏ.ਐਸ. ਦੇ ਆਦੇਸ਼ਾਂ ‘ਤੇ ਮਾਨਸਾ ਸ਼ਹਿਰ ਵਿਖੇ ਵੱਖ ਵੱਖ ਥਾਵਾਂ ‘ਤੇ ਹਰ ਤਰ੍ਹਾਂ ਦੇ ਫੂਡ ਵਿਕਰੇਤਾ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ |
ਇਸ ਮੌਕੇ ਸਿਵਲ ਸਰਜਨ-ਕਮ-ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਖ਼ੁਰਾਕ ਸੁਰੱਖਿਆ ਤੇ ਮਿਆਰ ਐਕਟ 2006 ਦੇ ਤਹਿਤ ਹਰ ਫੂਡ ਵਿਕਰੇਤਾ ਜਿਵੇਂ ਕਿ ਕਰਿਆਨਾ ਵਾਲੇ, ਦੋਧੀ, ਹਲਵਾਈ, ਡੇਅਰੀ ਮਾਲਕ, ਰੇੜ੍ਹੀ ਵਾਲਿਆਂ ਨੂੰ ਰਜਿਸਟਰੇਸ਼ਨ ਲਾਇਸੰਸ ਲੈਣਾ ਅਤਿ ਜ਼ਰੂਰੀ ਹੈ |
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜੋ ਵੀ ਫੂਡ ਵਿਕਰੇਤਾ ਜਾਂ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਦਾ ਹੈ/ਵੇਚਦਾ ਹੈ, ਜਿੰਨ੍ਹਾਂ ਦੀ ਸਾਲਾਨਾ ਟਰਨਓਵਰ 12 ਲੱਖ ਤੋਂ ਘੱਟ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਅਤੇ ਜਿੰਨ੍ਹਾਂ ਦੀ ਟਰਨਓਵਰ 12 ਲੱਖ ਤੋਂ ਵੱਧ ਹੈ ਉਨ੍ਹਾਂ ਦਾ ਲਾਇਸੰਸ ਲੈਣਾ ਜ਼ਰੂਰੀ ਹੈ, ਜੋ ਕਿ ਆਨਲਾਈਨ ਪੋਰਟਲ foscos.fssai.gov.in ‘ਤੇ ਅਪਲਾਈ ਕੀਤਾ ਜਾ ਸਕਦਾ ਹੈ |
ਉਨ੍ਹਾਂ ਦੱਸਿਆ ਕਿ ਬਿਨ੍ਹਾਂ ਲਾਇਸੰਸ/ਰਜਿਸਟਰੇਸ਼ਨ ਤੋਂ ਕੰਮ ਕਰਨ ‘ਤੇ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ | ਉਨ੍ਹਾਂ ਜ਼ਿਲ੍ਹੇ ਭਰ ਦੇ ਹਰ ਤਰ੍ਹਾਂ ਦੇ ਫੂਡ ਵਿਕਰੇਤਾ ਨੂੰ ਹਦਾਇਤ ਕੀਤੀ ਹੈ ਕਿ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਸਰੀਰਿਕ ਤੋਰ ‘ਤੇ ਫਿਟ ਸਰਟੀਫਿਕੇਟ ਸਿਹਤ ਵਿਭਾਗ ਤੋਂ ਪ੍ਰਾਪਤ ਕਰਨ | ਜਿੱਥੇ ਕਿਤੇ ਵੀ ਸਰਕਾਰੀ ਮੈਸ, ਕੰਟੀਨ, ਹੋਸਟਲ ਅਤੇ ਮਿਡ ਡੇਅ ਮੀਲ ਬਣਦਾ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਤੇ ਲਾਇਸੰਸ ਬਣਾਉਣ ਲਈ ਸਾਫ ਸਫ਼ਾਈ ਯਕੀਨੀ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਫੂਡ ਵਿਕਰੇਤਾ ਸਿਹਤ ਵਿਭਾਗ ਵੱਲੋਂ ਦਰਸਾਏ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਬਰਸਾਤ ਦੇ ਮੌਸਮ ਵਿੱਚ ਖਾਣ ਪੀਣ ‘ਚ ਸਾਵਧਾਨੀਆਂ ਵਰਤਣੀਆਂ ਲਾਜ਼ਮੀ ਹਨ, ਸੋ ਹਰ ਪੈਕਿੰਗ ਵਾਲੀਆਂ ਵਸਤਾਂ ਹੀ ਖਰੀਦਣ ਨੂੰ  ਤਰਜੀਹ ਦਿੱਤੀ ਜਾਵੇ ਅਤੇ ਉਸ ‘ਤੇ ਫੂਡ ਸੇਫਟੀ ਐਕਟ ਦੀ ਪਾਲਣਾ ਅਤੇ ਐਕਸਪਾਇਰੀ ਦੀ ਮਿਤੀ ਵੇਖਣੀ ਯਕੀਨੀ ਬਣਾਈ ਜਾਵੇ |
ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਬੱਚੇ ਨੂੰ ਕਿਸੇ ਵੀ ਵੇਲੇ ਪੇਟ ਵਿੱਚ ਦਰਦ, ਉਲਟੀਆਂ, ਦਸਤ ਜਾਂ ਕੋਈ ਹੋਰ ਨਿਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਫਸਟ ਏਡ ਦਵਾਈ ਦਿੱਤੀ ਜਾਵੇ ਜਾਂ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਤਰੁੰਤ ਇਲਾਜ਼ ਕਰਵਾਇਆ ਜਾਵੇ |
ਇਸ ਮੌਕੇ 25 ਦੇ ਕਰੀਬ ਫੂਡ ਵਿਕਰੇਤਾਵਾਂ ਦੀ ਰਜਿਸਟਰੇਸ਼ਨ ਅਤੇ ਲਾਇਸੰਸ ਲਈ ਆਨਲਾਈਨ ਅਪਲਾਈ ਵੀ ਕਰਵਾਇਆ ਗਿਆ |
      ਇਸ ਮੌਕੇ ਅਮਰਿੰਦਰ ਸਿੰਘ ਫੂਡ ਸੇਫਟੀ ਅਫ਼ਸਰ ਨੇ ਕਿਹਾ ਕਿ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਦੀ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਸਤੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ | ਉਨ੍ਹਾਂ ਖਾਣ ਪੀਣ ਦਾ ਵਪਾਰ ਕਰਨ ਵਾਲੇ  ਵਿਕਰੇਤਾਵਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਸ਼ੁੱਧ ਅਤੇ ਸਾਫ ਸੁਥਰੀਆਂ ਵਸਤੂਆਂ ਹੀ ਵੇਚਣ ਅਤੇ ਸਫਾਈ ਦਾ ਖਾਸ ਖਿਆਲ ਰੱਖਣ |
ਇਸ ਮੌਕੇ ਲਕਸ਼ਵੀਰ ਸਿੰਘ ਫੂਡ ਕਲਰਕ, ਮਠਿਆਈ ਯੂਨੀਅਨ ਦੇ ਪ੍ਰਧਾਨ ਸ਼ਾਮ ਲਾਲ, ਦੋਧੀ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ, ਨਿੱਕੀ ਚਾਟ ਭੰਡਾਰ ਦੇ ਮਾਲਕ ਤੋਂ ਇਲਾਵਾ ਡਾਇਰੀ ਯੂਨੀਅਨ ਦੇ ਨੁਮਾਇੰਦੇ, ਮਠਿਆਈ ਵਿਕਰੇਤਾ, ਹਲਵਾਈ, ਕਰਿਆਨਾ ਵਪਾਰੀ, ਡੇਅਰੀ ਮਾਲਕ, ਬੇਕਰੀ ਮਾਲਕ ਤੋਂ ਇਲਾਵਾ ਆਮ ਲੋਕ ਹਾਜ਼ਰ ਸਨ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।