ਅਹਿਮਦਗੜ੍ਹ/ਮਾਲੇਰਕੋਟਲਾ 03 ਜੁਲਾਈ
ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਗਗਨਅਜੀਤ ਸਿੰਘ ਦੇ ਦਿਸ਼ਾ ਨਿਰਦੇਸਾਂ ਤਹਿਤ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮਾਲੇਰਕੋਟਲਾ ਸਤਪਾਲ ਸ਼ਰਮਾ, ਕਪਤਾਨ ਪੁਲਿਸ ਸਬ ਡਵੀਜਨ ਅਹਿਮਦਗੜ੍ਹ ਰਾਜਨ ਸਰਮਾ ਦੀ ਨਿਗਰਾਨੀ ਤਹਿਤ ਐਸ.ਆਈ ਮੁੱਖ ਅਫਸਰ ਥਾਣਾ ਸਦਰ ਅਹਿਮਦਗੜ ਦਰਸਨ ਸਿੰਘ ਵੱਲੋਂ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਦੇ ਹੋਏ ਕਾਤਲ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਵਰਨਣਯੋਗ ਹੈ ਕਿ ਮੁਕੱਦਮਾ ਨੰਬਰ 89 ਮਿਤੀ 01.07.25 ਅ/ਧ 103,238 BNS ਥਾਣਾ ਸਦਰ ਅਹਿਮਦਗੜ ਬਰਬਿਆਨ ਬਸੀਰ ਖਾਨ ਪੁੱਤਰ ਸਿਵਰਾਤੀ ਖਾਨ ਵਾਸੀ ਦਹਿਲੀਜ ਕਲਾਂ ਬਰਖਿਲਾਫ ਅਬਦੁੱਲ ਗੁਫਾਰ ਉਰਫ ਨਿੰਮ ਪੁੱਤਰ ਲਾਲਦੀਨ ਵਾਸੀ ਦਹਿਲੀਜ ਕਲਾਂ ਜਿਲ੍ਹਾ ਮਾਲੇਰਕੋਟਲਾ ਦੇ ਦਰਜ ਰਜਿਸਟਰ ਕੀਤਾ ਗਿਆ ਕਿ “ਬਸੀਰ ਖਾਨ ਦੀ ਪਤਨੀ ਸਕੀਨਾ ਬੇਗਮ ਉਮਰ 42 ਸਾਲ ਜੋ ਕਿ ਅਹਿਮਦਗੜ ਵਿਖੇ ਝਾੜੂ ਪੋਚੇ ਲਗਾਉਣ ਦਾ ਕੰਮਕਾਰ ਕਰਦੀ ਸੀ ਅਤੇ ਪਿੰਡ ਦੇ ਹੀ ਅਕਸਰ ਅਬਦੁੱਲ ਗੁਫਾਰ ਉਰਫ ਨਿੰਮ ਨਾਲ ਉਸਦੀ ਮਹਿੰਦਰਾ ਪਿੱਕ ਅੱਪ ਗੱਡੀ ਵਿਚ ਬੈਠ ਕੇ ਅਹਿਮਦਗੜ੍ਹ ਨੂੰ ਆਉਂਦੀ ਜਾਂਦੀ ਸੀ।
ਮਿਤੀ 29 ਜੂਨ 2025 ਨੂੰ ਬਸੀਰ ਖਾਨ ਦੀ ਲੜਕੀ ਨੇ ਉਸਨੂੰ ਦੱਸਿਆ ਕਿ “ਦੋਸ਼ੀ ਅਬਦੁਲ ਗਫਾਰ ਉਰਫ ਨਿੰਮ ਉਸਦੀ ਮਾਤਾ ਸਕੀਨਾ ਬੇਗਮ ਨੂੰ ਆਪਣੇ ਮੋਟਰਸਾਇਕਲ ਤੇ ਲੈ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਦੋਸ਼ੀ ਅਬਦੁਲ ਗਫਾਰ ਨੇ ਫੋਨ ਕਰਕੇ ਕਿਹਾ ਕਿ “ਤੇਰੀ ਅੰਮੀ ਬਿਮਾਰ ਹੈ, ਤੂੰ ਤਿਆਰ ਹੋ ਜਾ, ਆਪਾਂ ਤੇਰੀ ਅੰਮੀ ਨੂੰ ਦਵਾਈ ਦਵਾਉਣ ਜਾਣਾ ਹੈ” ਜਿਸ ਤੇ ਦੋਸ਼ੀ ਅਬਦੁਲ ਗਫਾਰ ਉਰਫ ਨਿੰਮ ਲੜਕੀ ਨੂੰ ਨਾਲ ਲੈ ਗਿਆ, ਪ੍ਰੰਤੂ ਕਿਤੇ ਵੀ ਸਕੀਨਾ ਬੇਗਮ ਦਾ ਪਤਾ ਨਾ ਲੱਗਣ ਕਰਕੇ ਦੋਸ਼ੀ ਅਬਦੁਲ ਗਫਾਰ ਉਰਫ ਨਿੰਮ ਨੇ ਲੜਕੀ ਨੂੰ ਪਿੰਡ ਦਹਿਲੀਜ਼ ਕਲਾਂ ਵਾਪਸ ਭੇਜ ਦਿੱਤਾ।
ਅਗਲੇ ਦਿਨ ਮੁੱਦਈ ਬਸੀਰ ਖਾਨ ਨੂੰ ਇੰਟਰਨੈਟ ਰਾਹੀਂ ਉਸਦੀ ਪਤਨੀ ਸ਼ਕੀਨਾ ਬੇਗਮ ਦੀ ਮੌਤ ਹੋਣ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਮੁੱਦਈ ਬਸੀਰ ਖਾਨ ਦੇ ਬਿਆਨ ਪਰ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਤਫਤੀਸ਼ ਦੋਸ਼ੀ ਅਬਦੁਲ ਗਫਾਰ ਨੂੰ ਮਿਤੀ 03 ਜੁਲਾਈ 2025 ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ਦੇਸ਼ੀ ਅਬਦੁਲ ਗਫਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ “ਉਸਦੀ ਸਕੀਨਾ ਬੇਗਮ ਨਾਲ ਦੋਸਤੀ ਸੀ, ਪ੍ਰੰਤੂ ਹੁਣ ਉਸਨੂੰ ਸ਼ੱਕ ਸੀ ਕਿ ਸਕੀਨਾ ਬੇਗਮ ਕਿਸੇ ਹੋਰ ਨਾਲ ਵੀ ਗੱਲਬਾਤ ਕਰਦੀ ਹੈ। ਜਦੋਂ ਉਸਨੇ ਸਕੀਨਾ ਬੇਗਮ ਨੂੰ ਇਸ ਬਾਰੇ ਪੁੱਛਿਆ ਤਾਂ ਸਕੀਨਾ ਬੇਗਮ ਨੇ ਕਿਹਾ ਕਿ ਉਸਨੂੰ ਤਾਂ ਉਸਦੇ ਰਿਸ਼ਤੇਦਾਰ ਵੀ ਫੋਨ ਕਰਦੇ ਹਨ ਅਤੇ ਹੋਰ ਵੀ ਫੋਨ ਕਰਦੇ ਹਨ। ਜੋ ਸਕੀਨਾ ਬੇਗਮ ਦੀਆਂ ਗੱਲਾਂ ਤੋਂ ਗੁੱਸੇ ਵਿਚ ਆ ਕੇ ਦੋਸ਼ੀ ਅਬਦੁਲ ਗਫਾਰ ਉਰਫ ਨਿੰਮ ਨੇ ਸਕੀਨਾ ਬੇਗਮ ਦੇ ਸਿਰ ਵਿਚ ਰਾਡ ਮਾਰ ਕੇ ਉਸਦਾ ਕਤਲ ਕਰ ਦਿੱਤਾ” ਦੋਸ਼ੀ ਪਾਸੋਂ ਰਾਡ ਬ੍ਰਾਮਦ ਕਰਾਉਣੀ ਬਾਕੀ ਹੈ। ਜਿਸ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ।
ਗ੍ਰਿਫਤਾਰ ਕੀਤੇ ਦੋਸ਼ੀ ਦਾ ਨਾਮ, ਪਤਾ:- ਅਬਦੁੱਲ ਗੁਫਾਰ ਉਰਫ ਨਿੰਮ ਪੁੱਤਰ ਲਾਲਦੀਨ ਵਾਸੀ ਦਹਿਲੀਜ ਕਲਾਂ ਥਾਣਾਸਦਰ ਅਹਿਮਦਗੜ੍ਹ ਜਿਲ੍ਹਾ ਮਾਲੇਰਕੋਟਲਾ