ਅੰਮ੍ਰਿਤਸਰ: 3 ਜੁਲਾਈ, ਦੇਸ਼ ਕਲਿੱਕ ਬਿਓਰੋ
ਅੱਜ ਸ਼ਾਮ ਅੰਮ੍ਰਿਤਸਰ ਵਿੱਚ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਬੱਚੇ ਸਮੇਤ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਤਰਨਤਾਰਨ ਰੋਡ ‘ਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਨੇੜੇ ਵਾਪਰਿਆ, ਜਿਸ ਵਿੱਚ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਇੱਕ ਆਟੋ ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ਦੇ ਨਤੀਜੇ ਵਜੋਂ ਆਟੋ ਵਿੱਚ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਿਸ ਵਿੱਚ ਇੱਕ ਨਾਬਾਲਿਗ ਬੱਚਾ ਵੀ ਸ਼ਾਮਲ ਹੈ। ਮੌਕੇ ‘ਤੇ ਹਾਜ਼ਰ ਲੋਕਾਂ ਦੇ ਅਨੁਸਾਰ ਇਹ ਲੋਕ ਸੁਰ ਸਿੰਘ ਪੰਡੋਰੀ ਪਿੰਡ ਤੋਂ ਕਿਸੇ ਸਮਾਗਮ ਤੋਂ ਵਾਪਸ ਆ ਰਹੇ ਸਨ। ਜਦੋਂ ਉਹ ਤਰਨਤਾਰਨ ਰੋਡ ‘ਤੇ ਪਹੁੰਚੇ ਤਾਂ ਸਾਹਮਣੇ ਤੋਂ ਗਲਤ ਸਾਈਡ ‘ਤੇ ਆ ਰਹੀ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਉਨ੍ਹਾਂ ਦੀ ਆਟੋ ਨੂੰ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਚਕਨਾਚੂਰ ਹੋ ਗਏ। ਲੋਕਾਂ ਨੇ ਦਾਅਵਾ ਕੀਤਾ ਕਿ ਸਵਿਫਟ ਚਲਾ ਰਿਹਾ ਨੌਜਵਾਨ ਸ਼ਰਾਬ ਦੇ ਨਸ਼ੇ ‘ਚ ਸੀ। ਹਾਦਸੇ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਹਾਦਸੇ ਤੋਂ ਲਗਭਗ 2 ਘੰਟਿਆਂ ਤੱਕ ਕੋਈ ਐਂਬੂਲੈਂਸ ਮੌਕੇ ‘ਤੇ ਨਹੀਂ ਪਹੁੰਚੀ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਲੋਕਾਂ ਨੇ ਜ਼ਖ਼ਮੀ ਅਤੇ ਮ੍ਰਿਤਕਾਂ ਨੂੰ ਆਟੋ ਰਾਹੀਂ ਹੀ ਤਰਨਤਾਰਨ ਹਸਪਤਾਲ ਪਹੁੰਚਾਇਆ।
