ਸ਼ਿਮਲਾ, 4 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਵਿਚ ਪੈ ਰਹੀ ਗਰਮੀ ਤੋਂ ਬਚਣ ਲਈ ਅਤੇ ਪਹਾੜੀ ਨਜ਼ਾਰੇ ਵੇਖਣ ਲਈ ਲੋਕ ਹਿਮਾਚਲ ਪ੍ਰਦੇਸ਼ (Himachal Pradesh) ਲਈ ਜਾ ਰਹੇ ਹਨ, ਉਨ੍ਹਾਂ ਲਈ ਇਹ ਜ਼ਰੂਰੀ ਖ਼ਬਰ ਹੈ। IMD ਨੇ ਮੌਸਮ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਕਈ ਜ਼ਿਲ੍ਹਿਆਂ ਲਈ ਔਰੈਂਜ ਅਲਰਟ (Orange Alert) ਜਾਰੀ ਕੀਤਾ ਹੈ, ਜਿਸ ਵਿੱਚ 7 ਜੁਲਾਈ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ।
ਆਈਐਮਡੀ ਨੇ 5 ਜੁਲਾਈ ਨੂੰ ਸ਼ਿਮਲਾ, ਸੋਲਨ ਅਤੇ ਸਿਰਮੌਰ ਲਈ ਅਤੇ 6 ਜੁਲਾਈ ਨੂੰ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਚੰਬਾ ਅਤੇ ਮੰਡੀ ਲਈ ਔਰੈਂਜ ਅਲਰਟ ਜਾਰੀ ਕੀਤਾ ਹੈ। ਜੋ ਭਾਰੀ ਮੀਂਹ ਅਤੇ ਸੰਭਾਵਿਤ ਹੜ੍ਹ ਦੇ ਉਚ ਜੋਖਿਮ ਦੇ ਸੰਕੇਤ ਦਿੰਦੇ ਹਨ। ਸੂਬੇ ਦੇ ਹੋਰ ਹਿੱਸਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਵੱਖ ਵੱਖ ਥਾਵਾਂ ਉਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਜਿਸ ਨਾਲ ਅਚਾਨਕ ਹੜ੍ਹ, ਪਹਾੜ ਖਿਸਕਣ ਅਤੇ ਸੜਕ ਜਾਮ ਹੋਣ ਦਾ ਖਤਰਾ ਵਧ ਸਕਦਾ ਹੈ, ਖਾਸ ਕਰਕੇ ਪਹਿਲਾਂ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ।
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਕਈ ਥਾਵਾਂ ਉਤੇ ਹੜ੍ਹ ਆ ਗਏ ਅਤੇ ਪਹਾੜ ਖਿਸ਼ਕਣ ਕਾਰਨ ਹੁਣ ਤੱਕ 37 ਤੋਂ ਵੱਧ ਦੀ ਮੌਤ ਹੋ ਚੁੱਕੀ ਹੈ ਅਤੇ 40 ਲੋਕ ਲਾਪਤਾ ਹਨ। ਖਾਸ ਤੌਰ ਉਤੇ ਸਭ ਤੋਂ ਵੱਧ ਮੰਡੀ ਜ਼ਿਲ੍ਹਾ ਪ੍ਰਭਾਵਿਤ ਹੈ।