ਭਾਜਪਾ ਆਗੂ ਤਰੁਣ ਚੁੱਘ ਵੱਲੋਂ ਆਮ ਆਦਮੀ ਪਾਰਟੀ ਉਤੇ ਹਮਲਾ

ਪੰਜਾਬ

ਚੰਡੀਗੜ੍ਹ, 5 ਜੁਲਾਈ 2025, ਦੇਸ਼ ਕਲਿੱਕ ਬਿਓਰੋ :
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਭਗਵੰਤ ਮਾਨ ਸਰਕਾਰ ਵੱਲੋਂ ਲਾਗੂ ਕੀਤੀ ਗਈ ਗੈਰ-ਸੰਵੈਧਾਨਿਕ ਲੈਂਡ ਪੁਲਿੰਗ ਨੀਤੀ ’ਤੇ ਗੰਭੀਰ ਇਤਰਾਜ਼ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਨੀਤੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਦੀ ਲੁੱਟ ਵਾਸਤੇ ਇੱਕ ਗਿਣੀ ਮਿਥੀ-ਸਾਜ਼ਿਸ਼ ਹੈ।

ਤਰੁਣ ਚੁੱਘ ਨੇ ਕਿਹਾ, “ਕੇਜਰੀਵਾਲ ਨੇ ਪੰਜਾਬ ਦੀ ਲੋਕਤਾਂਤਰਿਕ ਤਰੀਕੇ ਨਾਲ ਚੁਣੀ ਸਰਕਾਰ ਨੂੰ ਹਾਈਜੈਕ ਕਰ ਲਿਆ ਹੈ ਅਤੇ ਭਗਵੰਤ ਮਾਨ ਸਰਕਾਰ ਨੂੰ ਇਕ ਕਠਪੁਤਲੀ ਵਾਂਗ ਚਲਾ ਰਹੇ ਹਨ। ਇਹ ਸਾਰਾ ਖੇਡ ਜ਼ਮੀਨ ਮਾਫੀਆ ਅਤੇ ਆਪਣੇ ਨੇੜਲੇ ਲੋਕਾਂ ਨੂੰ ਨਾਜਾਇਜ਼ ਲਾਭ ਪਹੁੰਚਾਉਣ ਵਾਸਤੇ ਖੇਡਿਆ ਜਾ ਰਿਹਾ ਹੈ।”

ਉਨ੍ਹਾਂ ਕਿਹਾ ਕਿ ਲੈਂਡ ਪੁਲਿੰਗ ਬਿੱਲ ਨਾ ਸਿਰਫ਼ ਗੈਰ-ਸੰਵੈਧਾਨਕ ਹੈ, ਸਗੋਂ ਇਸ ਵਿੱਚ ਕੋਈ ਪਾਰਦਰਸ਼ੀਤਾ ਜਾਂ ਠੋਸ ਰੋਡਮੈਪ ਨਹੀਂ ਦਿੱਤਾ ਗਿਆ। ਇਹ ਸਿੱਧਾ-ਸਿੱਧਾ ਸਬੂਤ ਹੈ ਕਿ ਇਹ ਯੋਜਨਾ ਕਿਸਾਨਾਂ ਦੀ ਉੱਪਜਾਊ ਜ਼ਮੀਨ ਹੜਪਣ ਲਈ ਬਣਾਈ ਗਈ ਸਾਜ਼ਿਸ਼ ਹੈ।

ਚੁੱਘ ਤੇ ਜਾਖੜ ਨੇ ਕਿਹਾ, “ਇਹ ਤਾਨਾਸ਼ਾਹੀ ਦੀ ਹੱਦ ਹੈ। ਭਾਜਪਾ ਇਸ ਜ਼ੁਲਮ ਖ਼ਿਲਾਫ਼ ਕਾਨੂੰਨੀ, ਰਾਜਨੀਤਿਕ ਅਤੇ ਜਨਤਕ ਪੱਧਰ ’ਤੇ ਹਰ ਢੰਗ ਨਾਲ ਲੜੇਗੀ। ਅਸੀਂ ਇਸ ਬਿੱਲ ਨੂੰ ਅਦਾਲਤ ਵਿੱਚ ਚੁਣੌਤੀ ਦੇਵਾਂਗੇ, ਹਰ ਪਿੰਡ, ਹਰ ਜ਼ਿਲ੍ਹੇ ’ਚ ਜਾ ਕੇ ਲੋਕਾਂ ਨੂੰ ਸੱਚ ਦੱਸਾਂਗੇ। ਜੇ ਲੋੜ ਪਈ ਤਾਂ ਭੁੱਖ ਹੜਤਾਲ ਵੀ ਕਰਾਂਗੇ, ਪਰ ਕਿਸਾਨਾਂ ਦੀ ਇਕ ਇੰਚ ਵੀ ਜ਼ਮੀਨ ਲੁੱਟਣ ਨਹੀਂ ਦੇਵਾਂਗੇ।”

ਆਮ ਆਦਮੀ ਪਾਰਟੀ ਵੱਲੋਂ “400 ਸਾਲਾਂ ਦੀ ਯੋਜਨਾ” ਦੇ ਦਾਅਵੇ ’ਤੇ ਤਿੱਖੀ ਟਿੱਪਣੀ ਕਰਦਿਆਂ ਚੁੱਘ ਨੇ ਕਿਹਾ,
“ਜੋ ਸਰਕਾਰ ਸਿਰਫ਼ 3.5 ਸਾਲਾਂ ’ਚ ਹੀ ਪੰਜਾਬ ਨੂੰ ਆਰਥਿਕ ਤੌਰ ’ਤੇ ਕੰਗਾਲੀ ਦੇ ਕਿਨਾਰੇ ਲੈ ਆਈ, ਉਹ ਹੁਣ 400 ਸਾਲ ਦੀ ਗੱਲ ਕਰ ਰਹੀ ਹੈ। ਇਹ ਨਿਰਾ ਅਹੰਕਾਰ ਹੈ। ਇਨ੍ਹਾਂ ਦੀ ਵਿੱਤ ਮਿਸਮੈਨਜਮੈਂਟ ਕਾਰਨ ਪੰਜਾਬ ਆਰਥਿਕ ਇੰਡੈਕਸ ’ਚ ਸਭ ਤੋਂ ਹੇਠਾਂ ਪਹੁੰਚ ਗਿਆ ਹੈ। ਹੁਣ ਇਹ ਉੱਪਜਾਊ ਜ਼ਮੀਨਾਂ ਨੂੰ ਮਾਫੀਆ ਦੇ ਹਵਾਲੇ ਕਰਨ ਦੀ ਤਿਆਰੀ ਕਰ ਰਹੇ ਹਨ। ਇਹ ਪੰਜਾਬ ਦੀ 3 ਕਰੋੜ ਜਨਤਾ ਨਾਲ ਵੱਡਾ ਧੋਖਾ ਹੈ।”

ਕਾਂਗਰਸ ਦੀ ਚੁੱਪੀ ’ਤੇ ਪ੍ਰਸ਼ਨ ਚੁੱਕਦਿਆਂ ਚੁੱਘ ਨੇ ਆਰੋਪ ਲਗਾਇਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਅੰਦਰੂਨੀ ਮਿਲੀਭੁਗਤ ਚੱਲ ਰਹੀ ਹੈ। ਉਨ੍ਹਾਂ ਕਿਹਾ, “ਆਫ਼ਤ ਤੇ ਕਾਪਤ — ਦੋਵੇਂ ਮਿਲ ਕੇ ਪੰਜਾਬ ਨੂੰ ਲੁੱਟਣ ਲਈ ਅਘੋਸ਼ਿਤ ਗੱਠਜੋੜ ਕਰ ਚੁੱਕੇ ਹਨ।”

ਚੁੱਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਮਾਨਯੋਗ ਰਾਜਪਾਲ ਵੱਲੋਂ ਇਹ ਭਰੋਸਾ ਮਿਲਿਆ ਹੈ ਕਿ ਪੰਜਾਬ ਵਿੱਚ ਕੋਈ ਵੀ ਗੈਰ-ਸੰਵੈਧਾਨਕ ਜਾਂ ਅਨਿਆਂਪੂਰਨ ਕਦਮ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਸ ਮੌਕੇ ਤੇ ਭਾਜਪਾ ਪੰਜਾਬ ਦੇ ਕਈ ਸੀਨੀਅਰ ਨੇਤਾ
ਡਾ. ਸੁਭਾਸ਼ ਸ਼ਰਮਾ (ਪ੍ਰਦੇਸ਼ ਮੀਤਪ੍ਰਧਾਨ, ਸ੍ਰੀ ਸੁਰਜੀਤ ਜਿਆਣੀ (ਸਾਬਕਾ ਮੰਤਰੀ) ਬਿਕਰਮ ਸਿੰਘ ਸਿੱਧੂ ਸ੍ਰੀ ਗੁਰਦੇਵ ਸ਼ਰਮਾ ਦੇਵੀ , ਰਜਨੀਸ਼ ਧੀਮਾਨ, ਸ੍ਰੀ ਹਰੀਸ਼ ਟੰਡਨ, ਸ੍ਰੀ ਗੁਰਿੰਦਰ ਸੰਧੂ, ਅਤੇ ਲੁਧਿਆਣਾ ਜ਼ਿਲ੍ਹੇ ਤੋਂ ਲੈਂਡ ਪੁਲਿੰਗ ਨਾਲ ਪ੍ਰਭਾਵਿਤ ਕਿਸਾਨ ਆਦਿ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।