ਸਮੇਂ ਸਿਰ ਤਨਖਾਹ ਨਾ ਮਿਲਣ ਨੂੰ ਲੈ ਕੇ ਅਧਿਆਪਕਾਂ ‘ਚ ਭਾਰੀ ਰੋਸ

ਪੰਜਾਬ

ਹੁਸ਼ਿਆਰਪੁਰ, 6 ਜੁਲਾਈ, ਦੇਸ਼ ਕਲਿੱਕ ਬਿਓਰੋ :

ਜੂਨ ਮਹੀਨੇ ਦੀ ਅਜੇ ਤੱਕ ਤਨਖਾਹ ਨਾ ਮਿਲਣ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 7 ਜੁਲਾਈ ਤੱਕ ਤਨਖਾਹ ਨਾ ਆਉਣ ਕਾਰਨ ਕਈ ਜ਼ਿਲ੍ਹਿਆਂ ਵਿੱਚ ਅਧਿਆਪਕ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ। ਗੌਰਮਿੰਟ ਟੀਚਰ ਯੂਨੀਅਨ ਬਲਾਕ ਕੋਟ ਫਤੂਹੀ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਜਨਰਲ ਸਕੱਤਰ ਉਂਕਾਰ ਸਿੰਘ ਦੀ ਅਗਵਾਈ ਵਿਚ ਈਸਪੁਰ ਵਿਖੇ ਹੋਈ। ਆਗੂਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੀ ਹੈ ਅਤੇ ਦੂਜੇ ਪਾਸੇ ਅਧਿਆਪਕ ਤਨਖਾਹ ਨੂੰ ਤਰਸ ਰਹੇ ਹਨ।ਜਿੱਥੇ ਅਧਿਆਪਕ ਜੂਨ ਮਹੀਨੇ ਤਨਖਾਹ ਨੂੰ ਤਰਸ ਰਹੇ ਹਨ ਉੱਥੇ 5994 ਅਧਿਆਪਕ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਹਨ। ਇਹ ਅਧਿਆਪਕ ਆਪਣੇ ਘਰਾਂ ਤੋਂ 200 ਕਿਲੋਮੀਟਰ ਦੂਰ ਸਕੂਲਾਂ ਵਿਚ ਪੜ੍ਹਾ ਰਹੇ ਹਨ। ਆਗੂਆਂ ਨੇ ਕਿਹਾ ਕਿ ਅਧਿਆਪਕਾਂ ਅੰਦਰ ਤਨਖਾਹ ਨਾ ਮਿਲਣ ਕਰਕੇ ਭਾਰੀ ਰੋਸ ਹੈ।

ਆਗੂਆਂ ਵਲੋਂ ਮੰਗ ਕੀਤੀ ਗਈ ਕਿ ਵਿਭਾਗ ਇਨ੍ਹਾਂ ਅਧਿਆਪਕਾਂ ਨੂੰ ਵੀ ਤਨਖ਼ਾਹ ਦੇਣ ਸੰਬੰਧੀ ਕਾਗਜ਼ੀ ਕਾਰਵਾਈ ਕਰਕੇ ਇਨ੍ਹਾਂ ਨੂੰ ਹੋ ਰਹੀ ਆਰਥਿਕ ਤੰਗੀ ਅਤੇ ਮਾਨਸਿਕ ਪ੍ਰੇਸ਼ਾਨੀ ਤੋਂ ਰਾਹਤ ਦੇਵੇ ਅਤੇ ਬਾਕੀ ਅਧਿਆਪਕਾਂ ਦੀ ਤਨਖਾਹ ਉੱਪਰ ਲਗਾਈ ਜ਼ੁਬਾਨੀ ਰੋਕ ਹਟਾਏ।ਇਸ ਮੌਕੇ ਜਸਵਿੰਦਰ ਸਿੰਘ, ਪਰਮਜੀਤ ਕਾਤਿਬ, ਹਰਮਨੋਜ ਕੁਮਾਰ, ਸਰਬਜੀਤ ਸਿੰਘ, ਗੁਰਮੁੱਖ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਪਵਨ ਸਿੰਘ, ਪਰਮਿੰਦਰਜੀਤ ਸਿੰਘ, ਕਮਲਜੀਤ ਸਿੰਘ, ਮਲਕੀਤ ਸਿੰਘ, ਅਜੇ ਕੁਮਾਰ, ਸਗਲੀ ਰਾਮ, ਕਰਮਵੀਰ ਸਿੰਘ, ਸੁਲੱਖਣ ਸਿੰਘ, ਪ੍ਰਸ਼ੋਤਮ ਸਿੰਘ ਆਦਿ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।