ਸ੍ਰੀ ਮੁਕਤਸਰ ਸਾਹਿਬ, 08 ਜੁਲਾਈ, ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੰਗਲੇ ਪੰਜਾਬ ਬਣਾਉਣ ਦੇ ਉਦੇਸ਼ ਦੀ ਪੂਰਤੀ ਲਈ ਸੂਬੇ ਅੰਦਰ ਸੀ.ਐਮ. ਦੀ ਯੋਗਸ਼ਾਲਾ ਚਲਾਈ ਜਾ ਰਹੀ ਹੈ| ਪਿੰਡਾਂ ਦੀਆਂ ਪੰਚਾਇਤਾਂ ਅਤੇ ਸੀ.ਐਮ. ਦੀ ਯੋਗਸ਼ਾਲਾ ਦੀਆਂ ਟੀਮਾਂ ਵੱਲੋਂ ਇਸ ਪ੍ਰੋਜੈਕਟ ਨੂੰ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈ|
ਇਸੇ ਲੜੀ ਤਹਿਤ ਅੱਜ ਪਿੰਡ ਉਦੇਕਰਨ ਦੀ ਪੰਚਾਇਤ ਵੱਲੋਂ ਸੀ.ਐਮ ਦੀ ਯੋਗਸ਼ਾਲਾ ‘ਚ ਯੋਗਾ ਕਰਨ ਵਾਲਿਆਂ ਨੂੰ ਯੋਗਾ ਮੈਟ ਮੁਹਈਆ ਕਰਵਾਏ ਗਏ ਤਾਂ ਜੋ ਉਹ ਹੋਰ ਬਿਹਤਰ ਤਰੀਕੇ ਨਾਲ ਯੋਗਾ ਨੂੰ ਕਰ ਸਕਣ ਤੇ ਤੰਦਰੁਸਤ ਬਣ ਸਕਣ| ਇਸ ਮੌਕੇ ਪਿੰਡ ਦੇ ਸਰਪੰਚ ਸੁਖਚਰਨ ਸਿੰਘ ਨਿੱਕਾ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਯੋਗਾ ਪ੍ਰਤੀ ਦਿਲਚਸਪੀ ਨੂੰ ਵੇਖਦੇ ਹੋਏ ਇਹ ਉਪਰਾਲਾ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਯੋਗਾ ਦਾ ਵੱਧ ਤੋਂ ਵੱਧ ਲਾਭ ਉਠਾਓ, ਰੋਗ ਭਜਾਉ ਤੇ ਤੰਦਰੁਸਤੀ ਪਾਓ ਤਹਿਤ ਯੋਗ ਸ਼ਾਲਾ ਚਲਾਈ ਜਾ ਰਹੀ ਹੈ|
ਸੀ.ਐਮ. ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਅਜ਼ਾਦ ਸਿੰਘ ਨੇ ਦੱਸਿਆ ਕਿ ਯੋਗਾ ਨਾ ਸਿਰਫ਼ ਅੰਦਰੂਨੀ ਅਤੇ ਬਾਹਰੀ ਸੁੰਦਰਤਾ ਨੂੰ ਵਧਾਉਂਦਾ ਹੈ, ਸਗੋਂ ਇਹ ਸਰੀਰ ਦੀ ਜੀਵਨਸ਼ਕਤੀ, ਮਾਸਪੇਸ਼ੀਆਂ ਅਤੇ ਅੰਦਰੂਨੀ ਅੰਗਾਂ ਦੇ ਕੰਮਕਾਜ ਨੂੰ ਵੀ ਵਧਾਉਂਦਾ ਹੈ। ਸੂਰਜ ਨਮਸਕਾਰ, ਪ੍ਰਾਣਾਯਾਮ, ਕਪਾਲਭਾਤੀ ਆਦਿ ਵਰਗੇ ਨਿਯਮਤ ਯੋਗਾ ਅਭਿਆਸ ਕਰਨ ਨਾਲ, ਇੱਕ ਵਿਅਕਤੀ ਆਪਣੀ ਜਵਾਨੀ ਅਤੇ ਆਕਰਸ਼ਕਤਾ ਨੂੰ ਜੀਵਨ ਭਰ ਬਣਾਈ ਰੱਖ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਸੀ.ਐਮ. ਦੀ ਯੋਗਸ਼ਾਲਾ’ ਸਕੀਮ ਸੇਵਾ ਪੂਰੀ ਤਰ੍ਹਾਂ ਮੁਫ਼ਤ ਹੈ। ਇਸਦਾ ਉਦੇਸ਼ ਯੋਗਾ ਰਾਹੀਂ ਪੰਜਾਬ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਮੁਕਤ ਕਰਨਾ ਅਤੇ ਇਸਨੂੰ ਆਮ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਹੈ।
ਜੇਕਰ ਕੋਈ ਵਿਅਕਤੀ ਆਪਣੇ ਇਲਾਕੇ ਵਿੱਚ ਯੋਗਾ ਕਲਾਸਾਂ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ ਸਰਕਾਰੀ ਹੈਲਪਲਾਈਨ 76694-00500 ‘ਤੇ ਸੰਪਰਕ ਕਰ ਸਕਦਾ ਹੈ। ਇਸ ਸਹੂਲਤ ਦਾ ਲਾਭ ਸਿਰਫ਼ 25 ਲੋਕਾਂ ਦਾ ਸਮੂਹ ਬਣਾ ਕੇ ਲਿਆ ਜਾ ਸਕਦਾ ਹੈ। ਯੋਗ ਰਾਹੀਂ ਸਿਹਤਮੰਦ ਅਤੇ ਸੰਤੁਲਿਤ ਜੀਵਨ ਵੱਲ ਚੁੱਕਿਆ ਗਿਆ ਇਹ ਕਦਮ ਪੰਜਾਬ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਰਿਹਾ ਹੈ।
ਇਸ ਮੌਕੇ ਯੋਗਾ ਕਰਨ ਵਾਲੇ ਪਿੰਡ ਵਾਲੀਆਂ ਨੇ ਯੋਗਾ ਮੈਟ ਦੇਣ ਤੇ ਪੂਰੀ ਪੰਚਾਇਤ ਦਾ ਧੰਨਵਾਦ ਕੀਤਾ ਕਿ ਹੁਣ ਉਹ ਹੋਰ ਸੁਖਾਵੇਂ ਢੰਗ ਨਾਲ ਯੋਗਾ ਕਰ ਸਕਣਗੇ ਤੇ ਰੋਗਾਂ ਤੋਂ ਛੁਟਕਾਰਾ ਪਾ ਸਕਣਗੇ| ਇਸ ਦੇ ਨਾਲ ਨਾਲ ਉਹ ਯੋਗਾ ਟੀਚਰ ਪਵਨਦੀਪ ਕੌਰ ਦਾ ਵੀ ਧੰਨਵਾਦ ਕਰਦੇ ਹਨ ਜਿਨਾਂ ਦੀ ਬਦੌਲਤ ਉਹ ਵੱਖ-ਵੱਖ ਤਰ੍ਹਾਂ ਦੇ ਯੋਗ ਅਭਿਆਸ ਸਿੱਖ ਰਹੇ ਹਨ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਕੌਰ ਰਿਟਾ. ਪ੍ਰਿੰਸੀਪਲ, ਕਿਰਨਜੀਤ ਕੌਰ, ਜਸਪ੍ਰੀਤ ਕੌਰ ਮੈਂਬਰ ਪੰਚਾਇਤ, ਸਰਬਜੀਤ ਕੌਰ ਮੈਂਬਰ ਪੰਚਾਇਤ, ਕੁਲਬੀਰ ਕੌਰ ਆਂਗਣਵਾੜੀ ਵਰਕਰ, ਕਰਮਜੀਤ ਕੌਰ, ਰੇਖਾ ਰਾਣੀ, ਗੁਰਤੇਜ ਸਿੰਘ ਮੈਂਬਰ ਪੰਚਾਇਤ, ਗੁਰਮੀਤ ਸਿੰਘ, ਨਿਰਮਲ ਸਿੰਘ, ਚਰਨਜੀਤ ਕੌਰ, ਸੀਤਲ ਰਾਣੀ, ਲਾਭ ਸਿੰਘ ਮੈਂਬਰ ਪੰਚਾਇਤ, ਵੀਰਪਾਲ ਕੌਰ ਮੈਂਬਰ ਪੰਚਾਇਤ, ਅਮਨਦੀਪ ਕੌਰ, ਸੁਖਜਿੰਦਰ ਕੌਰ, ਜਸਪ੍ਰੀਤ ਕੌਰ ਮੈਂਬਰ ਪੰਚਾਇਤ ਵੀ ਹਾਜ਼ਰ ਸਨ।