ਸ਼ਹਿਰ ਵਿਖੇ 240 ਕਰੋੜ ਰੁਪਏ ਦੇ 23 ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨਾਲ ਆਵੇਗੀ ਮਹੱਤਵਪੂਰਨ ਤਬਦੀਲੀ
ਚੰਡੀਗੜ੍ਹ, 8 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੀ ਮਾਨ ਸਰਕਾਰ ਦੇ ਯਤਨਾਂ ਨਾਲ ਸੁਲਤਾਨਪੁਰ ਲੋਧੀ ਸ਼ਹਿਰ ਦੀ ਨੁਹਾਰ ਬਦਲ ਜਾਵੇਗੀ ਅਤੇ ਸ਼ਹਿਰ ਵਿਖੇ ਅਤੀ ਆਧੁਨਿਕ ਸਹੂਲਤਾਂ ਉਪਲੱਬਧ ਹੋਣਗੀਆਂ। ਇਹ ਐਲਾਨ ਕਰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ 240 ਕਰੋੜ ਰੁਪਏ ਦੇ 23 ਪ੍ਰਾਜੈਕਟ ਸ਼ਹਿਰ ਦੇ ਜੀਵਨ ਪੱਧਰ ਨੂੰ ਮਹੱਤਵਪੂਰਨ ਢੰਗ ਨਾਲ ਵਧਾਉਣਗੇ, ਸ਼ਹਿਰੀ ਚੁਣੌਤੀਆਂ ਨੂੰ ਹੱਲ ਕਰਨਗੇ ਅਤੇ ਇੱਕ ਚੰਗੇਰੇ ਭਵਿੱਖ ਲਈ ਰਾਹ ਪੱਧਰਾ ਕਰਨਗੇ।
ਅੱਜ ਇੱਥੇ ਸਕੱਤਰੇਤ ਵਿਖੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਜਾਇਜ਼ਾ ਮੀਟਿੰਗ ਦੌਰਾਨ ਡਾ. ਰਵਜੋਤ ਸਿੰਘ ਨੇ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਇਹ ਪ੍ਰਾਜੈਕਟ ਮੁਕੰਮਲ ਹੋ ਨਾਲ ਸੁਲਤਾਨਪੁਰ ਲੋਧੀ ਦੀ ਨੁਹਾਰ ਬਦਲ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸੁਲਤਾਨਪੁਰ ਲੋਧੀ ਨੂੰ ਇੱਕ ਆਧੁਨਿਕ, ਕੁਸ਼ਲ ਅਤੇ ਰਹਿਣ ਯੋਗ ਸ਼ਹਿਰ ਵਿੱਚ ਬਦਲ ਦੇਵੇਗਾ, ਜਿਸ ਨਾਲ ਸਾਡੇ ਨਾਗਰਿਕਾਂ ਨੂੰ ਲਾਭ ਹੋਵੇਗਾ ਅਤੇ ਤਰੱਕੀ ਹੋਵੇਗੀ।
ਸੁਲਤਾਨਪੁਰ ਲੋਧੀ ਦੇ ਬੁਨਿਆਦੀ ਢਾਂਚੇ ਵਿੱਚ ਕ੍ਰਾਂਤੀ ਲਿਆਉਣ ਦਾ ਐਲਾਨ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ 29.57 ਕਰੋੜ ਰੁਪਏ ਦੇ 6 ਪ੍ਰਾਜੈਕਟ, ਜਿਨ੍ਹਾਂ ਵਿੱਚ ਪਾਣੀ ਦੀ ਸਪਲਾਈ ਅਤੇ ਸੀਵਰੇਜ, ਜੱਬੋਵਾਲ ਵਿਖੇ 4 ਐਮ.ਐਲ.ਡੀ. ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ.), ਬਿਜਲੀ ਬਚਾਉਣ ਲਈ ਸਰਕਾਰੀ ਇਮਾਰਤ ਉੱਤੇ ਸੋਲਰ ਪਾਵਰ ਪਲਾਂਟ, ਸਿੱਖਿਆ ਪ੍ਰਣਾਲੀ ਨੂੰ ਵਧਾਉਣ ਲਈ ਸਮਾਰਟ ਪ੍ਰਾਇਮਰੀ ਸਕੂਲ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, 106.71 ਕਰੋੜ ਰੁਪਏ ਦੇ 12 ਪ੍ਰਾਜੈਕਟ ਲਾਗੂ ਕੀਤੇ ਜਾ ਰਹੇ ਹਨ।
ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਅਤੇ ਸੀਵਰੇਜ ਨਾਲ 100 ਫੀਸਦੀ ਕਵਰੇਜ, ਅਰਬਨ ਅਸਟੇਟ ਵਿਖੇ 1 ਐਮ.ਐਲ.ਡੀ. ਐਸ.ਟੀ.ਪੀ., ਸਮਾਰਟ ਲੜਕੇ ਅਤੇ ਲੜਕੀਆਂ ਦਾ ਸਕੂਲ, ਕਿਲਾ ਸਰਾਏ ਦੀ ਸੰਭਾਲ, ਡਡਵਿੰਡੀ ਤੋਂ ਸੁਲਤਾਨਪੁਰ ਲੋਧੀ (6 ਕਿਲੋਮੀਟਰ) ਅਤੇ ਕਪੂਰਥਲਾ-ਸੁਲਤਾਨਪੁਰ ਲੋਧੀ ਤੋਂ ਫੱਤੂ ਢੀਂਗਾ ਸੜਕ (17.40 ਕਿਲੋਮੀਟਰ) ਤੱਕ ਸਮਾਰਟ ਸੜਕ ਨੂੰ ਚਾਰ ਮਾਰਗੀ ਕਰਨ ਦੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੁਚਾਰੂ ਸੰਪਰਕ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਆਵਾਜਾਈ ਪ੍ਰਣਾਲੀ ਵਿੱਚ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ, ਜੱਬੋਵਾਲ ਅਤੇ ਬੱਸ ਸਟੈਂਡ ਵਿਖੇ 4 ਐਮ.ਐਲ.ਡੀ. ਐਸ.ਟੀ.ਪੀ `ਤੇ ਛੱਤ ਵਾਲੇ ਸੋਲਰ ਪਲਾਂਟ, 2 ਓ.ਐਚ.ਐਸ.ਆਰ, ਆਦਿ ਸਥਾਪਿਤ ਕੀਤੇ ਜਾ ਰਹੇ ਹਨ।
ਸਥਾਨਕ ਸਰਕਾਰਾਂ ਮੰਤਰੀ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ 78.43 ਕਰੋੜ ਰੁਪਏ ਦੇ 5 ਪ੍ਰਾਜੈਕਟ, ਜਿਨ੍ਹਾਂ ਵਿੱਚ ਕਾਲੀ ਵੇਈਂ ਦਾ ਚੈਨਲਾਈਜ਼ੇਸ਼ਨ ਅਤੇ ਜਨਤਕ ਥਾਵਾਂ ਬਣਾਉਣਾ, ਸੜਕਾਂ ਦੀ ਬਹਾਲੀ, ਮਲਟੀਪਰਪਜ਼ ਏਕੀਕ੍ਰਿਤ ਖੇਡ ਸਟੇਡੀਅਮ, ਵਧੀ ਹੋਈ ਨਿਗਰਾਨੀ ਅਤੇ ਸੁਰੱਖਿਆ ਲਈ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ, ਅਤੇ ਚਾਰ ਮਾਰਗੀ ਸਮਾਰਟ ਸੜਕਾਂ ਦੇ ਨਾਲ ਸਮਾਰਟ ਸਟ੍ਰੀਟ ਲਾਈਟਿੰਗ ਸ਼ਾਮਲ ਹਨ, ਜੋ ਸ਼ਹਿਰ ਦੀ ਸਥਿਰਤਾ ਵਿੱਚ ਬੇਮਿਸਾਨ ਯੋਗਦਾਨ ਪਾਉਣਗੀਆਂ।
ਇਸ ਮੌਕੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ, ਪੀ.ਐਮ.ਆਈ.ਡੀ.ਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਤੀ ਉਪਲ, ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।