ਤਰਨਤਾਰਨ, 9 ਜੁਲਾਈ, ਦੇਸ਼ ਕਲਿਕ ਬਿਊਰੋ :
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਹੂਵਿੰਡ ਵਿਖੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਸਵਿਫਟ ਕਾਰ ਨੇ ਇਲੈਕਟ੍ਰਿਕ ਸਕੂਟਰੀ ਅਤੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ਵਿੱਚ ਸਕੂਟਰੀ ਸਵਾਰ ਪਿਓ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਮ੍ਰਿਤਕਾਂ ਦੀ ਪਛਾਣ ਦਿਲਪ੍ਰੀਤ ਸਿੰਘ (31) ਅਤੇ ਉਸਦੇ 10 ਸਾਲਾ ਪੁੱਤਰ ਅਰਮਾਨਦੀਪ ਸਿੰਘ ਵਜੋਂ ਹੋਈ ਹੈ। ਦਿਲਪ੍ਰੀਤ ਆਪਣੇ ਸਾਲੇ ਸੁਖਬੀਰ ਸਿੰਘ ਸਮੇਤ ਨਿੱਜੀ ਕੰਮ ਲਈ ਭਿੱਖੀਵਿੰਡ ਜਾ ਰਿਹਾ ਸੀ। ਰਸਤੇ ’ਚ ਸਵਿਫਟ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਇਕ ਮੋਟਰਸਾਈਕਲ ਵੀ ਲਪੇਟ ’ਚ ਆਇਆ, ਜਿਸ ਉੱਤੇ ਸਵਾਰ ਦੋ ਵਿਅਕਤੀ ਤੇ ਸੁਖਬੀਰ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ।
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਮੁਤਾਬਕ, ਮੈਡੀਕਲ ਰਿਪੋਰਟ ਆਉਣ ਉਪਰੰਤ ਹੋਰ ਕਾਰਵਾਈ ਕੀਤੀ ਜਾਵੇਗੀ।
