ਦੇਸ਼ ਪੱਧਰੀ ਹੜਤਾਲ ਦੀ ਹਮਾਇਤ ‘ਚ ਕੀਤੀ ਰੈਲੀ

ਪੰਜਾਬ

ਪੰਜਾਬ ਅਤੇ ਕੇਂਦਰੀ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਚਮਕੌਰ ਸਾਹਿਬ, 9 ਜੁਲਾਈ, ਮਲਾਗਰ ਸਿੰਘ :

ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਤੇ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਚਮਕੋਰ ਸਾਹਿਬ ਵੱਲੋਂ ਲੇਬਰ ਚੌਂਕ ਵਿਖੇ ਵਿਸ਼ਾਲ ਰੈਲੀ ਕੀਤੀ ਗਈ।

ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਸਲਾਹਕਾਰ ਮਲਾਗਰ ਸਿੰਘ ਖਮਾਣੋ, ਅਜੈਬ ਸਿੰਘ ਸਮਾਣਾ ਨੇ ਕਿਹਾ ਕਿ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਵਿਰੋਧੀ ਤੇ ਦੇਸੀ- ਵਿਦੇਸ਼ੀ ਸਰਮਾਏਦਾਰ ਪੱਖੀ ਆਰਥਿਕ ਸਿਆਸੀ ਨੀਤੀਆਂ ਨੇ ਮਜ਼ਦੂਰਾਂ ਅਤੇ ਹੋਰ ਸਭਨਾਂ ਕਿਰਤੀ ਲੋਕਾਂ ਦੀ ਹਾਲਤ ਬੱਦ ਤੋਂ ਬੱਤਰ ਬਣਾ ਦਿੱਤੀ ਹੈ। ਗਰੀਬੀ ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਨਿਗੂਣੇ ਜਿਹੇ ਕਾਨੂੰਨੀ ਕਿਰਤ ਹੱਕ ਵੀ ਮਜ਼ਦੂਰ ਜਮਾਤ ਨੂੰ ਹਾਸਲ ਨਹੀਂ ਹੋ ਰਹੇ ਸਨ, ਉਪਰੋਂ ਸਰਕਾਰਾਂ ਨੇ ਕਿਰਤ ਕਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਸਰਮਾਏਦਾਰਾਂ ਨੂੰ ਲੁੱਟ ਦੀ ਹੋਰ ਖੁੱਲ ਦੇ ਦਿੱਤੀ ਹੈ।ਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ, ਕੌਮਾਂ, ਆਦਿਵਾਸੀਆਂ, ਸੰਘਰਸ਼ਸ਼ੀਲ ਜਥੇਬੰਦੀਆਂ, ਕਾਰਕੁਨਾਂ ਅਤੇ ਬੁੱਧੀਜੀਵੀਆਂ ਨੂੰ ਕੁਚਲਣ ਲਈ ਜਾਬਰ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਜਬਰ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ।
ਮਜ਼ਦੂਰ ਆਗੂਆਂ ਕਿਹਾ ਕਿ ਅਜਿਹੀ ਹਾਲਤ ਵਿੱਚ ਮਜ਼ਦੂਰ ਜਮਾਤ ਚੁੱਪ ਕਰਕੇ ਨਹੀਂ ਬੈਠ ਸਕਦੀ। ਇਸ ਲਈ ਮਜ਼ਦੂਰ ਜਿੱਥੇ ਦੇਸ਼ ਪੱਧਰ ਉੱਤੇ ਤਨਖਾਹਾਂ ਵਿੱਚ ਵਾਧਾ, ਕਿਰਤ ਕਾਨੂੰਨਾਂ ਵਿੱਚ ਸੋਧਾਂ ਰੱਦ ਕਰਾਉਣ, ਕਿਰਤ ਹੱਕ ਲਾਗੂ ਕਰਨ, ਕੰਮ ਥਾਵਾਂ ਉੱਤੇ ਸੁਰੱਖਿਆ ਦੇ ਪ੍ਰਬੰਧ ਕਰਾਉਣ , ਔਰਤਾਂ ਨੂੰ ਮਰਦਾਂ ਬਰਾਬਰ ਤਨਖਾਹ, ਮਜ਼ਦੂਰਾਂ ਕਿਰਤੀਆਂ ਉੱਤੇ ਲਾਏ ਜਾਂਦੇ ਟੈਕਸ ਰੱਦ ਕਰਨ, ਅਮੀਰੀ ਗਰੀਬੀ ਦਾ ਪਾੜਾ ਘਟਾਉਣ ਜਹੀਆਂ ਉਦਾਰੀਕਰਨ- ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਨ ਦੀਆਂ ਮੰਗਾਂ ਲਈ ਆਵਾਜ਼ ਉਠਾਉਣਗੇ, ਆਗੂਆਂ ਕਿਹਾ ਕਿ ਲੋਕਾਂ ਨੂੰ ਚੋਣਬਾਜ਼ ਹਾਕਮ ਜਮਾਤੀ ਸਿਆਸੀ ਪਾਰਟੀਆਂ ਅਤੇ ਉਹਨਾਂ ਦੀਆਂ ਸਰਕਾਰਾਂ ਤੋਂ ਕਿਸੇ ਭਲੇ ਦੀ ਆਸ ਨਹੀਂ ਕਰਨੀ ਚਾਹੀਦੀ ਸਗੋਂ ਆਪਣੀ ਇਕਮੁਠ ਤਾਕਤ ਵਿਸ਼ਾਲ ਕਰਨ ਅਤੇ ਸੰਘਰਸ਼ਾਂ ਉੱਤੇ ਟੇਕ ਰੱਖਣੀ ਚਾਹੀਦੀ ਹੈ।
ਇਸ ਮੌਕੇ ਗੁਲਾਬ ਚੰਦ ਚੌਹਾਨ ਸੁਰਿੰਦਰ ਸਿੰਘ, ਹਰਮੇਸ਼ ਕੁਮਾਰ ਕਾਕਾ, ਮਿਸਤਰੀ ਮਨਮੋਹਣ ਸਿੰਘ, ਬਹਾਦਰ ਸਿੰਘ, ਪ੍ਰੀਤਮ ਸਿੰਘ, ਦਲਜੀਤ ਸਿੰਘ ਬਿੱਟੂ, ਅੰਗਰੇਜ਼ ਸਿੰਘ, ਲੱਖਵਿੰਦਰ ਸਿੰਘ, ਗੁਰਮੇਲ ਸਿੰਘ, ਸਤਵਿੰਦਰ ਸਿੰਘ ਨੀਨਾ ਆਦਿ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।