ਅੱਤਵਾਦੀਆਂ ਵੱਲੋਂ ਕੀਤੇ ਗਏ ਇਕ ਹਮਲੇ ਵਿੱਚ 66 ਲੋਕਾਂ ਦੀ ਜਾਨ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਅੱਤਵਾਦੀਆਂ ਵੱਲੋਂ ਲੋਕਾਂ ਉਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ
ਕਿਨਸ਼ਾਸਾ, 13 ਜੁਲਾਈ, ਦੇਸ਼ ਕਲਿੱਕ ਬਿਓਰੋ :
ਅੱਤਵਾਦੀਆਂ ਵੱਲੋਂ ਕੀਤੇ ਗਏ ਇਕ ਹਮਲੇ ਵਿੱਚ 66 ਲੋਕਾਂ ਦੀ ਜਾਨ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਯੂਗਾਂਡਾ ਦੀ ਸਰਹੱਦ ਉਤੇ ਅੱਤਵਾਦੀਆਂ(Terrorists) ਵੱਲੋਂ ਲੋਕਾਂ ਉਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ 66 ਲੋਕਾਂ ਦੀ ਮੌਤ ਹੋ ਗਈ। ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਦੇ ਇਰੁਮੂ ਇਲਾਕੇ ਵਿੱਚ ਇਸਲਾਮਿਕ ਸਟੇਟ (islamic state) ਨਾਲ ਜੁੜੇ ਅੱਤਵਾਦੀ ਸਮੂਹ ਅਲਾਇਡ ਡੈਮੋਕ੍ਰੇਟਿਕ ਫੋਰਸਿਜ਼ (ਏਡੀਐਫ) ਨੇ ਇੱਕ ਭਿਆਨਕ ਹਮਲੇ ਵਿੱਚ 66 ਲੋਕਾਂ ਦੀ ਜਾਨ ਲੈ ਲਈ। ਇਸ ਸਬੰਧੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਮਲਾਵਰਾਂ ਨੇ ਵੱਡੇ ਚਾਕੂਆਂ ਨਾਲ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਥਾਨਕ ਸਿਵਲ ਸੁਸਾਇਟੀ ਦੇ ਪ੍ਰਧਾਨ ਮਾਰਸਲ ਪਾਲੁਕੂ ਨੇ ਕਿਹਾ ਕਿ ਇਹ ਇਕ ਡਰਾਵਾਣਾ ਹਮਲਾ ਸੀ। ਹਮਲਾਵਰਾਂ ਨੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ। ਇਹ ਵੀ ਹੈ ਕਿ ਅਜੇ ਤੱਕ ਅੱਤਵਾਦੀਆਂ ਵੱਲੋਂ ਅਗਵਾ ਕੀਤੇ ਗਏ ਲੋਕਾਂ ਦੀ ਸਹੀ ਗਿਣਤੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ : ਜੇਲ੍ਹ ਬੈਰਕ ਬਦਲਣ ਲਈ ਬਿਕਰਮ ਮਜੀਠੀਆ ਨੇ ਅਦਾਲਤ ’ਚ ਦਾਇਰ ਕੀਤੀ ਪਟੀਸ਼ਨ
ਸੰਯੁਕਤ ਰਾਸ਼ਟਰ ਮਿਸ਼ਨ ਦੇ ਬੁਲਾਰੇ ਜੀਨ ਟੋਬੀ ਓਕਾਲਾ ਨੇ ਇਸ ਹਮਲੇ ਨੂੰ ‘ਖੂਨ ਦਾ ਸੈਲਾ’ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਭਗ 30 ਲੋਕ ਮਾਰੇ ਗਏ ਸਨ, ਪ੍ਰੰਤੂ ਹੁਣ ਸਿਵਲ ਸੁਸਾਇਟੀ ਤੋਂ ਮਿਲੀ ਨਵੀਂ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਹੁਣ 66 ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਕਾਂਗੋ ਅਤੇ ਯੂਗਾਂਡਾ ਦੀਆਂ ਫੌਜਾਂ ਵੱਲੋਂ ਸ਼ੁਰੂ ਕੀਤੀ ਗਈ ਬੰਬਾਰੀ ਦਾ ਜਵਾਬ ਹੋ ਸਕਦਾ ਹੈ। ਦੱਸਣਯੋਗ ਹੈ ਕਿ ਏਡੀਐਫ ਇੱਕ ਯੂਗਾਂਡਾਈ ਇਸਲਾਮੀ ਸਮੂਹ ਹੈ, ਜੋ 2019 ਤੋਂ ਇਸਲਾਮਿਕ ਸਟੇਟ ਨਾਲ ਜੁੜਿਆ ਹੋਇਆ ਹੈ ਅਤੇ ਦੋਵਾਂ ਦੇਸ਼ਾਂ ਦੀ ਸਰਹੱਦ ‘ਤੇ ਸਰਗਰਮ ਹੈ।