ਗੁਰੂਹਰਸਹਾਏ, 17 ਜੁਲਾਈ, ਦੇਸ਼ ਕਲਿਕ ਬਿਊਰੋ :
ਗੁਰੂਹਰਸਹਾਏ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹ ਰਹੀਆਂ ਕੁਝ ਵਿਦਿਆਰਥਣਾਂ ਵੱਲੋਂ ਇਹ ਗੰਭੀਰ ਆਰੋਪ ਲਾਏ ਗਏ ਹਨ ਕਿ ਉਨ੍ਹਾਂ ਨਾਲ ਸਕੂਲ ਦੇ ਅਧਿਆਪਕ ਵੱਲੋਂ ਸਰੀਰਕ ਛੇੜਛਾੜ ਕੀਤੀ ਗਈ।
ਇਸ ਬਾਰੇ ਜਾਣਕਾਰੀ ਮਿਲਣ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਅਧਿਆਪਕ ਖਿਲਾਫ ਮਾਮਲਾ ਦਰਜ ਕੀਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਹਾਲਾਂਕਿ ਪੁਲਸ ਵੱਲੋਂ ਤਿੰਨ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ, ਪਰ ਅਦਾਲਤ ਨੇ ਇਹ ਰਿਮਾਂਡ ਮਨਜ਼ੂਰ ਨਹੀਂ ਕੀਤਾ ਅਤੇ ਉਸ ਨੂੰ ਚੌਦਾਂ ਦਿਨਾਂ ਲਈ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
ਇਸ ਮਾਮਲੇ ’ਚ ਹੋ ਰਹੀ ਕਾਰਵਾਈ ਬਾਰੇ ਡਿਪਟੀ ਜ਼ਿਲ੍ਹਾ ਅਧਿਕਾਰੀ ਡਾ. ਸਤਿੰਦਰ ਸਿੰਘ ਅਤੇ ਡਿਸਟ੍ਰਿਕਟ ਐਜੂਕੇਸ਼ਨ ਅਫ਼ਸਰ ਮੈਡਮ ਮਨੀਲਾ ਅਰੋੜਾ ਨੇ ਦੱਸਿਆ ਕਿ ਮੁਲਜ਼ਮ ਅਧਿਆਪਕ ਨੂੰ ਹੁਣ ਸਰਵਿਸ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਦਮ ਜ਼ਿਲ੍ਹਾ ਜਾਂਚ ਕਮੇਟੀ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਆਧਾਰ ’ਤੇ ਅਤੇ ਸਿੱਖਿਆ ਵਿਭਾਗ ਨੂੰ ਭੇਜੀ ਸਿਫਾਰਸ਼ਾਂ ਦੇ ਅਧਾਰ ’ਤੇ ਚੁੱਕਿਆ ਗਿਆ।
