ਅਧਿਆਪਕਾਂ ਨੂੰ ਦਿੱਤੀ ਜਾ ਰਹੀ ਹੈ ਵਿਸੇਸ਼ ਸਿਖਲਾਈ
ਫਾਜ਼ਿਲਕਾ, 17 ਜੁਲਾਈ, ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਜੀਵਨ ਦੇ ਮੁੱਢਲੇ ਪੱਧਰ ਤੋਂ ਹੀ ਇਕ ਸਮਰੱਥ ਨਾਗਰਿਕ ਬਣਾਉਣ ਦੀ ਨੀਂਹ ਨੂੰ ਮਜਬੂਤ ਕਰਦਿਆਂ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਕ ਵਿਆਪਕ ਯੋਜਨਾਬੰਦੀ ਉਲੀਕੀ ਹੈ। ਇਸ ਯੋਜਨਾਬੰਦੀ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਿੱਖਿਆ ਵਿਭਾਗ ਵੱਲੋਂ ਹਰ ਸਕੂਲ ਵਿਚ ਇਸ ਸਬੰਧੀ ਗਤੀਵਿਧੀਆਂ ਆਰੰਭ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਹਰੇਕ ਸਕੂਲ ਵਿੱਚ ਪੰਜ ਸੈਕਸ਼ਨਾ ਪਿੱਛੇ ਇਕ ਅਧਿਆਪਕ ਨੂੰ ਵਿਸੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।
ਇਸੇ ਕ੍ਰਮ ਵਿਚ ਵਿਭਾਗੀ ਹਦਾਇਤਾਂ ਅਨੁਸਾਰ ਜਿਲਾ ਸਿੱਖਿਆ ਅਫਸਰ (ਸੈ. ਸਿੱ) ਸ੍ਰੀ ਅਜੇ ਸ਼ਰਮਾ ਦੀ ਅਗਵਾਈ ਹੇਠ ਜਿਲਾ ਫਾਜ਼ਿਲਕਾ ਵਿੱਚ ਮੀਰਾ ਕਾਲਜ ਆਫ ਨਰਸਿੰਗ ਅਬੋਹਰ, ਸਕੂਲ ਆਫ ਐਮੀਨੈਂਸ ਫਾਜ਼ਿਲਕਾ ਅਤੇ ਸਕੂਲ ਆਫ ਐਮੀਨੈਂਸ ਜਲਾਲਾਬਾਦ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਧੀਨ ਡਰੱਗ ਪ੍ਰੀਵੈਂਸ਼ਨ ਦੀ ਦੋ ਰੋਜਾ ਟਰੇਨਿੰਗ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਜ਼ਿਲਾ ਫਾਜ਼ਿਲਕਾ ਦੇ ਲਗਭਗ 240 ਅਧਿਆਪਕਾਂ/ਲੈਕਚਰਾਰਾਂ ਨੇ ਭਾਗ ਲਿਆ। ਰਾਜ ਪੱਧਰ ਤੋਂ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਬਲਾਕ ਰਿਸੋਰਸ ਕੋਡੀਨੇਟਰਾਂ ਵੱਲੋਂ ਇਹ ਟ੍ਰੇਨਿੰਗ ਕਰਵਾਈ ਗਈ। ਜ਼ਿਲਾ ਨੋਡਲ ਅਫਸਰ ਸ਼੍ਰੀ ਵਿਜੇਪਾਲ ਅਤੇ ਜਿਲਾ ਰਿਸੋਰਸ ਕੋਆਰਡੀਨੇਟਰ ਸ੍ਰੀ ਇਸ਼ਾਨ ਠਕਰਾਲ ਨੇ ਸਕੂਲ ਆਫ ਐਮੀਨੈਂਸ ਫਾਜ਼ਿਲਕਾ ਅਤੇ ਸਕੂਲ ਆਫ ਐਮੀਨੈਂਸ ਜਲਾਲਾਬਾਦ ਵਿੱਚ ਟ੍ਰੇਨਿੰਗ ਲੈ ਰਹੇ ਅਧਿਆਪਕਾਂ/ਲੈਕਚਰਾਰਾਂ ਨੂੰ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ। ਸਕੂਲ ਆਫ ਐਮੀਨੈਂਸ ਫਾਜ਼ਿਲਕਾ ਵਿੱਚ ਮਾਹਰ ਡਾਕਟਰ ਵੱਲੋਂ ਇੱਕ ਡਰੱਗ ਪ੍ਰੀਵੈਂਸ਼ਨ ਤੇ ਸਪੈਸ਼ਲ ਲੈਕਚਰ ਲਗਾਇਆ ਗਿਆ। ਡਾਕਟਰ ਰਚਨਾ, ਪ੍ਰਿੰਸੀਪਲ ਡਾਇਟ ਨੇ ਸਕੂਲ ਆਫ ਐਮੀਨੈਂਸ ਫਾਜ਼ਿਲਕਾ ਵਿੱਚ ਆ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਬੰਧੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਡਾ: ਸਿਧਾਰਥ (ਮਨੋਰੋਗ ਮਾਹਿਰ) ਨੇ ਅਧਿਆਪਕਾਂ ਨੂੰ ਬੱਚਿਆਂ ਦੀ ਮਨੋਸਥਿਤੀ ਦੇ ਅਵਲੋਕਣ ਦੇ ਗੁਰ ਦੱਸੇ।
ਨੋਡਲ ਅਫ਼ਸਰ ਵਿਜੈ ਪਾਲ ਨੇ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਅਧਿਆਪਕ ਆਪਣੇ ਸਕੂਲ ਵਿਚ ਵਿਦਿਆਰਥੀਆਂ ਨਾਲ ਸਿੱਧਾ ਰਾਬਤਾ ਰਖਦੇ ਹੋਏ ਉਨ੍ਹਾਂ ਨੂੰ ਲਗਾਤਾਰ ਕਾਊਂਸਲਿੰਗ ਪ੍ਰਦਾਨ ਕਰਣਗੇ ਤਾਂ ਜੋ ਉਨ੍ਹਾਂ ਨੂੰ ਮਾੜੀਆਂ ਆਦਤਾਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਬੀਆਰਸੀ ਸਤਿੰਦਰ ਸਚਦੇਵਾ, ਰੋਸ਼ਨ ਲਾਲ, ਪ੍ਰਵੀਨ ਅੰਗੀ, ਮਨਦੀਪ ਸਿੰਘ, ਹਰਭਜਨ ਸਿੰਘ, ਵਿਨੈ ਵੀ ਹਾਜਰ ਸਨ।
