ਚੰਡੀਗੜ੍ਹ, 19 ਜੁਲਾਈ, ਦੇਸ਼ ਕਲਿੱਕ ਬਿਓਰੋ :
ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਨੂੰ ਘਰਾਂ ਵਿੱਚ ਹੀ ਅਰੈਸਟ ਕਰ ਲਿਆ ਹੈ। ਅੱਜ ਸਵੇਰੇ ਸਵੇਰੇ ਅਕਾਲੀ ਆਗੂਆਂ ਦੇ ਘਰ ਪੁਲਿਸ ਪੁੱਜੀ। ਹਲਕਾ ਮਲੇਰਕੋਟਲਾ ਇੰਚਾਰਜ ਜ਼ਾਹਿਦਾ ਸੁਲਮਾਨ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ। ਉਨ੍ਹਾਂ ਖੁਦ ਫੇਸਬੁੱਕ ਉਤੇ ਪੋਸਟ ਪਾ ਕੇ ਇਸ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਦੀ ਮੀਡੀਆ ਟੀਮ ਨੇ ਕਿਹਾ ਸਵੇਰੇ 4.00 ਵਜੇ ਹੀ ਪੁਲਿਸ ਦੀਆਂ ਦੋ ਗੱਡੀਆਂ ਅਤੇ ਵੱਡੀ ਗਿਣਤੀ ਵਿਚ ਮੁਲਾਜ਼ਮ ਉਨ੍ਹਾਂ ਦੇ ਘਰ ਬਾਹਰ ਤਾਇਨਾਤ ਹੋ ਗਏ। ਬੀਬਾ ਜੀ ਨੂੰ ਆਦੇਸ਼ ਹੋਏ ਹਨ ਕਿ ਉਹ ਅੱਜ ਕਿਸੇ ਵੀ ਸਥਿਤੀ ਵਿਚ ਘਰੋਂ ਬਾਹਰ ਨਾ ਨਿਕਲਣ। ਬੀਬਾ ਜੀ ਨੇ ਇਸ ਨੂੰ ਲੋਕਰਾਜੀ ਕਦਰਾਂ-ਕੀਮਤਾਂ ਤੇ ਪ੍ਰੰਪਰਾਵਾਂ ਦਾ ਘਾਣ ਦੱਸਿਆ ਹੈ ਅਤੇ ਸ਼ੱਕ ਜ਼ਾਹਰ ਕੀਤਾ ਹੈ ਕਿ ਸਰਕਾਰ ਉਨ੍ਹਾਂ ਦੀ ਪਾਰਟੀ ਦੇ ਲੀਡਰਾਂ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਲੜਨ ਤੋਂ ਰੋਕ ਰਹੀ ਹੈ। ਸਟੇਟ ਨੂੰ ਪੁਲਿਸ ਰਾਜ ਅੰਦਰ ਤਬਦੀਲ ਕਰਕੇ ਸਰਕਾਰ ਮਨਮਾਨੀਆਂ ਕਰ ਰਹੀ ਹੈ। ਨੌਜਵਾਨਾਂ ਦੇ ਫ਼ਰਜ਼ੀ ਪੁਲਿਸ ਮੁਕਾਬਲੇ ਅਤੇ ਹਿਰਾਸਤੀ ਮੌਤਾਂ ਸਰਕਾਰ ਦੇ ਜ਼ਾਲਮਾਨਾ ਚਿਹਰੇ ਦਾ ਪ੍ਰਤੀਕ ਹਨ। ਐਮਰਜੈਂਸੀ ਵਰਗੇ ਹਾਲਾਤ ਹੋ ਚੁੱਕੇ ਹਨ। ਅਕਾਲੀ ਲੀਡਰਾਂ ਦੀ ਬਿਨਾਂ ਕੁੱਝ ਦੱਸੇ, ਨਜ਼ਰਬੰਦੀ ਤੋਂ ਜ਼ਾਹਰ ਹੁੰਦਾ ਹੈ ਕਿ ਸਰਕਾਰ ਕੋਈ ਵੱਡਾ ਅਪਰਾਧ ਜਾਂ ਗ਼ਲਤੀ ਕਰਨ ਜਾ ਰਹੀ ਹੈ।
ਇਸੇ ਤਰ੍ਹਾਂ ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੂੰ ਹਾਊਸ ਅਰੈਸਟ ਕੀਤਾ ਗਿਆ ਹੈ। ਅਕਾਲੀ ਦਲ ਯੂਥ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਉਨ੍ਹਾਂ ਦੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਤੇ ਬਾਅਦ ਵਿਚ ਕਿਸੇ ਅਣ-ਦੱਸੀ ਥਾਂ ’ਤੇ ਲਿਜਾਇਆ ਗਿਆ ਹੈ। ਸਰਬਜੀਤ ਸਿੰਘ ਝਿੰਜਰ ਦੀ ਮੀਡੀਆ ਟੀਮ ਨੇ ਪੋਸਟ ਸਾਂਝੀ ਕਰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਸਵੇਰੇ 4 ਵਜੇ ਤੋਂ ਬਿਨ੍ਹਾਂ ਕਿਸੇ ਕਾਰਨ ਦੱਸੇ ਪੰਜਾਬ ਪੁਲਿਸ ਦੇ 8-10 ਮੁਲਾਜ਼ਮ ਸਰਬਜੀਤ ਸਿੰਘ ਝਿੰਜਰ ਦੇ ਘਰ ਵਿਚ ਅਤੇ ਬਾਕੀ ਹੋਰ ਪੁਲਿਸ ਵਾਲੇ ਘਰ ਨੂੰ ਘੇਰਾ ਪਾ ਕੇ ਬੈਠੇ ਹਨ।