ਖੁਰਾਕ ਸੁਰੱਖਿਆ ਵਿੰਗ ਵੱਲੋਂ ਆਂਗਣਵਾੜੀ ਕੇਂਦਰਾਂ, ਸਕੂਲਾਂ, ਸਿਨੇਮਾ ਘਰਾਂ, ਡੇਅਰੀਆਂ ਅਤੇ ਕੰਟੀਨਾਂ ਦੀ ਜਾਂਚ

ਸਿਹਤ ਸਿੱਖਿਆ \ ਤਕਨਾਲੋਜੀ


03 ਸੈਂਪਲ ਅਗਲੇਰੀ ਜਾਂਚ ਲਈ ਖਰੜ ਲੈਬਾਰਟਰੀ ਭੇਜੇ

ਮਾਨਸਾ 19 ਜੁਲਾਈ: ਦੇਸ਼ ਕਲਿੱਕ ਬਿਓਰੋ
ਖੁਰਾਕ ਸੁਰੱਖਿਆ ਵਿੰਗ ਦੀ ਟੀਮ ਵੱਲੋਂ ਜਿ਼ਲ੍ਹੇ ਦੇ ਪਿੰਡ ਫੱਤਾ ਮਾਲੋਕਾ ਵਿਖੇ ਆਂਗਣਵਾੜੀ ਸੈਂਟਰ ਅਤੇ ਸਕੂਲਾਂ  ਵਿਖੇ ਮਿਡ ਡੇਅ ਮੀਲ, ਗੋਲਡਨ ਸਿਨੇਮਾ ਸਰਦੂਲੇਵਾਲਾ, ਸਕਾਈ ਸਿਨੇਮਾ ਬੁਢਲਾਡਾ ਅਤੇ ਡਰੀਮ ਰਿਅਲਟੀ ਸਿਨੇਮਾ ਮਾਨਸਾ ਤੋਂ ਇਲਾਵਾ ਡੇਅਰੀਆਂ, ਵਿੱਦਿਅਕ ਸੰਸਥਾਵਾਂ ਵਿਚ ਚਲ ਰਹੀਆਂ ਕੰਟੀਨਾਂ ਦਾ ਨਿਰੀਖਣ ਕੀਤਾ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ.ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਜਿ਼ਲ੍ਹੇ ਦੇ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਦੇ ਖੁਰਾਕ ਸੁਰੱਖਿਆ ਵਿੰਗ ਵੱਲੋਂ ਖਾਣ—ਪੀਣ ਦੀਆਂ ਵਸਤੂਆਂ ਵੇਚਣ ਵਾਲੀਆ ਦੁਕਾਨਾਂ, ਢਾਬਿਆਂ, ਰੈਸਟੋਰਟਾਂ, ਡਾਇਰੀਆਂ, ਆਂਗਣਵਾੜੀ ਕੇਂਦਰਾਂ, ਰੇਹੜੀਆਂ ਅਤੇ ਵਿੱਦਿਅਕ ਸੰਸਥਾਵਾਂ ਵਿਖੇ ਚਲ ਰਹੀਆਂ ਕੰਟੀਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਦੁਕਾਨਦਾਰ ਜਾਂ ਡੇਅਰੀ ਮਾਲਕ ਘਟੀਆ ਪੱਧਰ ਦਾ ਸਾਮਾਨ ਵੇਚਦਾ ਪਾਇਆ ਜਾਵੇਗਾ ਜਾਂ ਫਿਰ ਕਿਸੇ ਵੀ ਖਾਣ ਪੀਣ ਵਾਲੀ ਦੁਕਾਨ, ਡੇਅਰੀ, ਕੰਟੀਨ ਆਦਿ ਵਿਖੇ ਮਾੜੇ ਪੱਧਰ ਦਾ ਸਾਮਾਨ ਵਿਕਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਖੁਰਾਕ ਸੁਰੱਖਿਆ ਵਿੰਗ ਵੱਲੋਂ ਮਾਨਸਾ ਸ਼ਹਿਰ ਤੋਂ ਇਲਾਵਾ ਜਿ਼ਲ੍ਹੇ ਦੇ ਪਿੰਡਾਂ ਵਿਚ ਵੀ ਜਾਂਚ ਕੀਤੀ ਜਾ ਰਹੀ ਹੈ। ਖੁਰਾਕ ਸੁਰੱਖਿਆ ਵਿੰਗ ਵੱਲੋਂ ਵੱਖ ਵੱਖ ਥਾਵਾਂ ਤੋਂ 03 ਸੈਪਲ ਅਗਲੇਰੀ ਜਾਂਚ ਲਈ ਖਰੜ ਲੈਬੋਰਟਰੀ ਵਿਖੇ ਭੇਜੇ ਗਏ ਹਨ। ਇਸ ਤੋਂ ਇਲਾਵਾ ਆਂਗਣਵਾੜੀ ਕੇਂਦਰਾਂ ਵਿਖੇ ਵੰਡੇ ਜਾਣ ਵਾਲੇ ਸਾਮਾਨ ਦੇ ਸੈਂਪਲ ਵੀ ਅਗਲੇਰੀ ਜਾਂਚ ਲਈ ਭੇਜੇ ਗਏ ਹਨ।
ਫੂਡ ਸੇਫਟੀ ਅਫ਼ਸਰ, ਅਮਰਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਖੁਰਾਕ ਸੁਰੱਖਿਆ ਵਿੰਗ ਦੀ ਟੀਮ ਵੱਲੋਂ ਇਕ ਡੇਅਰੀ ਮਾਲਕ ਨੂੰ ਸੁਧਾਰ ਨੋਟਿਸ ਜਾਰੀ ਕਰਦਿਆਂ ਸਾਫ—ਸਫਾਈ ਦੇ ਸਾਰੇ ਮਾਪਦੰਡਾ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਅਤੇ ਮੌਜੂਦਾ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਡੇਅਰੀ ਮਾਲਕਾਂ ਅਤੇ ਕੰਟੀਨ ਠੇਕੇਦਾਰਾਂ ਨੂੰ ਸਾਫ—ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕਰਦਿਆਂ ਪਾਣੀ ਨੂੰ ਇਕੱਠਾ ਨਾ ਹੋਣ ਦੇਣ ਲਈ ਕਿਹਾ ਗਿਆ ਤਾਂ ਜੋ ਮੱਖੀ, ਮੱਛਰ ਦੇ ਪੈਦਾ ਹੋਣ ਦਾ ਖਦਸ਼ ਨਾ ਬਣੇ।
ਇਸ ਮੌਕੇ ਲਕਸ਼ਵੀਰ ਕਲਰਕ, ਵੇਦ ਪ੍ਰਕਾਸ਼ ਤੋਂ ਇਲਾਵਾ ਆਂਗਨਵਾੜੀ ਤੇ ਸਕੂਲ ਅਧਿਆਪਕ ਅਤੇ ਸਿਨੇਮਾ ਘਰਾਂ ਦੇ ਮਾਲਕ ਵੀ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।