ਪੁਲਿਸ ਪਾਰਟੀ ਸਵੇਰੇ 4 ਵਜੇ ਸੁਰੱਖਿਆ ਜਾਂਚ ਦੇ ਬਹਾਨੇ ਮੇਰੇ ਘਰ ਆਈ ਅਤੇ ਸਾਨੂੰ ਨਜ਼ਰਬੰਦ ਬਣਾ ਲਿਆ – ਯੂਥ ਅਕਾਲੀ ਦਲ ਪ੍ਰਧਾਨ
ਫਤਿਹਗੜ੍ਹ ਸਾਹਿਬ/ਚੰਡੀਗੜ੍ਹ, 19 ਜੁਲਾਈ, ਦੇਸ਼ ਕਲਿੱਕ ਬਿਓਰੋ :
ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਸਰਬਜੀਤ ਸਿੰਘ ਝਿੰਜਰ ਨੇ ਅੱਜ, 9 ਘੰਟੇ ਪੰਜਾਬ ਪੁਲਿਸ ਵਲੋਂ ਗੈਰ ਕਾਨੂੰਨੀ ਤਰੀਕੇ ਨਾਲ ਡਿਟੇਨ ਕੀਤੇ ਜਾਣ ਤੋਂ ਬਾਅਦ, ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਤਿੱਖਾ ਹਮਲਾ ਬੋਲਿਆ।
ਇੱਥੇ ਜਾਰੀ ਇੱਕ ਬਿਆਨ ਵਿੱਚ ਝਿੰਜਰ ਨੇ ਕਿਹਾ, “ਅੱਜ, ਆਮ ਆਦਮੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਵਰਕਰਾਂ ਪ੍ਰਤੀ ਡਰ ਸਪੱਸ਼ਟ ਹੋ ਗਿਆ ਹੈ। ਭਗਵੰਤ ਮਾਨ, ਜੋ ਕਦੇ ਦਾਅਵਾ ਕਰਦੇ ਸਨ ਕਿ ਅਕਾਲੀ ਦਲ ਖ਼ਤਮ ਹੋ ਚੁੱਕਿਆ ਹੈ, ਹੁਣ ਉਨ੍ਹਾਂ ਹੀ ਵਰਕਰਾਂ ਤੋਂ ਇੰਨਾ ਡਰਿਆ ਹੋਇਆ ਹੈ ਕਿ ਉਹ ਸਵੇਰੇ-ਸਵੇਰੇ ਵੱਡੀ ਤਾਦਾਦ ਵਿੱਚ ਪੁਲਿਸ ਫੋਰਸ ਭੇਜਦਾ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਚੁੱਪ ਕਰਵਾਉਣ ਲਈ ਉਨ੍ਹਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਲੈ ਲੈਂਦਾ ਹੈ।”
ਹੋਰ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਕਿਹਾ, “ਅੱਜ, 8-10 ਪੁਲਿਸ ਅਧਿਕਾਰੀ ਸਵੇਰੇ 4 ਵਜੇ ਮੇਰੇ ਘਰ ਆਏ, ਬਿਨਾਂ ਕੋਈ ਕਾਰਨ ਦੱਸੇ ਮੇਰੇ ਅਤੇ ਮੇਰੇ ਪਰਿਵਾਰ ਦੇ ਫ਼ੋਨ ਖੋਹ ਲਏ, ਅਤੇ ਸਾਨੂੰ ਘਰ ਵਿੱਚ ਜੀ ਨਜ਼ਰਬੰਦ ਬਣਾ ਲਿਆ। ਜਦੋਂ ਅਸੀਂ ਵਾਰ-ਵਾਰ ਪੁੱਛਿਆ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ‘ਸੁਰੱਖਿਆ ਜਾਂਚ’ ਲਈ ਹੈ। ਸਵੇਰੇ 4 ਵਜੇ ਕਿਸ ਤਰ੍ਹਾਂ ਦੀ ਸੁਰੱਖਿਆ ਜਾਂਚ ਕੀਤੀ ਜਾਂਦੀ ਹੈ? ਅਤੇ ਇਸ ਅਖੌਤੀ ਜਾਂਚ ਲਈ ਸਾਡੇ ਫ਼ੋਨ ਜ਼ਬਤ ਕਰਨ ਦੀ ਕਿਉਂ ਲੋੜ ਸੀ? ਪਿੰਡ ਵਾਸੀਆਂ ਦੇ ਰੌਲਾ ਪਾਉਣ ਅਤੇ ਸਥਾਨਕ ਅਕਾਲੀ ਆਗੂਆਂ ਦੁਆਰਾ ਮੇਰੇ ਘਰ ਪਹੁੰਚਣ ਤੋਂ ਬਾਅਦ ਪੁਲਿਸ ਗੈਰ ਕਾਨੂੰਨੀ ਤੌਰ ‘ਤੇ ਮੈਨੂੰ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਈ, ਅਤੇ ਸਮਾਂ ਬਰਬਾਦ ਕਰਨ ਲਈ ਮੈਨੂੰ ਵੱਖ-ਵੱਖ ਥਾਵਾਂ ‘ਤੇ ਘੁੰਮਾਇਆ, ਅਤੇ ਅੰਤ ਵਿੱਚ ਮੈਨੂੰ ਦੁਪਹਿਰ 1 ਵਜੇ ਰਿਹਾਅ ਕਰ ਦਿੱਤਾ – ਸ. ਬਿਕਰਮ ਸਿੰਘ ਮਜੀਠੀਆ ਜੀ ਦੀ ਕੋਰਟ ਵਿੱਚ ਸੁਣਵਾਈ ਖਤਮ ਹੋਣ ਤੋਂ ਬਾਅਦ।”
ਉਨ੍ਹਾਂ ਅੱਗੇ ਕਿਹਾ, “ਜੇ ਭਗਵੰਤ ਮਾਨ ਸਰਕਾਰ ਸਾਡੇ ਆਗੂ ਬਿਕਰਮ ਮਜੀਠੀਆ ਵਿਰੁੱਧ ਆਪਣੇ ਕੇਸ ਬਾਰੇ ਇੰਨੀ ਭਰੋਸੇਮੰਦ ਹੈ, ਤਾਂ ਫਿਰ ਇਸਨੂੰ ਸਾਡੀ ਅਵਾਜ਼ ਦਬਾਉਣ ਲਈ ਅਜਿਹੀਆਂ ਕੋਝੀਆਂ ਚਾਲਾਂ ਦਾ ਸਹਾਰਾ ਲੈਣ ਦੀ ਕੀ ਲੋੜ ਹੈ? ਇੱਕ ਪਾਸੇ, ਭਗਵੰਤ ਮਾਨ ਦਾਅਵਾ ਕਰਦਾ ਹੈ ਕਿ ਅਕਾਲੀ ਦਲ ਖਤਮ ਹੋ ਗਿਆ ਹੈ, ਅਤੇ ਦੂਜੇ ਪਾਸੇ, ਉਹ ਸਾਨੂੰ ਇਕੱਠੇ ਹੋਣ ਤੋਂ ਰੋਕਣ ਲਈ ਆਪਣੀ ਤਾਕਤ ਵਿੱਚ ਸਭ ਕੁਝ ਕਰਦਾ ਹੈ – ਸਪੱਸ਼ਟ ਤੌਰ ‘ਤੇ ਇਸਨੂੰ ਅਕਾਲੀ ਦਲ ਦਾ ਡਰ ਸਤਾਉਂਦਾ ਹੈ।”
ਝਿੰਜਰ ਨੇ ਅੰਤ ਵਿੱਚ ਮੁੱਖ ਮੰਤਰੀ ਨੂੰ ਚੁਣੌਤੀ ਦਿੰਦੀਆਂ ਕਿਹਾ: “ਮੈਂ ਇਹ ਸਪੱਸ਼ਟ ਕਰ ਦਿਆਂ, ਸ਼੍ਰੀ ਮਾਨ – ਕੋਈ ਵੀ ਡਰਾਉਣਾ-ਧਮਕਾਉਣਾ ਮੈਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵਰਕਰ ਨੂੰ ਸੱਚ ਬੋਲਣ ਅਤੇ ਪੰਜਾਬ ਦੇ ਲੋਕਾਂ ਲਈ ਖੜ੍ਹੇ ਹੋਣ ਤੋਂ ਨਹੀਂ ਰੋਕ ਸਕਦਾ। ਮੁੱਖ ਮੰਤਰੀ ਸਾਬ, ਤੁਹਾਡੇ ਹੁਣ ਥੋੜੇ ਹੀ ਦਿਨ ਰਹਿ ਗਏ ਹਨ, ਤੁਸੀਂ ਬਦਲਾਖੋਰੀ ਦੀ ਰਾਜਨੀਤੀ ਛੱਡਕੇ, ਜੋ ਥੋੜਾ ਸਮਾਂ ਰਹਿ ਗਿਆ ਹੈ ਉਸਨੂੰ ਪੰਜਾਬੀਆਂ ਲਈ ਕੋਈ ਚੰਗਾ ਕੰਮ ਕਰਨ ਲਈ ਲਗਾਓ, ਨਹੀਂ ਤਾਂ ਪੰਜਾਬੀਆਂ ਨੇ ਤੁਹਾਨੂੰ ਜਲਦ ਹੀ ਇਕ ਚੰਗਾ ਸਬਕ ਸਿਖਾਉਣਾ ਹੈ।”