ਅੰਮ੍ਰਿਤਸਰ, 21 ਜੁਲਾਈ, ਦੇਸ਼ ਕਲਿੱਕ ਬਿਓਰੋ
ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਹੀ ਨਹੀਂ ਸਗੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਵੱਖ ਵੱਖ-ਧਾਰਮਿਕ ਸਥਾਨਾਂ ਨੂੰ ਉਡਾਉਣ ਦੀਆਂ ਈ-ਮੇਲਾਂ ਵੀ ਜਾ ਰਹੀਆਂ ਹਨ। ਇਹ ਦਾਅਵਾ ਅੰਮ੍ਰਿਤਸਰ ਪੁਲਿਸ ਦੇ ਸੂਤਰਾਂ ਵੱਲੋਂ ਕੀਤਾ ਗਿਆ ਹੈ। ਅੰਮ੍ਰਿਤਸਰ ਪੁਲਿਸ ਨੇ ਸ਼ਨੀਵਾਰ ਨੂੰ ਫਰੀਦਾਬਾਦ ਦੇ ਸਾਫਟਵੇਅਰ ਇੰਜੀਨੀਅਰ ਸ਼ੁਭਮ ਦੂਬੇ ਨੂੰ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲੈਣ ਤੋਂ ਇੱਕ ਦਿਨ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਹਾਲਾਂਕਿ ਪੁਲਿਸ ਵੱਲੋਂ ਦੂਬੇ ਨੂੰ ਪੁੱਛਗਿੱਛ ਲਈ ਅੰਮ੍ਰਿਤਸਰ ਲਿਆਉਣ ਤੋਂ ਪਿੱਛੋਂ ਵੀ ਈਮੇਲ ਧਮਕੀਆਂ ਜਾਰੀ ਹਨ।
ਪਤਾ ਲੱਗਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਤੱਕ ਧਾਰਮਿਕ ਸਥਾਨ ਉਡਾਉਣ ਦੀਆਂ ਧਮਕੀ ਵਾਲੀਆਂ ਅੱਠ ਈਮੇਲਾਂ ਮਿਲੀਆਂ ਹਨ। ਸੂਤਰਾਂ ਅਨੁਸਾਰ SGPC ਨੂੰ ਐਨ ਉਸ ਵੇਲੇ ਵੀ ਧਮਕੀ ਭਰੀ ਈ-ਮੈਲ ਮਿਲੀ ਸੀ ਜਦੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਇਸ ਮੁੱਦੇ ‘ਤੇ ਪ੍ਰੈਸ ਨੂੰ ਸੰਬੋਧਨ ਕਰ ਰਹੇ ਸਨ।
ਪੁਲਿਸ ਵੱਲੋਂ ਸਾਫਟਵੇਅਰ ਇੰਜੀਨੀਅਰ ਸ਼ੁਭਮ ਦੂਬੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਪੁਲਿਸ ਨੇ ਅਜੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ।
ਪੁਲਿਸ ਸੂਤਰਾਂ ਅਨੁਸਾਰ ਗੁਜਰਾਤ ਦੇ ਮੁੱਖ ਮੰਤਰੀ ਦਫ਼ਤਰ ਸਮੇਤ ਕਈ ਧਾਰਮਿਕ ਸਥਾਨਾਂ ਅਤੇ ਰਾਜਨੀਤਿਕ ਦਫਤਰਾਂ ਨੂੰ 14 ਜੁਲਾਈ ਤੋਂ ਇਸ ਤਰ੍ਹਾਂ ਦੇ ਮੇਲ ਮਿਲੇ ਹਨ, ਜਿਸ ਦਿਨ ਹਰਿਮੰਦਰ ਸਾਹਿਬ ਨੂੰ ਪਹਿਲੀ ਧਮਕੀ ਭਰੀ ਈਮੇਲ ਮਿਲੀ ਸੀ। ਅਜਿਹੇ ਈਮੇਲ ਹੈਦਰਾਬਾਦ (ਤੇਲੰਗਾਨਾ), ਬੇਨਾਲੂਰੂ (ਕਰਨਾਟਕ), ਚੇਨਈ (ਤਾਮਿਲਨਾਡੂ), ਕੋਚੀਨ (ਕੇਰਲ), ਮੁੰਬਈ (ਮਹਾਰਾਸ਼ਟਰ), ਅਹਿਮਦਾਬਾਦ (ਗੁਜਰਾਤ), ਭੋਪਾਲ (ਮੱਧ ਪ੍ਰਦੇਸ਼), ਜੈਪੁਰ (ਰਾਜਸਥਾਨ), ਲਖਨਊ (ਉੱਤਰ ਪ੍ਰਦੇਸ਼), ਭੁਵਨੇਸ਼ਵਰ (ਓਡੀਸ਼ਾ), ਰਾਂਚੀ (ਝਾਰਖੰਡ), ਪਟਨਾ (ਬਿਹਾਰ), ਇੰਫਾਲ (ਮਣੀਪੁਰ), ਦਿੱਲੀ, ਦੇਹਰਾਦੂਨ (ਉੱਤਰਾਖੰਡ) ਵਿੱਚ ਵੀ ਭੇਜੇ ਗਏ ਸਨ। ਪਤਾ ਲੱਗਾ ਹੈ ਕਿ ਅੰਮ੍ਰਿਤਸਰ ਪੁਲਿਸ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਖੁਫੀਆ ਏਜੰਸੀਆਂ ਅਤੇ ਸਾਈਬਰ ਅਪਰਾਧ ਇਕਾਈਆਂ ਨਾਲ ਸੰਪਰਕ ਰੱਖ ਰਹੀ ਹੈ।
ਦੂਜੇ ਪਾਸੇ ਲੋਕਾਂ ਦਾ ਹੌਸਲਾ ਵਧਾਉਣ ਦੀ ਕਵਾਇਦ ਵਜੋਂ ਕਈ ਸੱਤਾਧਾਰੀ ਪਾਰਟੀਆਂ ‘ਆਪ’ ਸਮੇਤ ਮੁੱਖ ਧਾਰਾ ਪਾਰਟੀਆਂ ਦੇ ਆਗੂਆਂ ਨੇ ਧਾਰਮਿਕ ਸਥਾਨ ‘ਤੇ ਮੱਥਾ ਟੇਕਿਆ।