ਪ੍ਰਿੰਸੀਪਲ ਬੁੱਧ ਰਾਮ ਵੱਲੋਂ ਪਿੰਡਾਂ ਵਿੱਚ ਵੱਧ ਤੋਂ ਵੱਧ ਖੇਡ ਸਟੇਡੀਅਮ ਬਣਾਉਣ ਦੀ ਹਦਾਇਤ
ਅੰਮ੍ਰਿਤਸਰ, 30 ਜੁਲਾਈ 2025, ਦੇਸ਼ ਕਲਿੱਕ ਬਿਓਰੋ :
ਪੰਚਾਇਤੀ ਰਾਜ ਸਬੰਧੀ ਬਣਾਈ ਗਈ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਜਿਸ ਦੀ ਅਗਵਾਈ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਕਰ ਰਹੇ ਹਨ, ਵੱਲੋਂ ਅੱਜ ਅੰਮ੍ਰਿਤਸਰ ਜਿਲ੍ਹੇ ਵਿੱਚ ਪੰਚਾਇਤੀ ਰਾਜ ਅਧੀਨ ਕਰਵਾਏ ਜਾ ਰਹੇ ਕੰਮਾਂ ਦੀ ਸਮੀਖਿਆ ਲਈ ਉਚ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਅੰਮ੍ਰਿਤਸਰ ਦੇ ਨਾਲ ਨਾਲ ਤਰਨ ਤਰਨ ਜ਼ਿਲ੍ਹੇ ਵਿੱਚ ਚੱਲ ਰਹੇ ਕੰਮਾਂ ਦਾ ਸਮੀਖਿਆ ਵੀ ਕੀਤੀ ਗਈ। ਕਮੇਟੀ ਮੈਂਬਰਾਂ ਵਿੱਚ ਵਿਧਾਇਕ ਸ੍ਰੀ ਦਿਨੇਸ਼ ਪੁਰੀ, ਸ੍ਰੀ ਸੁਖਵਿੰਦਰ ਸਿੰਘ ਕੋਟਲੀ, ਸ੍ਰੀ ਅਮੋਲਕ ਸਿੰਘ ਸ਼ਾਮਿਲ ਹਨ।
ਇਸ ਮੌਕੇ ਕਮੇਟੀ ਮੈਂਬਰਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੰਚਾਇਤਾਂ ਅਧੀਨ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਦੇ ਹੋਏ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕੰਮ ਕਰਨ, ਸਾਫ ਸਫਾਈ, ਛੱਪੜਾਂ ਦੀ ਸਫਾਈ , ਮਨਰੇਗਾ ਅਧੀਨ ਲੋੜਵੰਦਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ, ਲੋੜਵੰਦਾਂ ਨੂੰ ਘਰ ਦੇਣ ਦੀ ਅਪੀਲ ਕਰਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇੰਨਾ ਕੰਮਾਂ ਲਈ ਪੰਚਾਇਤਾਂ ਦੀ ਅਗਵਾਈ ਕਰਨ।
ਇਸ ਮੌਕੇ ਕਮੇਟੀ ਮੈਂਬਰਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਫ਼ਲਤਾ ਨਾਲ ਚੱਲ ਰਹੇ ਸੈਲਫ ਹੈਲਪ ਗਰੁੱਪ, ਜਿਨਾਂ ਦੀ ਗਿਣਤੀ 2500 ਦੇ ਕਰੀਬ ਹੈ, ਦੇ ਕੰਮਾਂ ਦੀ ਸਮੀਖਿਆ ਕਰਦੇ ਹੋਏ ਜਿਹੜਾ ਪ੍ਰਸ਼ਾਸਨ ਦੀ ਸਰਾਹਨਾ ਕੀਤੀ ਪ੍ਰਿੰਸੀਪਲ ਬੁਧਰਾਮ ਨੇ ਪਿੰਡਾਂ ਵਿੱਚ ਵੱਧ ਤੋਂ ਵੱਧ ਖੇਡ ਸਟੇਡੀਅਮ ਬਣਾਉਣ ਦੀ ਹਦਾਇਤ ਕਰਦੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਵਿੱਚੋਂ ਕੱਢ ਕੇ ਖੇਡਾਂ ਨਾਲ ਜੋੜਨਾ ਬਹੁਤ ਅਹਿਮ ਹੈ ਅਤੇ ਇਸ ਲਈ ਮਨਰੇਗਾ ਅਧੀਨ ਵੱਧ ਤੋਂ ਵੱਧ ਕੰਮ ਕੀਤਾ ਜਾਵੇ ਉਨਾਂ ਮਨਰੇਗਾ ਮਜ਼ਦੂਰਾਂ ਦੀਆਂ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਅਤੇ ਇਸ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਦੀ ਹਿਦਾਇਤ ਵੀ ਕੀਤੀ। ਉਹਨਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਕਰਵਾਏ ਜਾਂਦੇ ਕੰਮ ਦੀ ਗੁਣਵੱਤਾ ਬਰਕਰਾਰ ਰੱਖਣ ਅਤੇ ਪਿੰਡਾਂ ਵਿੱਚ ਲਗਾਈਆਂ ਜਾ ਰਹੀਆਂ ਇੰਟਰਲੋਕ ਟਾਈਲਾਂ ਦੀ ਜਾਂਚ ਜਰੂਰ ਕਰਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਉਹ ਪਿੰਡਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਅਨੁਸਾਰ ਖੇਡ ਸਟੇਡੀਅਮ ਅਤੇ ਪਿੰਡਾਂ ਦੀ ਸਫਾਈ ਲਈ ਕੰਮ ਨਿਰੰਤਰ ਜਾਰੀ ਹਨ। ਇਸ ਮੌਕੇ ਡੀਸੀਪੀ ਸ੍ਰੀ ਆਲਮ ਵਿਜੇ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਮਜੀਤ ਕੌਰ, ਡੀਡੀਪੀਓ ਸ੍ਰੀ ਸੰਦੀਪ ਮਲਹੋਤਰਾ, ਡੀਡੀਪੀਓ ਤਰਨ ਤਾਰਨ ਸ੍ਰੀ ਪਿਆਰਾ ਸਿੰਘ ਅਤੇ ਦੋਵਾਂ ਜਿਲਿਆਂ ਦੇ ਅਧਿਕਾਰੀ ਹਾਜ਼ਰ ਸਨ।