ਮੋਰਿੰਡਾ ਦੀ ਜਲ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਦੀ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਰਵਜੋਤ ਵੱਲੋਂ ਜਾਂਚ
ਮੋਰਿੰਡਾ 30 ਜੁਲਾਈ ਭਟੋਆ
ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਬੁੱਧਵਾਰ ਨੂੰ ਸਵੇਰੇ ਮੋਰਿੰਡਾ ਵਿੱਚ ਜਲ ਸਪਲਾਈ, ਸੀਵਰੇਜ ਅਤੇ ਸਫਾਈ ਪ੍ਰਬੰਧਾਂ ਨੂੰ ਲੈ ਕੇ ਲੋਕਾਂ ਦੀਆਂ ਬੇਚੈਨੀਆਂ ਤੇ ਲਗਾਤਾਰ ਵੱਧ ਰਹੀਆਂ ਸ਼ਿਕਾਇਤਾਂ ਕਾਰਨ ਮੋਰਿੰਡਾ ਵਿਖੇ ਪਹੁੰਚ ਕੇ ਕੌਂਸਲ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਵਿੱਚ ਕੀਤੇ ਗਏ ਕੰਮਾਂ ਦੀ ਸਮੀਖਿਆ ਕਰਨ ਲਈ ਪਹੁੰਚੇ ਸਨ ।ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਉਹਨਾਂ ਦੇ ਨਾਲ ਸਨ। ਮੋਰਿੰਡਾ ਪਹੁੰਚ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਜ਼ਮੀਨੀ ਹਕੀਕਤ ਦਾ ਜਾਇਜਾ ਲਿਆ ।ਇਸ ਮੌਕੇ ‘ਤੇ ਬਹੁਤ ਸਾਰੇ ਸ਼ਹਿਰ ਵਾਸੀਆਂ ਵੱਲੋਂ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀਆਂ ਮੰਤਰੀ ਕੋਲ ਖੁੱਲ ਕੇ ਸ਼ਿਕਾਇਤਾਂ ਕੀਤੀਆਂ ਜਿਨਾ ਦੀ ਹਾਜ਼ਰ ਕੌਂਸਲਰਾਂ ਨੇ ਵੀ ਹਾਮੀ ਭਰੀ। ਸ਼ਹਿਰ ਵਿੱਚਲੇ ਹਾਲਾਤਾਂ ਨੂੰ ਅੱਖੀ ਤੱਕਦਿਆਂ ਅਤੇ ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਫੈਲੀ ਗੰਦਗੀ ਅਤੇ ਨਾਲਿਆਂ ਦੀ ਸਫਾਈ ਨਾ ਕਰਨ ਕਾਰਨ ਓਵਰਫਲੋ ਹੋਕੇ ਸੜਕਾਂ ਤੇ ਫੈਲੇ ਗੰਦੇ ਪਾਣੀ ਸੜਕਾਂ ਤੇ ਫੈਲੇ ਗੰਦੇ ਪਾਣੀ ਅਤੇ ਗੰਦਗੀ ਤੋਂ ਸਖਤ ਨਰਾਜ਼ ਹੁੰਦਿਆਂ ਮੰਤਰੀ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਸਖਤ ਐਕਸ਼ਨ ਲੈਂਦਿਆਂ ਜਿੱਥੇ ਕੌਂਸਲ ਦੇ ਕਾਰਜ ਸਾਧਕ ਅਫਸਰ ਪਰਵਿੰਦਰ ਸਿੰਘ ਭੱਟੀ ਦਾ ਇਥੋਂ ਤੁਰੰਤ ਤਬਾਦਲਾ ਕਰ ਦਿੱਤਾ , ਉੱਥੇ ਹੀ ਕੌਂਸਲ ਦੇ ਸੈਨੀਟਰੀ ਇੰਸਪੈਕਟਰ ਵਰਿੰਦਰ ਸਿੰਘ ਅਤੇ ਜੂਨੀਅਰ ਇੰਜੀਨੀਅਰ ਨਰੇਸ਼ ਕੁਮਾਰ ਨੂੰ ਡਿਊਟੀ ਵਿੱਚ ਲਾਪਰਵਾਹੀ ਵਰਤਣ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ ।
ਇਸ ਦੌਰੇ ਦੌਰਾਨ ਡਾਕਟਰ ਰਵਜੋਤ ਸਿੰਘ ਨੇ ਸ਼ਹਿਰ ਦੇ ਅੰਡਰਬ੍ਰਿਜ, ਰੈਸਟ ਹਾਊਸ ਕਲੋਨੀ ਅਤੇ ਸ਼ਿਵ ਨੰਦਾ ਸਕੂਲ ਨੇੜੇ ਕੂੜਾ ਡੰਪ ਪੁਆਇੰਟ ਦਾ ਜਾਇਜਾ ਲਿਆ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੰਤਰੀ ਨੇ ਸੜਕਾਂ ‘ਤੇ ਪਈ ਗੰਦਗੀ, ਖੁੱਲ੍ਹੇ ਮੈਨਹੋਲ, ਵਧ ਰਹੇ ਮੱਛਰਾਂ ਦੇ ਲਾਰਵੇ ਅਤੇ ਗੰਦੇ ਪਾਣੀ ਦੀ ਵਰ੍ਹਾਟ ਹੋ ਰਹੀ ਸਮੱਸਿਆ ਨੂੰ ਦੇਖਦੇ ਹੋਏ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ।ਦੌਰੇ ਦੌਰਾਨ ਉਨ੍ਹਾਂ ਦੇਖਿਆ ਕਿ ਸ਼ਹਿਰ ਵਿੱਚ ਘਰਾਂ ਦਾ ਕੂੜਾ
ਕਚਰਾ ਵੱਡੀ ਮਾਤਰਾ ਵਿੱਚ ਇਧਰ-ਉਧਰ ਬਿਖਰਾ ਹੋਇਆ ਸੀ ਅਤੇ ਕੂੜਾ ਸੰਭਾਲਣ ਵਿੱਚ ਬੇਹੱਦ ਕਮਜ਼ੋਰੀ ਅਤੇ ਬੇਤਰਤੀਬੀ ਦਿਖਾਈ ਦਿੱਤੀ।
ਉਹਨੂੰ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਮਹੀਨੇ ਤੇ ਅੰਦਰ ਸ਼ਹਿਰ ਦੀਆਂ ਸੀਵਰੇਜ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਕੇ ਸ਼ਹਿਰ ਵਾਸੀਆਂ ਨੂੰ ਓਵਰਫਲੋ ਹੋ ਰਹੇ ਪਾਣੀ ਤੋਂ ਰਾਹਤ ਦੇਣ ਦੀ ਹਦਾਇਤ ਜਾਰੀ ਕਰਦਿਆਂ ਸਪਸ਼ਟ ਕੀਤਾ ਕਿ ਜਿਹੜੇ ਵੀ ਅਫਸਰ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਣ ਵਿੱਚ ਨਾਕਾਮ ਰਹੇ , ਉਨ੍ਹਾਂ ਖਿਲਾਫ਼ ਸਰਕਾਰ ਵੱਲੋ ਸਖਤ ਕਾਰਵਾਈ ਕੀਤੀ ਜਾਾਵੇਗੀ।
ਆਪਣੇ ਦੌਰੇ ਦੌਰਾਨ ਉਨਾ ਕਈ ਥਾਵਾਂ ‘ਤੇ ਤਾਜ਼ਾ ਸੀਵਰੇਜ ਲਾਈਨ ਪਾਉਣ ਦੇ ਬਾਵਜੂਦ ਵੀ ਪਾਣੀ ਸੜਕਾਂ ‘ਤੇ ਵਗ ਰਿਹਾ ਸੀ।ਜਿਸ ਤੋ ਗੁੱਸੇ ਵਿੱਚ ਆਏ ਮੰਤਰੀ ਨੇ ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ “ਕਿਵੇਂ ਚੱਲ ਰਿਹਾ ਹੈ ਤੁਹਾਡਾ ਕੰਮ? ਲੋਕ ਇੱਥੇ ਲੰਘਣ ਤੋਂ ਕਤਰਾ ਰਹੇ ਹਨ ਤੇ ਤੁਸੀਂ ਕਹਿੰਦੇ ਹੋ ਕੰਮ ਹੋ ਰਿਹਾ ਹੈ?”ਉਨ੍ਹਾਂ ਨੇ ਅਧਿਕਾਰੀਆਂ ਨੂੰ ਫਟਕਾਰ ਲਗਾਉਦਿਆਂ ਕਿਹਾ ਕਿ ਸਰਕਾਰ ਵੱਲੋਂ ਸੀਵਰੇਜ ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਪਰ ਨਤੀਜੇ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਹਨ।
ਮੰਤਰੀ ਦੇ ਦੌਰੇ ਦੌਰਾਨ ਵਾਰਡ ਨੰਬਰ 5 ਅਤੇ 6 ਦੇ ਰੈਸਟ ਹਾਊਸ ਨੇੜੇ ਰਹਿੰਦੇ ਨਿਵਾਸੀਆਂ, ਲਾਭ ਸਿੰਘ, ਸਵਰਨ ਸਿੰਘ ਭੱਟੀ ਅਤੇ ਰਜਿੰਦਰ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਸੀਵਰੇਜ ਮੈਨਹੋਲ ਓਵਰਫਲੋਅ ਹੋ ਕੇ ਗੰਦਾ ਪਾਣੀ ਸੜਕ ਤੇ ਜਮਾ ਹੋਣ ਉਪਰੰਤ ਜਿੱਥੇ ਸੱਪ ਆਦਿ ਉਨਾ ਦੇ ਘਰਾਂ ਵਿਚ ਦਾਖਲ ਹੋਣ ਕਾਰਨ ਪੂੂਰੇ ਮੁਹੱਲੇ ਵਾਸੀਆ ਵਿੱਚ ਡਰ ਤੇ ਦਹਿਸ਼ਤ ਪਾਈ ਜਾਂਦੀ ਹੈ, ਉੱਥੇ ਹੀ ਇਸ ਪਾਣੀ ਕਾਰਨ ਪੈਦਾ ਹੋਏ ਮੱਖੀੀਆਂ ਮੱਛਰਾਂ ਕਾਰਨ ਉਨਾ ਦੇ ਬੱਚੇ ਬੀਮਾਰ ਹੋ ਰਹੇ ਹਨ।ਉਨ੍ਹਾਂ ਦੱਸਿਆ ਕਿ ਪਾਣੀ ਰਸਤਾ ਨਾ ਹੋਣ ਕਰਕੇ ਸੜਕਾਂ ‘ਤੇ ਖੜਾ ਹੈ, ਜਿਸ ਨਾਲ ਨਿਰਵਿਘਨ ਆਵਾਜਾਈ ਤੇ ਲੋਕਾਂ ਦੇ ਘਰ ਪ੍ਰਭਾਵਿਤ ਹੋ ਰਹੇ ਹਨ।
ਇਸ ਮੌਕੇ ਤੇ ਸ਼ਹਿਰ ਵਾਸੀਆਂ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਿੱਚ 100 ਪ੍ਰਤੀਸ਼ਤ ਸੀਵਰੇਜ ਪਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਹਲਕਾ ਵਿਧਾਇਕ ਦੇ ਹਸਪਤਾਲ ਪਿੱਛੇ ਅਤੇ ਖਾਲਸਾ ਕਾਲਜ ਦੇ ਸਾਹਮਣੇ ਸਥਿਤ ਕਲੋਨੀ ਵਿੱਚ ਹਾਲੇ ਤੱਕ ਸੀਵਰੇਜ ਪਾਈਪ ਲਾਈਨ ਨਹੀਂ ਵਿਛਾਈ ਗਈ , ਜਿਸ ਨੂੰ ਨਜਾਇਜ਼ ਕਲੋਨੀ ਦੱਸਿਆ ਜਾ ਰਿਹਾ, ਜਦ ਕਿ ਕਲੋਨੀ ਵਾਸੀਆਂ ਵੱਲੋਂ 25-30 ਸਾਲ ਪਹਿਲਾਂ ਆਪੋ ਆਪਣੇ ਮਕਾਨ ਬਣਾਉਣ ਤੋਂ ਪਹਿਲਾਂ ਨਗਰ ਕੌਂਸਲ ਕੋਲੋਂ ਬਕਾਇਦਾ ਨਕਸ਼ੇ ਪਾਸ ਕਰਵਾਏ ਗਏ ਅਤੇ ਹਰ ਸਾਲ ਕੌਂਸਲ ਨੂੰ ਪ੍ਰਾਪਰਟੀ ਟੈਕਸ ਅਦਾ ਕੀਤਾ ਜਾ ਰਿਹਾ ਹੈ।
ਸੀਵਰੇਜ ਨਾਲ ਜੁੜੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਡਾ. ਰਵਜੋਤ ਸਿੰਘ ਨੇ ਸੀਵਰੇਜ ਬੋਰਡ ਦੇ ਏਗਜ਼ੀਕਿਊਟਿਵ ਇੰਜੀਨੀਅਰ ਰਾਜੀਵ ਕਪੂਰ ਨੂੰ ਨੋਟਿਸ ਜਾਰੀ ਕਰਕੇ ਹੁਕਮ ਦਿੱਤੇ ਕਿ ਇੱਕ ਮਹੀਨੇ ਅੰਦਰ ਸਾਰੇ ਬੰਦ ਹੋਏ ਪਾਈਪਲਾਈਨਾਂ ਨੂੰ ਸਾਫ ਕੀਤਾ ਜਾਵੇ।
ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇੱਕ ਮਹੀਨੇ ਬਾਅਦ ਇਸੀ ਇਲਾਕੇ ਦਾ ਮੁੜ ਜਾਇਜ਼ਾ ਲੈਣਗੇ ਅਤੇ ਜੇਕਰ ਹਾਲਾਤ ਨਾ ਸੁਧਰੇ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਇਸ ਮੌਕੇ ਤੇ ਮੀਡੀਏ ਨਾਲ ਗੱਲਬਾਤ ਕਰਦਿਆ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਲੋਕ ਉਨਾ ਨੂੰ ਸੇਵਾ ਲਈ ਚੁਣਦੇ ਹਨ, ਨਾ ਕਿ ਦਿਖਾਵੇ ਲਈ।ਉਹਨਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਚੌਗਿਰਦੇ ਦੀ ਸਾਫ ਸਫਾਈ, ਸਾਫ ਪਾਣੀ ਅਤੇ ਹੋਰ ਸਿਹਤ ਸਹੂਲਤਾਂ ਦੇਣ ਲਈ ਬਿਲਕੁਲ ਸਪਸ਼ਟ ਹੈ। ਉਹਨਾਂ ਕਿਹਾ ਕਿ ਅਜਿਹੀਆਂ ਸਹੂਲਤਾਂ ਨਾ ਦੇਣ ਵਾਲੇ ਕਿਸੇ ਵੀ ਵਿਭਾਗ ਦੇ ਅਧਿਕਾਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਠੇਕੇਦਾਰ ਅਧੂਰਾ ਕੰਮ ਕਰਕੇ ਪੈਸਾ ਲੈ ਰਹੇ ਹਨ, ਉਨ੍ਹਾਂ ਨੂੰ ਬਲੈਕਲਿਸਟ ਕੀਤਾ ਜਾਵੇਗਾ। ਵਿਭਾਗ ਦੇ ਉੱਚ ਪੱਧਰ ਦੇ ਅਧਿਕਾਰੀਆਂ ਦੀ ਇੱਕ ਟੀਮ ਹਰ ਹਫ਼ਤੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਮਿਆਰ ਤੇ ਵਰਤੇ ਗਏ ਮੈਟੀਰੀਅਲ ਦੀ ਗੁਣਵੱਤਾ ਦੀ ਅਚਾਨਕ ਜਾਂਚ ਕਰੇਗੀ।
ਇਸ ਮੌਕੇ ਤੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਮੰਤਰੀ ਡਾਕਟਰ ਰਵਜੋਤ ਸਿੰਘ ਦੇ ਆਉਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਹਲ ਹੋਣ ਦੀ ਆਸ ਜਾਗੀ ਹੈ, ਕਿਉਂਕਿ ਇਹ ਇਕ ਸਿਆਸੀ ਦੌਰਾ ਨਹੀਂ , ਬਲਕਿ ਉਹ ਜਮੀਨੀ ਹਕੀਕਤ ਵੇਖਣ ਆਏ ਹਨ।
ਇਸ ਮੌਕੇ ‘ਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ, ਏਡੀਸੀ ਜਨਰਲ ਪੂਜਾ ਸਿਆਲ ਗਰੇਵਾਲ ਅਤੇ ਐਸਡੀਐਮ ਮੋਰਿੰਡਾ ਸੁਖਪਾਲ ਸਿੰਘ, ਕੌਂਸਲ ਪ੍ਰਧਾਨ ਜਗਦੇਵ ਸਿੰਘ ਭਟੋਆ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ,ਸੰਦੀਪ ਕੁਮਾਰ ਸੋਨੂ, ਨਵਦੀਪ ਸਿੰਘ ਸ਼ਹਿਰੀ ਪ੍ਰਧਾਨ, ਜਗਤਾਰ ਸਿੰਘ ਘੜੂੰਆ ਰਾਜਨੀਤਕ ਸਕੱਤਰ,ਵਿਵੇਕ ਸ਼ਰਮਾ ਅਤੇ ਬੀਬੀ ਮਨਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਵੀ ਮੌਜੂਦ ਸਨ।