ਬਠਿੰਡਾ 3 ਅਗਸਤ, ਦੇਸ਼ ਕਲਿੱਕ ਬਿਓਰੋ
ਕਮਾਲੂ ਦੀ ਟਾਇਰ ਪਾਈਰੋਲਾਈਸਿਸ ਫੈਕਟਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਅਣਗਹਿਲੀ ਕਾਰਨ ਇਲਾਕੇ ਦੇ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਲਈ ਗੰਭੀਰ ਖਤਰੇ ਸਮੋਈ ਬੈਠੀ ਹੈ। ਇਹ ਸ਼ਬਦ ਜਮਹੂਰੀ ਅਧਿਕਾਰ ਸਭਾ ਪੰਜਾਬ, ਬਠਿੰਡਾ ਦੇ ਪ੍ਰਧਾਨ ਬੱਗਾ ਸਿੰਘ ਅਤੇ ਸਹਾਇਕ ਸਕੱਤਰ ਮਾਸਟਰ ਅਵਤਾਰ ਸਿੰਘ ਅਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਇਸ ਫੈਕਟਰੀ ਸਬੰਧੀ ਸਭਾ ਦੀ ਜਾਚ ਰਿਪੋਰਟ ਜਾਰੀ ਕਰਦਿਆਂ ਕਹੇ।
ਜਾਂਚ ਰਿਪੋਰਟ ਮੁਤਾਬਕ ਕਮਾਲੂ ਤੋਂ ਬਾਘੇ ਨੂੰ ਜਾਦੀ ਸੜਕ ਉਪਰ ਜੇਨੇਸਿਸ ਪਾਈਰੋਟੈਕ ਪ੍ਰਾ ਲਿ ਦੇ ਨਾਂ ਹੇਠ ਸਥਿਤ ਟਾਈਰਾਂ ਚੋਂ ਤੇਲ ਕੱਢਣ ਵਾਲੀ ਫੈਕਟਰੀ ਖਿਲਾਫ ਜਿਲਾ ਬਠਿੰਡਾ ਦੇ ਪਿੰਡ ਕਮਾਲੂ ਦੇ ਲੋਕ ਇਸ ਫੈਕਟਰੀ ਦੇ ਪ੍ਰਦੂਸ਼ਣ ਖਿਲਾਫ ਮਈ ਦੇ ਅਖੀਰ ਤੋਂ ਸੰਘਰਸ਼ ਕਰ ਰਹੇ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਜਨਵਰੀ 2024 ਦੀਆਂ ਹਦਾਇਤਾਂ ਮੁਤਾਬਕ ਇਸ ਫੈਕਟਰੀ ਅੰਦਰ ਟਰੀਟਮੈਂਟ ਪਲਾਂਟ, ਗੈਸ ਸਕਰੱਬਰਰ ਅਤੇ ਨਾਈਟਰੋਜਨ ਪਲਾਂਟ ਲਗਾਏ ਜਾਣੇ ਲਾਜਮੀਂ ਹਨ ਅਤੇ ਪੁਰਾਣੀ ਤਕਨੀਕ ਆਧਾਰਤ ਅਜਿਹੇ ਯੂਨਿਟ ਬੰਦ ਕੀਤੇ ਜਾਣੇ ਹਨ। ਪਰ ਪ੍ਰਦੂਸ਼ਣ ਕੰਟਰੋਲ ਬੋਰਡ ਬਠਿੰਡਾ ਦੇ ਅਧਿਕਾਰੀ ਐਕਸੀਅਨ ਰਵੀਦੀਪ ਸਿੰਗਲਾ ਮੁਤਾਬਕ ਇਹ ਫੈਕਟਰੀ ਪੁਰਾਣੀ ਤਕਨੀਕ ਨਾਲ ਲੱਗੀ ਹੋਈ ਹੈ ਲਿਹਾਜ਼ਾ ਇਸ ਵਿੱਚ ਟਰੀਟਮੈਂਟ ਪਲਾਂਟ ਦੀ ਕੋਈ ਜਰੂਰਤ ਨਹੀਂ ਹੈ। ਗੈਸਾਂ ਦੀ ਨਿਕਾਸੀ ਬਾਰੇ, ਗੈਸ ਸਕਰੱਬਰਰ ਬਾਰੇ, ਚਾਰਕੋਲ ਮਸ਼ੀਨਾਂ ਦੀ ਹਵਾ ਨਾਲ ਖਿੱਚਣ ਦੀ ਬਜਾਏ ਮਜਦੂਰਾਂ ਵੱਲੋਂ ਕੱਢਣ ਕਾਰਨ ਫੈਕਟਰੀ ਅੰਦਰ ਖਿੰਡੀ ਪਈ ਦਿਸਣ ਸਬੰਧੀ ਉਸਦਾ ਕਹਿਣਾ ਹੈ ਕਿ ਜਦੋ ਅਧਿਕਾਰੀਆਂ ਨੇ ਫੈਕਟਰੀ ਦਾ ਮੁਆਇਨਾ ਕੀਤਾ ਸੀ ਤਾਂ ਉਦੋਂ ਗੈਸ ਸਕਰੱਬਰਰ ਚਾਲੂ ਹਾਲਤ ’ਚ ਸੀ ਅਤੇ ਮਸ਼ੀਨਾਂ ਸਹੀ ਢੰਗ ਨਾਲ ਚਾਰਕੋਲ ਇੱਕਠੀ ਕੀਤੀ ਜਾ ਰਹੀ ਸੀ, ਬਾਅਦ ਦਾ ਸਾਨੂੰ ਪਤਾ ਨਹੀਂ। ਬੋਰਡ ਦੇ ਇੱਕ ਆਹਲਾ ਦਰਜੇ ਦੇ ਅਧਿਕਾਰੀ ਵੱਲੋਂ ਦਿੱਤੀ ਅਜਿਹੀ ਜੁਆਬਦੇਹੀ ਨੂੰ ਸਭਾ ਬਹੁਤ ਹੀ ਗੈਰਜੁੰਮੇਵਾਰਨਾ ਤੇ ਢੀਠਤਾਈ ਵਾਲ ਰਵੱਈਆ ਸਮਝਦੀ ਹੈ। ਇਹ ਕੋਈ ਲੋਕਾਂ ਦੇ ਸੇਵਕਾਂ ਵਾਲਾ ਰਵੱਈਆ ਨਹੀਂ ਹੈ। ਪ੍ਰਦੂਸ਼ਨ ਕੰਟਰੋਲ ਕਰਨ ਦੇ ਕਦਮਾਂ ਦੀ ਅਣਹੋੱਦ ਵਿੱਚ ਅਜਿਹੀਆਂ ਫੈਕਟਰੀਆਂ ਹਾਨੀਕਾਰਕ ਰਸਇਣ, ਖੁਸ਼ਕ ਚਾਰਕੋਲ, ਦੂਸ਼ਤ ਪਾਣੀ ਅਤੇ ਗੈਸਾਂ ਨੂੰ ਵਾਤਾਵਰਣ ਅਤੇ ਮਨੁੱਖੀ ਤੇ ਜੀਵ-ਜੰਤੂਆਂ ਨੂੰ ਦੂਸ਼ਤ ਕਰਕੇ ਮਾਰੂ ਸਾਬਤ ਹੋ ਸਕਦੀਆਂ ਹਨ।
ਸਭਾ ਮੰਗ ਕਰਦੀ ਹੈ ਕਿ ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ ਦੀਆਂ ਹਦਾਇਤਾਂ ਦੀ ਪਾਲਣਾ ਪਾਰਦਰਸ਼ੀ ਢੰਗ ਨਾਲ ਲਾਗੂ ਕਰਦਿਆਂ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਕਰਦਿਆਂ ਲੋਕਾਂ ਦੀ ਤਸੱਲੀ ਕਰਵਾਈ ਜਾਵੇ, ਫੈਕਟਰੀ ਦੀ ਵਿਸਥਾਰਤ ਪ੍ਰੋਜੈਕਟ ਰਿਪੋਰਟ ਜਨਤਕ ਕੀਤੀ ਜਾਵੇ। ਪ੍ਰਦੂਸ਼ਨ ਕਾਰਨ ਲੋਕਾਂ ਅਤੇ ਵਾਤਾਵਰਣ ਚ ਫੈਲਣ ਵਾਲੀਆਂ ਬਿਮਾਰੀਆਂ ਦਾ ਚੈਕ ਅਪ ਕੀਤਾ ਜਾਵੇ, ਪ੍ਰਭਾਵਤ ਲੋਕਾਂ ਦਾ ਮੁਫਤ ਇਲਾਜ ਕਰਵਾਇਆ ਜਾਵੇ ਅਤੇ ਬਣਦਾ ਮੁਆਵਜਾ ਦਿੱਤਾ ਜਾਵੇ। ਇਹ ਖਰਚਾ ਪ੍ਰਦੂਸ਼ਤ ਕਰਤਾ ਤੋਂ ਵਸੂਲਿਆ ਜਾਵੇ। ਜਾਂਚ ਟੀਮ ਵਿੱਚ ਪ੍ਰਿਤਪਾਲ ਸਿੰਘ, ਜਗਦੇਵ ਸਿੰਘ ਜੱਗਾ, ਮੰਦਰ ਜੱਸੀ, ਹਰਦੀਪ ਸਿੰਘ ਘੁੱਦਾ, ਗੁਰਤੇਜ ਸਿੰਘ ਅਤੇ ਸੁਖਵਿੰਦਰ ਭਾਗੀਬਾਂਦਰ ਸ਼ਾਮਲ ਸਨ।