ਮੇਅਰ ਅਤੇ ਵਿਧਾਇਕ ਦੀ “ਸਿਆਸੀ ਕਿੜ” ਨੇ ਮੋਹਾਲੀ ਦਾ ਬੇੜਾ ਗਰਕ ਕੀਤਾ: ਪਰਵਿੰਦਰ ਸੋਹਾਣਾ

ਟ੍ਰਾਈਸਿਟੀ

ਮੋਹਾਲੀ: 6 ਅਗਸਤ, ਦੇਸ਼ ਕਲਿੱਕ ਬਿਓਰੋ

ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਮਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਇਹਨਾਂ ਦੋਹਾਂ ਨੇ ਆਪਣੀ “ਸਿਆਸੀ ਕਿੜ” ਨੂੰ ਪ੍ਰਮੁੱਖ ਰੱਖ ਕੇ ਸ਼ਹਿਰ ਦਾ ਬੇੜਾ ਗਰਕ ਕਰ ਦਿੱਤਾ ਹੈ। ਅੱਜ ਇੱਕ ਪੱਤਰਕਾਰ ਸੰਮੇਲਨ ਵਿੱਚ ਇਹਨਾਂ ਦੋਹਾਂ ਆਗੂਆਂ ਤੇ ਵਰ੍ਹਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਇਹ ਦੋਵੇਂ ਆਗੂ ਆਪਣੇ ਮਤਲਬ ਲਈ ਕਦੇ ਵੀ ਇਕੱਠੇ ਹੋ ਜਾਂਦੇ ਹਨ ਅਤੇ ਗਲਵੱਕੜੀ ਪਾ ਲੈਂਦੇ ਹਨ, ਅਤੇ ਕਦੇ ਇੱਕ ਦੂਜੇ ਦੇ ਖਿਲਾਫ ਸਿਆਸੀ ਤਲਵਾਰਾਂ ਖਿੱਚ ਕਿ ਲੋਕਾਂ ਨੂੰ ਬੁੱਧੂ ਬਣਾਉਣ ਲੱਗ ਜਾਂਦੇ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਕਿ ਨਗਰ ਨਿਗਮ ਦੀਆਂ ਚੋਣਾਂ ਨੂੰ ਚੰਦ ਮਹੀਨੇ ਬਾਕੀ ਰਹਿ ਗਏ ਹਨ ਤਾਂ ਅਚਾਨਕ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜਿੱਤੀ ਸਿੱਧੂ ਨੂੰ ਅਚਾਨਕ ਸ਼ਹਿਰ ਦੀਆਂ ਭੱਖ ਦੀਆਂ ਸਮੱਸਿਆਵਾਂ ਚੇਤੇ ਆ ਗਈਆਂ ਹਨ। ਉਹਨਾਂ ਕਿਹਾ ਕਿ ਸਾਢੇ ਚਾਰ ਸਾਲ ਭ੍ਰਿਸ਼ਟਾਚਾਰ ਰਾਹੀਂ ਮੋਹਾਲੀ ਨਜ਼ਰ ਨਿਗਮ ਦੀ ਵਿੱਤੀ ਹਾਲਤ ਦਾ ਜਨਾਜ਼ਾ ਕੱਢਣ ਵਾਲੇ ਮੇਅਰ ਅੱਜ ਸ਼ਹਿਰ ਦੇ ਰਾਖੇ ਬਣਨ ਦਾ ਯਤਨ ਕਰ ਰਹੇ ਹਨ ਪਰ ਸਾਲਾਂ ਤੋਂ ਆਪੋ ਆਪਣੇ ਇਲਾਕਿਆਂ ਵਿੱਚ ਤਰਾਸਦੀ ਭੋਗ ਰਹੇ ਮੋਹਾਲੀ ਦੇ ਲੋਕ ਹੁਣ ਮੇਅਰ ਦੀਆਂ ਕੁਚਾਲਾਂ ਵਿੱਚ ਫਸਣ ਨਹੀਂ ਲੱਗੇ। ਉਹਨਾਂ ਕਿਹਾ ਕਿ 600 ਕਰੋੜ ਰੁਪਏ ਦੀ ਜੋ ਡਿਮਾਂਡ ਮੇਅਰ, ਸਰਕਾਰ ਤੋਂ ਕਰ ਰਹੇ ਹਨ, ਉਸ ਦਾ ਐਸਟੀਮੇਟ ਕਿੱਥੇ ਹੈ, ਇਹ ਪੈਸਾ ਕਿੱਥੇ ਲੱਗਣਾ ਹੈ, ਨਿਗਮ ਦੀ ਮੀਟਿੰਗ ਵਿੱਚ ਕਦੋਂ ਇਸ ਬਾਰੇ ਗੱਲ ਹੋਈ ਹੈ? ਉਹਨਾਂ ਕਿਹਾ ਕਿ ਇਸੇ ਤਰ੍ਹਾਂ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਤੋਂ ਹਮੇਸ਼ਾ ਭੱਜਦੇ ਰਹੇ ਹਨ। ਉਹਨਾਂ ਕਿਹਾ ਕਿ ਮੋਹਾਲੀ ਦੀਆਂ ਬੁਨਿਆਦੀ ਸਮੱਸਿਆਵਾਂ ਵਿੱਚ ਕੂੜੇ ਦਾ ਰੱਖ ਰੱਖਾਓ ਪਿਛਲੇ ਡੇਢ ਸਾਲ ਤੋਂ ਸਹੀ ਢੰਗ ਨਾਲ ਨਹੀਂ ਹੋ ਰਿਹਾ ਅਤੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਵਿਧਾਇਕ ਨੂੰ ਰਾਜਨੀਤੀ ਸੁੱਝ ਰਹੀ ਹੈ। ਉਹਨਾਂ ਕਿਹਾ ਕਿ ਜਿਸ ਸਮਗੋਲੀ ਦੀ ਗੱਲ ਵਿਧਾਇਕ ਕੂੜਾ ਸੁੱਟਣ ਵਾਸਤੇ ਕਰ ਰਹੇ ਹਨ, ਉੱਥੇ ਹਾਲੇ ਦੋ ਸਾਲਾਂ ਤੱਕ ਕੂੜਾ ਸੁੱਟਣਾ ਸੰਭਵ ਨਹੀਂ ਹੈ ਅਤੇ ਦੂਜੀ ਵੱਡੀ ਗੱਲ ਇਹ ਹੈ ਕਿ ਕੀ ਉਥੇ ਲੋਕ ਨਹੀਂ ਰਹਿੰਦੇ। ਕੀ ਆਪਣਾ ਗੰਦ ਦੂਜੇ ਦੇ ਗਲ ਪਾਉਣਾ ਸਹੀ ਹੋਵੇਗਾ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਮੋਹਾਲੀ ਵਿੱਚ ਬਰਸਾਤੀ ਪਾਣੀ ਦੀ ਮਾਰ ਝੱਲਣ ਵਾਲੇ ਲੋਕਾਂ ਨਾਲ ਰਾਜਨੀਤੀ ਹੋ ਰਹੀ ਹੈ। ਇਸ ਵਾਸਤੇ ਵੀ ਮੇਅਰ ਦੀ ਅਤੇ ਵਿਧਾਇਕ ਦੋਵੇਂ ਹੀ ਬਰਾਬਰ ਦੀ ਜਿੰਮੇਵਾਰ ਹਨ। ਸਾਲ ਦਰ ਸਾਲ ਲੋਕਾਂ ਦਾ ਕਰੋੜਾਂ ਰੁਪਏ ਦਾ ਸਮਾਨ ਬਰਬਾਦ ਹੁੰਦਾ ਰਿਹਾ ਪਰ ਇਹ ਦੋਵੇਂ ਆਗੂ ਇੱਕ ਦੂਜੇ ਦੇ ਉੱਤੇ ਦੋਸ਼ ਮੜ੍ਹਦੇ ਰਹੇ ਤੇ ਲੋਕ ਇਹਨਾਂ ਦੀ ਸਿਆਸੀ ਦੁਸ਼ਮਣੀ ਦੀ ਭੇਂਟ ਚੜਦੇ ਰਹੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੋਕ ਹਿਤ ਸਭ ਤੋਂ ਉੱਪਰ ਰੱਖੇ ਹਨ ਅਤੇ ਮੋਹਾਲੀ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2500 ਕਰੋੜ ਰੁਪਏ ਖਰਚ ਕੀਤੇ ਗਏ। ਉਹਨਾਂ ਕਿਹਾ ਕਿ ਇਸ ਦਾ ਪੰਜਵਾਂ ਹਿੱਸਾ ਵੀ ਮੇਅਰ ਅਤੇ ਵਿਧਾਇਕ ਨੇ ਮੋਹਾਲੀ ਵਾਸਤੇ ਨਹੀਂ ਲਿਆਂਦਾ ਅਤੇ ਜੋ ਪੈਸਾ ਆਇਆ ਹੈ ਉਹ ਸਹੀ ਪਾਸੇ ਲੱਗਿਆ ਹੀ ਨਹੀਂ। ਉਹਨਾਂ ਮੰਗ ਕੀਤੀ ਕਿ ਇਹ ਦੋਵੇਂ ਆਗੂ ਆਪਣੀ ਸਿਆਸੀ ਦੁਸ਼ਮਣੀ ਕਾਰਨ ਮੋਹਾਲੀ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਥਾਂ ਤੇ ਸਹੀ ਢੰਗ ਨਾਲ ਮੋਹਾਲੀ ਦੇ ਲੋਕਾਂ ਦੀ ਬੇਹਤਰੀ ਵਾਸਤੇ ਕੰਮ ਕਰਨ ਜਾਂ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਲਾਂਭੇ ਹੋ ਜਾਣ‌। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।