ਭਾਰੀ ਮੀਂਹ ਤੇ ਡਿੱਚ ਡਰੇਨ ਟੁੱਟਣ ਨਾਲ ਹੋਈਆਂ ਫਸਲਾਂ ਦੇ ਖ਼ਰਾਬੇ ਦਾ ਜਾਇਜ਼ਾ ਲੈਣ ਲਈ ਵਿਧਾਇਕ ਫਾਜ਼ਿਲਕਾ ਹਲਕੇ ਦੇ ਪਿੰਡ ਕੇਰੀਆ ਪਹੁੰਚੇ

ਪੰਜਾਬ

ਮੌਕੇ ਤੇ ਜਲ ਸਰੋਤ ਮੰਤਰੀ ਨੂੰ ਫੋਨ ਕਰਕੇ ਮੌਜੂਦਾ ਹਾਲਾਤਾਂ ਤੋਂ ਕਰਵਾਇਆ ਜਾਣੂੰ

ਡਿੱਚ ਡਰੇਨ ਦੇ ਕੰਢਿਆ ਨੂੰ ਮਜ਼ਬੂਤ ਤੇ ਸਾਫ ਸਫਾਈ ਬਾਰੇ ਕੀਤੀ ਚਰਚਾ

ਫਾਜ਼ਿਲਕਾ 10 ਅਗਸਤ , ਦੇਸ਼ ਕਲਿੱਕ ਬਿਓਰੋ

          ਭਾਰੀ ਮੀਂਹ ਤੇ ਡਿੱਚ ਡਰੇਨ ਟੁੱਟਣ ਨਾਲ ਹੋਈਆਂ ਫਸਲਾਂ ਦੇ ਖ਼ਰਾਬੇ ਦਾ ਜਾਇਜ਼ਾ ਲੈਣ ਲਈ ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਹਲਕੇ ਦੇ ਪਿੰਡ ਕੇਰੀਆ ਪਹੁੰਚੇ। ਇਸ ਦੌਰਾਨ ਉਨ੍ਹਾਂ ਪਿੰਡ ਦੇ ਸੇਮਨਾਲੇ ਦਾ ਨਿਰੀਖਣ ਕਰਦਿਆਂ ਉਨ੍ਹਾਂ ਜਲ ਸਰੋਤ ਮੰਤਰੀ ਸ੍ਰੀ. ਬਰਿੰਦਰ ਕੁਮਾਰ ਗੋਇਲ ਨਾਲ ਫੋਨ ਤੇ ਗੱਲਬਾਤ ਕਰਦਿਆਂ ਡਿਚ ਡਰੈਨ ਦੀ ਸਫਾਈ ਅਤੇ ਕੰਢਿਆਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ।

          ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਜਲ ਸਰੋਤ ਮੰਤਰੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਵੀ ਬਾਰਿਸ਼ਾਂ ਦਾ ਮੌਸਮ ਆਉਂਦਾ ਹੈ ਤਾਂ ਸਾਰੀਆਂ ਡਰੇਨਾਂ ਦਾ ਪਾਣੀ ਡਿੱਚ ਡਰੇਨ ਵਿੱਚ ਇਕੱਠਾ ਹੋ ਕੇ ਫਾਜ਼ਿਲਕਾ ਜ਼ਿਲ੍ਹੇ ਦੇ ਸਾਬੂਆਣਾ ਸਮੇਤ ਬਹੁਤ ਸਾਰੇ ਪਿੰਡਾਂ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਡਿੱਚ ਡਰੇਨ ਜ਼ਿਆਦਾ ਭਰਨ ਕਰਕੇ ਟੁੱਟ ਜਾਂਦੀ ਹੈ ਜਿਸ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਕਾਫ਼ੀ ਪਿੰਡ ਪਾਣੀ ਦੀ ਮਾਰ ਹੇਠ ਆ ਜਾਂਦੇ ਹਨ।  ਇਸ ਤੋਂ ਇਲਾਵਾ ਸੇਮਨਾਲੇ ਭਰਨ ਕਾਰਨ ਸੇਮਨਾਲੇ ਵੀ ਟੁੱਟ ਜਾਂਦੇ ਹਨ ਜਿਸ ਕਾਰਨ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਕਾਫੀ ਪਿੰਡ ਪਾਣੀ ਦੀ ਮਾਰ ਹੇਠ ਆ ਜਾਂਦੇ ਹਨ। ਉਨ੍ਹਾਂ ਜਲ ਸਰੋਤ ਮੰਤਰੀ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਡਰੇਨਾਂ ਦੀ ਸਫਾਈ ਦੇ ਨਾਲ ਨਾਲ ਖਾਸ ਕਰ ਡਿੱਚ ਡਰੇਨ ਤੇ ਡਰੇਨ ਦੇ ਕੰਢਿਆ ਨੂੰ ਵੀ ਮਜ਼ਬੂਤ ਕੀਤਾ ਜਾਵੇ ਤਾਂ ਜੋ ਡਰੇਨ ਨਾ ਟੁੱਟਣ ਤੇ ਫਸਲਾਂ ਦਾ ਖਰਾਬਾ ਨਾ ਹੋਵੇ।

          ਵਿਧਾਇਕ ਫਾਜ਼ਿਲਕਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਮੁਸ਼ਕਲ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ ਤੇ ਫਸਲਾਂ ਦੇ ਖਰਾਬੇ ਦੀ ਸਪੈਸਲ ਗਿਰਦਾਵਰੀ ਕਰਵਾ ਕੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦੇ ਖਰਾਬੇ ਦਾ ਜਾਇਜ਼ਾ ਲੈਣ ਲਈ ਉਹ ਲਗਾਤਾਰ ਤੁਹਾਡੇ ਵਿਚਕਾਰ ਪਹੁੰਚ ਰਹੇ ਤਾਂ ਤੁਹਾਡੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਸਬੰਧਿਤ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਦੇਸ਼ ਦੇ ਅੰਨਦਾਤਾ ਹਨ ਤੇ ਸਾਨੂੰ ਖੁਦ ਬਹੁਤ ਦੁੱਖ ਹੁੰਦਾ ਹੈ ਕੁਦਰਤ ਦੀ ਮਾਰ ਹੇਠ ਆਉਣ ਕਾਰਨ ਕਿਸਾਨਾਂ ਦੀ ਫਸਲ ਪ੍ਰਭਾਵਿਤ ਹੁੰਦੀ ਹੈ ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੱਧ ਤੋਂ ਵੱਧ ਕਿਸਾਨਾਂ ਦੀ ਮਦਦ ਤੇ ਕਿਸਾਨਾਂ ਦਾ ਸਹਿਯੋਗ ਕੀਤਾ ਜਾਵੇ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।