ਅੰਮ੍ਰਿਤਸਰ, 11 ਅਗਸਤ, ਦੇਸ਼ ਕਲਿਕ ਬਿਊਰੋ :
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮ ਅਧੀਨ ਬਣਾਈ ਗਈ ਭਰਤੀ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ, ਹੋਰ ਸੂਬਿਆਂ ਅਤੇ ਵਿਦੇਸ਼ਾਂ ’ਚੋਂ ਕੁੱਲ 15 ਲੱਖ ਵਰਕਰਾਂ ਦੀ ਭਰਤੀ ਕੀਤੀ ਗਈ ਹੈ। ਡੈਲੀਗੇਟ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਅੱਜ ਸੋਮਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਇਕ ਮਹੱਤਵਪੂਰਨ ਇਜਲਾਸ ਬੁਲਾਇਆ ਗਿਆ ਹੈ।
ਇਸ ਬੈਠਕ ਵਿੱਚ ਨਵੇਂ ਸੰਗਠਨ ਦੀ ਪ੍ਰਧਾਨਗੀ ਅਤੇ ਜਥੇਬੰਧਕ ਢਾਂਚੇ ਬਾਰੇ ਫੈਸਲੇ ਹੋਣਗੇ। ਭਾਵੇਂ ਇਹ ਗਰੁੱਪ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਚੋਣ ਨਿਸ਼ਾਨ ਤੱਕੜੀ ’ਤੇ ਆਪਣਾ ਹੱਕ ਜਤਾਉਂਦਾ ਹੈ, ਪਰ ਸੂਤਰਾਂ ਅਨੁਸਾਰ, ਨਵੇਂ ਅਕਾਲੀ ਦਲ ਨੂੰ ਅਲੱਗ ਰਜਿਸਟਰ ਕਰਵਾਉਣ ਦੀ ਸੰਭਾਵਨਾ ਹੈ।
ਪ੍ਰਧਾਨਗੀ ਲਈ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ, ਜਦੋਂਕਿ ਬੀਬੀ ਸਤਵੰਤ ਕੌਰ, ਜੋ ਪਹਿਲਾਂ ਉਮੀਦਵਾਰਾਂ ਵਿੱਚ ਸੀ, ਹੁਣ ਮੁੱਖ ਦੌੜ ਤੋਂ ਬਾਹਰ ਮੰਨੇ ਜਾ ਰਹੇ ਹਨ। ਹਾਲਾਂਕਿ, ਅਸਲ ਸਥਿਤੀ ਦਾ ਖ਼ੁਲਾਸਾ ਅੱਜ ਸੋਮਵਾਰ ਦੀ ਮੀਟਿੰਗ ਤੋਂ ਬਾਅਦ ਹੀ ਹੋਵੇਗਾ।
