ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦਾ ਦੁੱਖ ਵੰਡਾਉਣ ਤੇ ਹਰ ਸੰਭਵ ਸਹਾਇਤਾ ਲਈ ਵਚਨਬੱਧ
ਚੰਡੀਗੜ੍ਹ / ਸਮਰਾਲਾ, (ਲੁਧਿਆਣਾ) 11 ਅਗਸਤ : ਦੇਸ਼ ਕਲਿੱਕ ਬਿਓਰੋ
ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਅੱਜ ਜ਼ਿਲ੍ਹਾ ਲੁਧਿਆਣਾ ਦੇ ਉਪ ਮੰਡਲ ਸਮਰਾਲਾ ਅਧੀਨ ਪੈਂਦੇ ਪਿੰਡ ਮਾਨੂੰਪੁਰ ਵਿਖੇ ਸ਼ਹੀਦ ਲਾਂਸ ਨਾਇਕ ਪ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਝਾਂ ਕਰਨ ਲਈ ਪਹੁੰਚੇ। ਪ੍ਰਿਤਪਾਲ ਸਿੰਘ ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸ਼ਹੀਦ ਹੋ ਗਏ ਸਨ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਹੀਦ ਪ੍ਰਿਤਪਾਲ ਸਿੰਘ ਦੀ ਧਰਮ ਪਤਨੀ ਮਨਪ੍ਰੀਤ ਕੌਰ, ਪਿਤਾ ਹਰਬੰਸ ਸਿੰਘ, ਮਾਤਾ ਅਤੇ ਭਰਾਵਾਂ ਨਾਲ ਦੁੱਖ ਵੰਡਾਇਆ ਅਤੇ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਖੜੀ ਹੈ ਅਤੇ ਸਰਕਾਰ ਵੱਲੋਂ ਜੋ ਸੰਭਵ ਮੱਦਦ ਹੋਵੇਗੀ, ਉਹ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਵੀ ਸ਼ਹੀਦ ਲਾਂਸ ਨਾਇਕ ਪ੍ਰਿਤਪਾਲ ਸਿੰਘ ਅਤੇ ਸ਼ਹੀਦ ਹਰਮਿੰਦਰ ਸਿੰਘ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਜਵਾਨ ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕਰ ਰਹੇ ਹਨ, ਉਨ੍ਹਾਂ ਦੇ ਇਸ ਜਜਬੇ ਕਾਰਨ ਹੀ ਅਸੀ ਦੇਸ਼ ਵਾਸੀ ਚੈਨ ਦੀ ਨੀਂਦ ਸੋ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਦੁਸ਼ਮਣ ਤਾਕਤਾਂ ਹਮੇਸ਼ਾ ਇਸ ਤਾਂਕ ਵਿਚ ਰਹਿੰਦੀਆਂ ਹਨ ਕਿ ਸਾਡੇ ਦੇਸ਼ ਦਾ ਅਮਨ ਕਾਨੂੰਨ ਭੰਗ ਕੀਤਾ ਜਾਵੇ, ਪਰ ਸਾਡੇ ਫੋਜੀ ਆਪਣੀਆਂ ਸ਼ਹੀਦੀਆਂ ਦੇ ਕੇ ਦੇਸ਼ ਦੀ ਆਨ ਬਾਨ ਸ਼ਾਨ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਫਰਵਰੀ ਮਹੀਨੇ ਵਿਚ ਪ੍ਰਿਤਪਾਲ ਸਿੰਘ ਦਾ ਵਿਆਹ ਹੋਇਆ ਸੀ, ਪਰਿਵਾਰ ਨੇ ਦੱਸਿਆ ਹੈ ਕਿ ਉਹ ਅਪ੍ਰੈਲ ਮਹੀਨੇ ਆਪਣੀ ਡਿਊਟੀ ਤੇ ਪਰਤ ਗਿਆ ਸੀ ਅਤੇ ਦੀਵਾਲੀ ਪਰਿਵਾਰ ਨਾਲ ਮਨਾਉਣ ਦਾ ਵਾਅਦਾ ਕੀਤਾ ਸੀ, ਭਾਵੇ ਅੱਜ ਸਾਡੇ ਇਹ ਭਰਾ ਸ਼ਹੀਦ ਹੋਏ ਹਨ, ਪ੍ਰੰਤੂ ਉਨ੍ਹਾਂ ਦੇ ਪਰਿਵਾਰ ਦਾ ਹੋਸਲਾ ਅਤੇ ਜਜ਼ਬਾ ਅਤੇ ਪਿੰਡ ਵਾਸੀਆਂ ਨੂੰ ਮਿਲ ਕੇ ਅੱਜ ਫਖ਼ਰ ਮਹਿਸੂਸ ਹੋਇਆ ਹੈ ਕਿ ਸਾਡੇ ਪੰਜਾਬ ਦੇ ਗੱਭਰੂ ਜਵਾਨ ਅੱਜ ਵੀ ਅਮਨ ਅਤੇ ਸ਼ਾਤੀ ਲਈ ਸ਼ਹੀਦੀਆਂ ਦੇਣ ਤੋ ਨਹੀ ਕਤਰਾਉਦੇ। ਸ. ਬੈਂਸ ਨੇ ਕਿਹਾ ਕਿ ਸਾਡੇ ਲਈ ਇਹ ਦੁੱਖ ਦੀ ਘੜੀ ਹੈ, ਅਸੀ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਦੇ ਵਾਅਦੇ ਮੁਤਾਬਿਕ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰੇਗੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋ ਇਲਾਵਾ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।