ਧਾਰਮਿਕ ਸਥਾਨ ਤੋਂ ਦਰਸ਼ਨ ਕਰਕੇ ਪਿਕਅੱਪ ਰਾਹੀਂ ਵਾਪਸ ਆ ਰਹੇ ਸ਼ਰਧਾਲੂਆਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ 11 ਸ਼ਰਧਾਲੂਆਂ ਦੀ ਮੌਤ ਹੋ ਗਈ। ਸਾਰੇ ਸ਼ਰਧਾਲੂ ਇਕ ਹੀ ਪਿੰਡ ਦੇ ਦੱਸੇ ਜਾ ਰਹੇ ਸਨ।
ਜੈਪੁਰ, 13 ਅਗਸਤ, ਦੇਸ਼ ਕਲਿਕ ਬਿਊਰੋ :
ਰਾਜਸਥਾਨ ਦੇ ਦੌਸਾ ਵਿੱਚ ਪਿਕਅੱਪ-ਕੰਟੇਨਰ ਦੀ ਟੱਕਰ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 7 ਬੱਚੇ ਅਤੇ 4 ਔਰਤਾਂ ਸ਼ਾਮਲ ਹਨ। ਸਾਰੇ ਉੱਤਰ ਪ੍ਰਦੇਸ਼ ਦੇ ਏਟਾ ਦੇ ਰਹਿਣ ਵਾਲੇ ਹਨ।
ਪੁਲਿਸ ਅਨੁਸਾਰ ਇਹ ਹਾਦਸਾ ਅੱਜ ਬੁੱਧਵਾਰ ਸਵੇਰੇ ਤੜਕੇ 3.30 ਵਜੇ ਦੇ ਕਰੀਬ ਸੈਂਥਲ ਥਾਣਾ ਖੇਤਰ ਦੇ ਬਾਪੀ ਪਿੰਡ ਵਿੱਚ ਵਾਪਰਿਆ। ਪਿਕਅੱਪ ਵਿੱਚ ਸਵਾਰ ਸਾਰੇ ਲੋਕ ਖਾਟੂਸ਼ਿਆਮ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ।
ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਪਿਕਅੱਪ ਸਵਾਰ ਏਟਾ (ਯੂਪੀ) ਦੇ ਪਿੰਡ ਆਸਰਾਉਲੀ (ਕੋਟਵਾਲੀ ਦੇਹਾਤ) ਦੇ ਰਹਿਣ ਵਾਲੇ ਸਨ। ਪਿਕਅੱਪ ਵਿੱਚ 22 ਤੋਂ ਵੱਧ ਸ਼ਰਧਾਲੂ ਸਨ। ਇਨ੍ਹਾਂ ਵਿੱਚੋਂ 10 ਦੀ ਮੌਤ ਦੌਸਾ ਵਿੱਚ ਹੋਈ।
ਇਸ ਦੇ ਨਾਲ ਹੀ, ਇੱਕ ਗੰਭੀਰ ਜ਼ਖਮੀ ਵਿਅਕਤੀ ਦੀ ਜੈਪੁਰ ਦੇ ਐਸਐਮਐਸ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪੂਰਵੀ (3), ਪ੍ਰਿਯੰਕਾ (25), ਦਕਸ਼ (12), ਸ਼ੀਲਾ (35), ਸੀਮਾ (25), ਅੰਸ਼ੂ (26) ਅਤੇ ਸੌਰਭ (35) ਸ਼ਾਮਲ ਹਨ। 4 ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਕੁਝ ਜ਼ਖਮੀਆਂ ਨੂੰ ਦੌਸਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਗੰਭੀਰ ਜ਼ਖਮੀਆਂ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ (ਐਸਐਮਐਸ) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
