ਪਿਛਲੇ ਸਮੇਂ ਦੌਰਾਨ ਕਈ ਅਜਿਹੀਆਂ ਦੁਖਦਾਈ ਘਟਨਾਵਾਂ ਸਾਹਮਣੇ ਆਈਆਂ ਸਨ ਕਿ ਜਿੰਮ ਦੌਰਾਨ ਕਸਰਤ ਕਰਦੇ ਸਮੇਂ ਜਾਂ ਖੇਡਣ ਦੌਰਾਨ ਕਈ ਨੌਜਵਾਨਾਂ ਦੀ ਜਾਨ ਚਲੀ ਗਈ। ਅਜਿਹੀਆਂ ਘਟਨਾਵਾਂ ਨੇ ਇਕ ਵਾਰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਸਬੰਧੀ ਹੁਣ ਸਿਹਤ ਵਿਭਾਗ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਫ਼ਾਜ਼ਿਲਕਾ, 13 ਅਗਸਤ, ਦੇਸ਼ ਕਲਿੱਕ ਬਿਓਰੋ :
ਭਗਵੰਤ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਵੱਖ ਵੱਖ ਉਪਰਾਲੇ ਕਰ ਰਹੀ ਹੈ। ਪਿਛਲੇ ਦਿਨੀਂ ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਜਿੰਮ ਦੌਰਾਨ ਵਰਤ ਰਹੇ ਹਾਦਸਿਆਂ ਨੂੰ ਮੁੱਖ ਰੱਖਦੇ ਹੋਏ ਜਿੰਮ ਜਾਣ ਵਾਲਿਆਂ ਅਤੇ ਖਿਡਾਰੀਆਂ ਲਈ ਸਲਾਹ ਜਾਰੀ ਕੀਤੀ ਗਈ। ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਜੀ ਦੀ ਉਚੇਚੀ ਨਿਗਰਾਨੀ ਵਿੱਚ ਜਾਣਕਾਰੀ ਦਿੰਦਿਆਂ ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਕਸਰਤ ਕਰਨਾ ਸਿਹਤ ਲਈ ਜਰੂਰੀ ਹੈ, ਪਰ ਕੁਝ ਕੁ ਸਾਵਧਾਨੀਆਂ ਵਰਤ ਕੇ ਕਸਰਤ ਕਰਨੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਨਿਯਮਿਤ ਜੀਵਨ ਸ਼ੈਲੀ ਹੋਵੇ, ਛਾਤੀ ਵਿੱਚ ਦਰਦ ਨਾ ਰਹਿੰਦਾ ਹੋਵੇ, ਸਾਹ ਨਾ ਚੜ੍ਹਨਾ, ਧੜਕਣ ਤੇਜ਼ ਨਾ ਹੋਵੇ, ਚੱਕਰ ਆਉਣ ਜਾਂ ਬੇਹੋਸ਼ੀ ਜਾਂ ਹੋਸ਼ ਗੁਆਉਣ ਦਾ ਕੋਈ ਵੀ ਇਤਿਹਾਸ ਨਾ ਹੋਵੇ, ਬਲੱਡ ਪ੍ਰੈਸ਼ਰ ਅਤੇ ਖੂਨ ਵਿੱਚ ਸ਼ੂਗਰ ਦਾ ਸਹੀ ਪੱਧਰ ਹੋਵੇ, ਸਿਗਰਟ ਜਾਂ ਜ਼ਿਆਦਾ ਸ਼ਰਾਬ ਨਾ ਪੀਣ ਵਾਲੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰਨ ਵਾਲੇ ਲੋਕ, ਦਿਲ ਦੀ ਬਿਮਾਰੀ ਦਾ ਕੋਈ ਨਿੱਜੀ ਇਤਿਹਾਸ ਨਾ ਹੋਵੇ ਤਾਂ ਇਹ ਲੋਕ ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਜਿੰਮ/ਕਸਰਤ/ਐਰੋਬਿਕਸ/ਤੈਰਾਕੀ ਸ਼ੁਰੂ ਕਰ ਸਕਦੇ ਹਨ।
ਉਹਨਾਂ ਦੱਸਿਆ ਕਿ ਜਿਨ੍ਹਾਂ ਲੋਕਾ ਦੀ ਉਮਰ 40 ਸਾਲ ਤੋਂ ਵੱਧ ਹੋਵੇ, ਸ਼ੂਗਰ ਮੋਟਾਪਾ ਅਤੇ ਬਲੱਡ ਪ੍ਰੈਸ਼ਰ ਹੋਵੇ, ਸਿਗਰਟ ਪੀਣ ਵਾਲੇ, ਘੱਟ ਕੰਮ ਕਰਨ ਵਾਲੀ ਜੀਵਨ ਸ਼ੈਲੀ, ਸਾਹ ਚੜ੍ਹਣਾ ਜਾ ਧੜਕਣ ਵਧਣਾ, ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਵਰਤਣ ਵਾਲੇ, ਲੰਬੀ ਬਿਮਾਰੀ ਦੀਆਂ ਦਵਾਈਆਂ ਖਾਣ ਵਾਲੇ, ਦਿਲ ਦੀ ਬਿਮਾਰੀ, ਬਹੁਤ ਜ਼ਿਆਦਾ ਮੋਟਾਪਾ ਹੋਵੇ, ਅਧਰੰਗ ਦਾ ਇਤਿਹਾਸ ਹੋਵੇ ਤਾਂ ਇਨ੍ਹਾਂ ਲੋਕਾਂ ਨੂੰ ਡਾਕਟਰ ਦੀ ਸਲਾਹ ਨਾਲ ਹੀ ਜਿੰਮ ਕਰਨਾ ਚਾਹੀਦਾ ਹੈ। ਇਨ੍ਹਾਂ ਲੋਕਾਂ ਨੂੰ ਕੋਈ ਵੀ ਕਸਰਤ/ਗਤੀਵਿਧੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮਾਹਿਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਜਿੰਮ ਜਾਣ ਵਾਲੇ ਅਤੇ ਖਿਡਾਰੀਆਂ ਨੂੰ ਕੁਦਰਤੀ ਭੋਜਨ ਖਾਣਾ ਚਾਹੀਦਾ ਹੈ। ਉਹਨਾਂ ਨੂੰ ਇੱਕ ਤੋਂ ਡੇਢ ਗ੍ਰਾਮ ਪ੍ਰਤੀ ਕਿਲੋਗ੍ਰਾਮ ਭਾਰ ਦੇ ਹਿਸਾਬ ਨਾਲ ਹਰ ਰੋਜ਼ ਪ੍ਰੋਟੀਨ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪ੍ਰੋਟੀਨ ਪਾਊਡਰ ਨੂੰ ਸਾਵਧਾਨੀ ਨਾਲ ਵਰਤੋਂ। ਇਨ੍ਹਾਂ ਵਿੱਚ ਲੈਡ, ਆਰਸੈਨਿਕ ਅਤੇ ਹੋਰ ਭਾਰੀ ਧਾਤਾਂ ਹੋ ਸਕਦੀਆਂ ਹਨ। ਕਰੈਟਿਨ ਸਪਲੀਮੈਂਟ ਨੂੰ 3 ਤੋਂ 5 ਗ੍ਰਾਮ ਪ੍ਰਤੀ ਦਿਨ ਵਰਤਣਾ ਚਾਹੀਦਾ ਹੈ, ਜ਼ਿਆਦਾ ਵਰਤਣ ਨਾਲ ਗੁਰਦੇ ਖਰਾਬ ਹੋ ਸਕਦੇ ਹਨ। ਉਹਨਾਂ ਕਿਹਾ ਕਿ ਪ੍ਰਮਾਣਿਤ ਉਤਪਾਦਾਂ ਦੀ ਸਹੀ ਚੋਣ ਕਰੋ। ਢੁੱਕਵੀਂ ਮਾਤਰਾ ਵਿੱਚ ਤਰਲ ਪਦਾਰਥ ਪੀਓ। ਮਹੀਨੇ ਵਿੱਚ ਵਿਟਾਮਿਨ ਡੀ 60000 ਆਈ.ਯੂ. ਲੈ ਸਕਦੇ ਹੋ। ਉਹਨਾਂ ਕਿਹਾ ਕਿ ਐਨਾਬੋਲਿਕ ਸਪਲੀਮੈਂਟ, ਐਨਰਜੀ ਡਰਿੰਕਸ, ਸਟੀਮੂਲੈਂਟਸ, ਕੈਫੀਨ ਦੀ ਵੱਧ ਮਾਤਰਾ ਵਿੱਚ ਵਰਤੋਂ ਨਾ ਕਰੋ। ਇਸ ਨੂੰ ਵਰਤਣ ਨਾਲ ਹਾਰਮੋਨਾਂ ਦਾ ਅਸੰਤੁਲਤ ਤੇ ਗੁਰਦੇ, ਜਿਗਰ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਲੱਗ ਸਕਦੀਆਂ ਹਨ। ਜੇਕਰ ਜ਼ਿਆਦਾ ਕਮਜ਼ੋਰੀ, ਥਕਾਵਟ, ਛਾਤੀ ਵਿੱਚ ਦਰਦ, ਸਾਹ ਚੜ੍ਹਨਾ, ਪੀਲੀਆ ਜਾਂ ਸੋਜ਼, ਪਿਸ਼ਾਬ ਦੇ ਰੰਗ ਵਿੱਚ ਬਦਲਾਅ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲਵੋ। ਘਰ ਵਿੱਚ ਬਣੇ ਆਹਾਰ ਦਾ ਸੇਵਨ ਕਰੋ। ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਨੋਦ ਖੁਰਾਨਾ ਅਤੇ ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ ਨੇ ਦੱਸਿਆ ਕਿ ਪ੍ਰੋਟੀਨ ਦੇ ਕੁਦਰਤੀ ਸਰੋਤ ਮੁਰਗਾ, ਅੰਡਾ, ਮੱਛੀ, ਪਨੀਰ, ਸੋਇਆਬੀਨ, ਦਾਲਾਂ, ਦੁੱਧ, ਦਹੀਂ ਅਤੇ ਲੱਸੀ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰ ਰੋਜ਼ 3 ਤੋਂ 4 ਲੀਟਰ ਸਾਫ਼ ਪਾਣੀ ਪੀਣਾ ਚਾਹੀਦਾ ਹੈ।
