ਅੰਮ੍ਰਿਤਸਰ, 19 ਅਗਸਤ, ਦੇਸ਼ ਕਲਿਕ ਬਿਊਰੋ :
ਭਾਰਤ-ਪਾਕਿਸਤਾਨ ਸਰਹੱਦ ‘ਤੇ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਵਿਰੁੱਧ ਚੱਲ ਰਹੀ ਕਾਰਵਾਈ ਵਿੱਚ ਬੀਐਸਐਫ ਨੇ ਇਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪਿਛਲੇ ਦੋ ਦਿਨਾਂ ਦੌਰਾਨ ਅੰਮ੍ਰਿਤਸਰ ਅਤੇ ਤਰਨਤਾਰਨ ਖੇਤਰਾਂ ਵਿੱਚ ਵੱਖ-ਵੱਖ ਆਪ੍ਰੇਸ਼ਨਾਂ ਰਾਹੀਂ ਸੁਰੱਖਿਆ ਬਲਾਂ ਨੇ ਚਾਰ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ, ਹਥਿਆਰ, ਗੋਲੀਆਂ, ਡਰੋਨ ਅਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਸੋਮਵਾਰ ਸ਼ਾਮ ਨੂੰ ਅੰਮ੍ਰਿਤਸਰ ਦੇ ਬਚੀਵਿੰਡ ਪਿੰਡ ਨੇੜੇ ਇੱਕ ਤਸਕਰ ਫੜਿਆ ਗਿਆ। ਉਸ ਤੋਂ 560 ਗ੍ਰਾਮ ਹੈਰੋਇਨ, ਬਾਈਕ ਅਤੇ ਦੋ ਮੋਬਾਈਲ ਫੋਨ ਮਿਲੇ। ਬੀਐਸਐਫ ਨੇ ਮੁਲਜ਼ਮ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਸ ਤੋਂ ਇਲਾਵਾ, ਅੰਮ੍ਰਿਤਸਰ ਦੇ ਬਾਗੜੀਆਂ ਪਿੰਡ ਤੋਂ ਬੀਐਸਐਫ ਨੇ ਇੱਕ ਡੀਜੇਆਈ ਮੈਵਿਕ 3 ਕਲਾਸਿਕ ਡਰੋਨ ਬਰਾਮਦ ਕੀਤਾ, ਜਿਸ ਨਾਲ ਪਿਸਤੌਲ, ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਛੁਪਾਏ ਹੋਏ ਸਨ। ਅੱਗੇ ਹੋਰ ਕਾਰਵਾਈ ਦੌਰਾਨ ਅੰਮ੍ਰਿਤਸਰ-ਜਲੰਧਰ ਹਾਈਵੇਅ ‘ਤੇ ਦੋ ਤਸਕਰਾਂ ਨੂੰ ਫੜਿਆ ਗਿਆ, ਜਿਨ੍ਹਾਂ ਤੋਂ ਹਥਿਆਰ ਅਤੇ 11 ਕਾਰਤੂਸ ਬਰਾਮਦ ਹੋਏ। ਇਹ ਦੋਵੇਂ ਤਸਕਰ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਰਹਿਣ ਵਾਲੇ ਹਨ।
ਉਥੇ ਹੀ ਬਾਗੜੀਆ ਪਿੰਡ ਵਿੱਚ ਬੀਐਸਐਫ ਅਤੇ ਏਐਨਟੀਐਫ ਦੀ ਸਾਂਝੀ ਕਾਰਵਾਈ ਦੌਰਾਨ ਇੱਕ ਹੋਰ ਤਸਕਰ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਕਬਜ਼ੇ ਤੋਂ 1.225 ਕਿਲੋ ਹੈਰੋਇਨ, ਬਾਈਕ ਅਤੇ ਮੋਬਾਈਲ ਫੋਨ ਮਿਲੇ।
