ਜ਼ਿਲਾ ਪੱਧਰੀ ਕਨਵੈਨਸ਼ਨ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਜਾਵੇਗਾ ਰੋਸ ਮਾਰਚ
ਪੀਐੱਫਆਰਡੀਏ (ਯੂਪੀਐੱਸ) ਰੈਗੂਲੇਸ਼ਨ ਮਾਰਚ 2025 ਦੇ ਨੋਟੀਫਿਕੇਸ਼ਨ ਨੂੰ ਕੀਤਾ ਗਿਆ ਮੁਕੰਮਲ ਰੱਦ
ਪਟਿਆਲਾ, 20ਅਗਸਤ, ਦੇਸ਼ ਕਲਿੱਕ ਬਿਓਰੋ :
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਕਨਵੀਨਰ ਅਤਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਸੂਬਾ ਕਮੇਟੀ ਮੀਟਿੰਗ ਕੀਤੀ ਗਈ, ਜਿਸ ਵਿੱਚ ਪੁਰਾਣੀ ਪੈਨਸ਼ਨ ਪ੍ਰਤੀ ਸਰਕਾਰ ਦੇ ਪੂਰਨ ਨਕਾਰਾਤਮਕ ਰਵੱਈਏ, ਪੈਨਸ਼ਨ ਦੇ ਦੇਸ਼ ਵਿਆਪੀ ਸੰਘਰਸ਼ ਦੀ ਸਥਿਤੀ ਅਤੇ ਸਾਂਝਾ ਸੰਘਰਸ਼ ਉਸਾਰਨ ਲਈ ਫਰੰਟ ਵੱਲੋਂ ਜਾਰੀ ਯਤਨਾਂ ਤੇ ਗੰਭੀਰ ਵਿਸਥਾਰੀ ਵਿਚਾਰ ਚਰਚਾ ਕੀਤੀ ਗਈ ਅਤੇ ਪੈਨਸ਼ਨ ਦੇ ਸੰਘਰਸ਼ ਨੂੰ ਤੇਜ਼ ਕਰਨ ਲਈ ਅਹਿਮ ਫੈਸਲੇ ਲਏ ਗਏ।
ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਜਿਲ੍ਹਾ ਆਗੂ ਸਤਪਾਲ ਸਮਾਣਵੀ, ਜਗਤਾਰ ਰਾਮ ਅਤੇ ਭਰਤ ਕੁਮਾਰ ਨੇ ਦੱਸਿਆ ਕਿ ਆਪ ਸਰਕਾਰ ਦੀ ਪੈਨਸ਼ਨ ਲਾਗੂ ਕਰਨ ਦੀ ਨਕਾਮੀ ਖ਼ਿਲਾਫ਼ ਲਏ ਗਏ ਸੂਬਾ ਪੱਧਰੀ ਫੈਸਲਿਆਂ ਦੀ ਲਗਾਤਾਰਤਾ ਵਿੱਚ ਜਿਲ੍ਹਾ ਪਟਿਆਲਾ ਵੱਲੋਂ 1 ਤੋਂ 15 ਅਕਤੂਬਰ ਦਰਮਿਆਨ ਜ਼ਿਲਾ ਪੱਧਰੀ ਕਨਵੈਨਸ਼ਨ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਐੱਨਐੱਮਓਪੀਐੱਸ (NMOPS) ਦੀ 25 ਨਵੰਬਰ ਨੂੰ ਦਿੱਲੀ ਵਿੱਚ ਕੀਤੀ ਜਾਣ ਵਾਲੀ ਦੇਸ਼ ਪੱਧਰੀ ਰੈਲੀ ਦਾ ਸਮਰਥਨ ਕਰਦਿਆਂ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਵੱਲੋਂ 28 ਸਤੰਬਰ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਗੁਰਤੇਜ ਸਿੰਘ ਅਤੇ ਜਗਤਾਰ ਸਿੰਘ ਕਿਹਾ ਕਿ ਕੇਂਦਰੀ ਮੋਦੀ ਸਰਕਾਰ ਨੇ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਤੋਂ ਕੋਰਾ ਇਨਕਾਰ ਕਰਕੇ ਦੇਸ਼ ਦੇ ਲੱਖਾਂ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਸੰਵਿਧਾਨਕ ਅਤੇ ਹੱਕੀ ਮੰਗ ਦਾ ਮੁੜ ਨਿਰਾਦਰ ਕੀਤਾ ਹੈ।ਜਿਸ ਦੇ ਖਿਲਾਫ ਮੁਲਾਜ਼ਮਾਂ ਵਿੱਚ ਤਿੱਖਾ ਰੋਸ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਪੀਐੱਫਆਰਡੀਏ (ਯੂਪੀਐੱਸ) ਰੈਗੂਲੇਸ਼ਨ ਮਾਰਚ 2025 ਦੇ ਨੋਟੀਫਿਕੇਸ਼ਨ ਨੂੰ ਸੂਬਾ ਕਮੇਟੀ ਵੱਲੋਂ ਮੁਕੰਮਲ ਤੌਰ ਤੇ ਰੱਦ ਕੀਤਾ ਗਿਆ ਹੈ ਅਤੇ ਯੂਪੀਐੱਸ ਲਾਗੂ ਕਰਨ ਦੀ ਬਿਆਨਬਾਜ਼ੀ ਕਰ ਰਹੀ ਪੰਜਾਬ ਕੈਬਨਿਟ ਸਬ ਕਮੇਟੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੈਨਸ਼ਨ ਪ੍ਰਾਪਤੀ ਦੇ ਸੰਘਰਸ਼ ਨੂੰ ਜ਼ਰਬਾਂ ਦੇਣ ਲਈ ਜ਼ਿਲਾ ਇਕਾਈਆਂ ਦੀਆਂ ਭਰਵੀਆਂ ਮੀਟਿੰਗਾਂ ਕਰਕੇ ਪੁਨਰਗਠਨ ਕੀਤਾ ਜਾਵੇਗਾ। ਜਿਲਾ ਪੱਧਰੀ ਕਨਵੈਨਸ਼ਨਾਂ ਤੋਂ ਬਾਅਦ ਹਮਖਿਆਲੀ ਸੰਘਰਸ਼ੀਲ ਧਿਰਾਂ ਨੂੰ ਨਾਲ਼ ਲੈ ਕੇ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਡੀ.ਐੱਮ.ਐੱਫ ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਸਮੇਤ ਹਰਵਿੰਦਰ ਰੱਖੜਾ, ਜਗਜੀਤ ਜਟਾਣਾ, ਕ੍ਰਿਸ਼ਨ ਚੁਹਾਣਕੇ, ਰਜਿੰਦਰ ਸਮਾਣਾ, ਗੁਰਵਿੰਦਰ ਖੱਟੜਾ, ਗੁਰਜੀਤ ਘੱਗਾ, ਹਰਿੰਦਰ ਸਿੰਘ ਪਟਿਆਲਾ, ਰੋਮੀ ਸਫੀਪੁਰ, ਡਾ: ਰਵਿੰਦਰ ਕੰਬੋਜ, ਜੀਨੀਅਸ, ਹਰਮਿੰਦਰ ਸਿੰਘ ਆਦਿ ਹਾਜ਼ਰ ਰਹੇ।