ਖਰੜ ਦੇ ਡਿਵੈਲਪਰ ‘ਤੇ ਜਾਅਲੀ ਦਸਤਖ਼ਤ ਕਰਕੇ ਕਰੋੜਾਂ ਦੀ ਜ਼ਮੀਨ ਵੇਚਣ ਦਾ ਦੋਸ਼

ਪੰਜਾਬ

ਪੁਲਿਸ ਅਤੇ ਗਮਾਡਾ ‘ਤੇ ਮਿਲੀਭੁਗਤ ਦਾ ਇਲਜ਼ਾਮ

ਮੋਹਾਲੀ, 20 ਅਗਸਤ, ਦੇਸ਼ ਕਲਿੱਕ ਬਿਓਰੋ :

ਜ਼ਮੀਨ ਦੇ ਲੈਣ-ਦੇਣ ਵਿੱਚ ਧੋਖਾਧੜੀ ਦੇ ਸੈਂਕੜੇ ਹੀ ਕੇਸਾਂ ਵਿੱਚ ਉਲਝੇ ਅਤੇ ਜੇਲ੍ਹ ਵਿੱਚ ਬੰਦ ਜ਼ਿਲ੍ਹਾ ਮੋਹਾਲੀ ਦੇ ਇੱਕ ਨਾਮੀ ਡਿਵੈਲਪਰ ਵੱਲੋਂ ਧੋਖੇ ਨਾਲ ਇੱਕ ਵਿਅਕਤੀ ਦੀ ਜ਼ਮੀਨ ਵੇਚਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਡਿਵੈਲਪਰ ਨੇ ਕਥਿਤ ਤੌਰ ‘ਤੇ ਉਸ ਦੇ ਜਾਅਲੀ ਦਸਤਖਤ ਕਰਕੇ ਉਸ ਦੀ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਅੱਗੇ ਵੇਚ ਦਿੱਤਾ ਹੈ।

ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੀੜ੍ਹਤ ਸੁੱਚਾ ਸਿੰਘ ਪੁੱਤਰ ਸ. ਅਜੀਤ ਸਿੰਘ, ਵਾਸੀ ਪਿੰਡ ਰਾਏਪੁਰ, ਜ਼ਿਲ੍ਹਾ ਮੋਹਾਲੀ ਨੇ ਦੱਸਿਆ ਕਿ ਉਹ ਪਿੰਡ ਹਸਨਪੁਰ, ਤਹਿਸੀਲ ਤੇ ਜ਼ਿਲ੍ਹਾ ਮੋਹਾਲੀ ਵਿੱਚ 16 ਕਨਾਲ 2 ਮਰਲੇ ਜ਼ਮੀਨ ਦਾ ਮਾਲਕ ਹੈ। ਉਸਨੇ ਇਸ ਜ਼ਮੀਨ ਦਾ ਇਕਰਾਰਨਾਮਾ ਜਰਨੈਲ ਸਿੰਘ ਬਾਜਵਾ ਨਾਲ ਮਿਤੀ 18.05.2015 ਵਿਚ ਕੀਤਾ ਸੀ। ਇਸ ਇਕਰਾਰਨਾਮੇ ਦੇ ਮੁਤਾਬਕ 1 ਏਕੜ ਜਮੀਨ ਮੁਬ: 3,35,00,000/-( ਤਿੰਨ ਕਰੋੜ ਪੈਂਤੀ ਲੱਖ ਰੁਪਏ) ਤਹਿ ਹੋਈ ਸੀ। ਬਿਆਨੇ ਦੇ ਤੌਰ ‘ਤੇ 30.00 ਲੱਖ ਰੁਪਏ ਨਕਦ ਲਈ, ਜਦਕਿ 70 ਲੱਖ ਰੁਪਏ ਅਤੇ 1.25 ਕਰੋੜ ਰੁਪਏ ਦੇ ਦਿੱਤੇ ਗਏ ਚੈਕ ਬਾਉਂਸ ਹੋ ਗਏ ਅਤੇ ਇਹ ਰਕਮ ਵੀ ਅਦਾਲਤ ਜਾ ਕੇ ਵਸੂਲ ਕੀਤੀ ਗਈ।

ਇਸ ਤੋਂ ਬਾਅਦ ਜੋ ਰਕਮ 1,10,00,000/-ਰੁ: (ਇਕ ਕਰੋੜ ਦੱਸ ਲੱਖ ਰੁਪਏ) ਦਾ ਭੁਗਤਾਨ ਸੀ, ਉਸਦੀਆਂ ਨੋ-ਡਿਊ ਸਰਟੀਡਿਕੇਟ ਦਿੱਤੇ ਗਏ, ਜਿਸ ਦੀ ਕੀਮਤ 81 ਲੱਖ ਰੁਪਏ ਬਣਦੀ ਹੈ। ਇਸ ਵਿਚ 29 ਲੱਖ ਰੁਪਏ ਅਜੇ ਬਕਾਇਆ ਰਹਿੰਦਾ ਹੈ। ਨੋ-ਡਿਊ ਸਰਟੀਫਿਕੇਟ ਵਿਚ 3 ਪਲਾਟ ਰਿਹਾਇਸੀ ਅਤੇ ਇਕ ਸ਼ੋਅਰੂਮ ਸੈਕਟਰ 123, ਨਿਊ ਸੰਨੀ ਇੰਲਕਲੇਵ ਵਿਚ ਦੇਣਾ ਕੀਤਾ ਗਿਆ ਸੀ। ਪਰੰਤੂ ਜਰਨੈਲ ਸਿੰਘ ਬਾਜਵਾ ਵੱਲੋਂ ਉਸ ਨੂੰ ਨਾ ਹੀ ਕੋਈ ਪਲਾਟ ਅਤੇ ਨਾ ਹੀ ਸ਼ੋਅਰੂਮ ਦਿੱਤਾ ਗਿਆ।

ਜਰਨੈਲ ਸਿੰਘ ਬਾਜਵਾ ਬਿਲਡਰ ਵਲੋਂ ਜਾਅਲੀ ਹਸਤਾਖਰ ਕਰਕੇ, ਜਾਅਲੀ ਕੰਨਸੈਂਟ ਬਣਾ ਕੇ ਗਮਾਡਾ ਵਲੋਂ 16 ਕਨਾਲ 2 ਮਰਲੇ ਤੇ ਸੀ.ਐਲ.ਯੂ. ਲੇ-ਆਉਟ ਅਤੇ ਨਕਸ਼ਾ ਪਾਸ ਕਰਵਾ ਲਿਆ। ਇਸ ਬਾਰੇ ਸਮੇਂ-ਸਮੇਂ ‘ਤੇ ਪੁਲਿਸ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਵਿਜੀਲੈਂਸ ਵਿਭਾਗ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਤਾਂ ਸਟੇਟ ਕਰਾਇਮ ਬਰਾਂਚ ਫੇਸ-4 ਮੋਹਾਲੀ ਵਿਖੇ ਜਰਨੈਲ ਸਿੰਘ ਬਾਜਵਾ ਖਿਲਾਫ ਇਕ ਐਫ.ਆਈ.ਆਰ. ਵੱਖ ਵੱਖ ਧਾਰਾਵਾਂ 420, 465, 467, 468, 471, 120ਬੀ ਅਧੀਨ ਦਰਜ ਹੋਈ ਹੈ, ਜਿਸ ਵਿਚ ਉਸਦੀ ਅਜੇ ਤੱਕ ਜ਼ਮਾਨਤ ਨਹੀਂ ਹੋਈ। ਇਸ ਗਲਤ ਕਨਸੈਂਟ ਬਾਰੇ ਪਤਾ ਲੱਗਣ ‘ਤੇ ਉਸ ਵਲੋਂ ਮਾਨਯੋਗ ਅਦਾਲਤ ਮੋਹਾਲੀ ਵਿਖੇ ਸਿਵਲ ਸੂਟ, ਜਰਨੈਲ ਸਿੰਘ ਬਾਜਵਾ ਅਤੇ 10 ਹੋਰ ਵਿਰੁੱਧ ਦਾਇਰ ਕੀਤੀ ਗਈ, ਜਿਸ ਵਿਚ ਮਾਨਯੋਗ ਅਦਾਲਤ ਨੇ ਕੇਸ ਦੇ ਫੈਸਲੇ ਤੱਕ ਕਿਸੇ ਤਰਾਂ ਦੀ ਉਸਾਰੀ ਕਰਨ ਅਤੇ ਹੋਰ ਦਖਲਅੰਦਾਜੀ ‘ਤੇ ਰੋਕ ਲਗਾ ਦਿਤੀ ਸੀ। ਇਹ ਕੇਸ ਅਜੇ ਤੱਕ ਅਦਾਲਤ ਵਿਚ ਪੈਂਡਿੰਗ ਹੈ। ਉਹਨਾਂ ਦੱਸਿਆ ਕਿ ਜਰਨੈਲ ਸਿੰਘ ਬਾਜਵਾ ਨੇ ਧੋਖਾਧੜੀ ਕਰਦੇ ਹੋਏ ਕਿਸੇ ਹੋਰ ਖਸਰਾ ਨੰਬਰਾਂ ਦੀ ਰਜਿਸਟਰੀ, ਉਸਦੀ ਜ਼ਮੀਨ ਦੇ ਪਲਾਟ ਵਿਚ ਕਰਵਾ ਦਿੱਤੀ, ਜਿਸ ਉਪਰ ਸਟੇਅ ਹੈ। ਇਸੇ ਤਰਾਂ ਇਕ ਪਲਾਟ ਨੰ. 3118 ਵੀ ਵੇਚ ਦਿੱਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਦੇ ਸਟੇਅ ਹੁਕਮਾਂ ਦੀ ਸ਼ਰ੍ਹੇਆਮ ਉਲੰਘਣਾ ਕਰਦਿਆਂ ਪਲਾਟ ਵਿਚ ਉਸਾਰੀ ਵੀ ਕਰਵਾਈ ਜਾ ਰਹੀ ਹੈ। ਇਸ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਪੰਜਾਬ ਵਿਖੇ ਸਿਵਲ ਪਟੀਸ਼ਨ ਪਾਈ ਗਈ ਹੈ ਜੋ ਕਿ ਅਜੇ ਪੈਂਡਿੰਗ ਹੈ, ਸਿਵਲ ਸੂਟ ਮੁਹਾਲੀ ਅਦਾਲਤ ਵਿਚ ਪੈਂਡਿੰਗ ਹੈ। ਇਥੇ ਹੀ ਬੱਸ ਨਹੀਂ ਸਗੋਂ ਗਮਾਡਾ ਵਲੋਂ ਬਿਨਾਂ ਕਿਸੇ ਪੜਤਾਲ ਦੇ ਨਕਸ਼ੇ ਪਾਸ ਕੀਤੇ ਜਾ ਰਹੇ ਹਨ। ਗਮਾਡਾ ਨੂੰ ਮੇਰੀ ਜ਼ਮੀਨ ਦੀ ਸੀ.ਐਲ.ਯੂ. ਲੇ-ਆਉਟ ਅਤੇ ਨਕਸ਼ਾ ਰੱਦ ਕਰਨ ਦੇ ਲਈ ਲਿਖਤੀ ਦਰਖਾਸਤਾਂ ਦਿੱਤੀਆਂ ਗਈਆਂ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀ ਹੋਈ।

ਸੁੱਚਾ ਸਿੰਘ ਨੇ ਅੱਗੇ ਦੱਸਿਆ ਕਿ ਹੁਣ ਉਸ ਅਤੇ ਉਸਦੇ ਲੜਕੇ ਖਿਲਾਫ ਲੜਾਈ-ਝਗੜੇ ਦੀ ਇਕ ਝੂਠੀ ਐਫ.ਆਈ.ਆਰ. ਥਾਣਾ ਬਲੌਗੀ ਵਿਖੇ ਦਰਜ ਕਰਵਾ ਕੇ, ਉਸ ਉਪਰ ਜਰਨੈਲ ਸਿੰਘ ਬਾਜਵਾ ਨਾਲ ਸਮਝੌਤੇ ਲਈ ਦਬਾਅ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਉਹ ਉਚ ਅਧਿਕਾਰੀਆਂ ਨੂੰ ਦਰਖਾਸਤਾਂ ਦੇ ਚੁੱਕਾ ਹਾਂ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਨਾਲ ਹੀ ਜਰਨੈਲ ਸਿੰਘ ਬਾਜਵਾ ਦੀ ਸ਼ਹਿ ‘ਤੇ ਕੁਝ ਵਿਅਕਤੀਆਂ ਵੱਲੋਂ ਉਸਦੀ ਜ਼ਮੀਨ ਉਤੇ ਗੈਰਕਾਨੂੰਨੀ ਕਬਜ਼ਾ ਕਰ ਲਿਆ ਗਿਆ ਹੈ।

ਸੁੱਚਾ ਸਿੰਘ ਨੇ ਭਗਵੰਤ ਸਿੰਘ ਮਾਨ ਸਰਕਾਰ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਉਸ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਰੋਕਿਆ ਜਾਵੇ ਅਤੇ ਨਾਲ ਹੀ ਮਾਨਯੋਗ ਅਦਾਲਤ ਦੇ ਉਸਾਰੀ ਨਾ ਕਰਨ ਦੇ ਸਟੇਅ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਹਨਾਂ ਉਪਰੋਕਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।

ਕੀ ਕਹਿਣਾ ਹੈ ਬਾਜਵਾ ਦੇ ਵਕੀਲ ਦਿਨੇਸ਼ ਸ਼ਰਮਾ ਦਾ…

ਜਦੋਂ ਇਸ ਮਾਮਲੇ ਸਬੰਧੀ ਡਿਵੈਲਪਰ ਜਰਨੈਲ ਸਿੰਘ ਬਾਜਵਾ ਦੇ ਵਕੀਲ ਦਿਨੇਸ਼ ਸ਼ਰਮਾ ਨਾਲ  ਫੋਨ ‘ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਸਬੰਧਤ ਵਿਅਕਤੀ ਨੂੰ ਪੈਸੇ ਦੇਣ ਨੂੰ ਤਿਆਰ ਹਨ ਅਤੇ ਉਹ ਕਿਸੇ ਵੀ ਸਮੇਂ ਆਪਣੇ ਕਾਗਜ਼ਾਤ ਲਿਆ ਕੇ ਸਾਡੇ ਕੋਲੋਂ ਪੈਸੇ ਲੈ ਸਕਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।