‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੀ ਮਸ਼ਾਲ ਮਾਰਚ 27 ਅਗਸਤ ਨੂੰ ਪਹੁੰਚੇਗੀ ਮਾਲੇਰਕੋਟਲਾ

ਖੇਡਾਂ

·         ਸਹਾਇਕ ਕਮਿਸ਼ਨਰ ਨੇ ਤਿਆਰੀਆਂ ਦਾ ਜਾਇਜ਼ਾ ਲਿਆ, ਭਾਗੀਦਾਰਾਂ ਲਈ ਢੁਕਵੇਂ ਪ੍ਰਬੰਧਾਂ ਦੇ ਨਿਰਦੇਸ਼

·         ਬਲਾਕ ਪੱਧਰੀ ਖੇਡ ਮੁਕਾਬਲੇ 04 ਸਤੰਬਰ ਤੋਂ 13 ਸਤੰਬਰ 2025 ਤੱਕ

ਮਾਲੇਰਕੋਟਲਾ, 21 ਅਗਸਤ : ਦੇਸ਼ ਕਲਿੱਕ ਬਿਓਰੋ

        ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸ਼ੁਰੂ ਕੀਤੀ ਗਈ ਵਿਲੱਖਣ ਮੁਹਿੰਮ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਤਹਿਤ ਜ਼ਿਲ੍ਹੇ ਵਿਚ 04 ਸਤੰਬਰ ਤੋਂ 13 ਸਤੰਬਰ 2025 ਤੱਕ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਫੀਲਡ ਅਫਸਰ-ਕਮ-ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਰਾਕੇਸ਼ ਗਰਗ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।

          ਉਨ੍ਹਾਂ ਦੱਸਿਆ ਕਿ ਖੇਡ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਖੇਡਾਂ ਦੀ ਸ਼ੁਰੂਆਤ 29 ਅਗਸਤ 2025 ਨੂੰ ਹੁਸ਼ਿਆਰਪੁਰ ਤੋਂ ਹੋਵੇਗੀ। ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਜ਼ਿਲ੍ਹਾ ਸੰਗਰੂਰ ਤੋਂ ਸ਼ੁਰੂ ਹੋਇਆ ਇਹ ਮਸ਼ਾਲ ਮਾਰਚ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦਾ ਹੋਇਆ 27 ਅਗਸਤ ਨੂੰ ਮਾਲੇਰਕੋਟਲਾ ਪਹੁੰਚੇਗਾ। ਜ਼ਿਲ੍ਹੇ ਦੇ ਤਿੰਨਾਂ ਬਲਾਕਾਂ ਵਿੱਚ ਇਹ ਖੇਡ ਮੁਕਾਬਲੇ ਆਯੋਜਿਤ ਕੀਤੇ ਜਾਣਗੇ।

           ਸਹਾਇਕ ਕਮਿਸ਼ਨਰ (ਜਨਰਲ) ਰਾਕੇਸ਼ ਗਰਗ ਨੇ ਕਿਹਾ ਕਿ ਖੇਡ ਮੁਕਾਬਲਿਆਂ ਤੋਂ ਪਹਿਲਾਂ ਖੇਡ ਮੈਦਾਨਾਂ ਨੂੰ ਮਿਆਰੀ ਪੱਧਰ ਅਨੁਸਾਰ ਤਿਆਰ ਕੀਤਾ ਜਾਵੇ। ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਖੇਡਾਂ ਵਾਲੇ ਸਥਾਨਾਂ ਦੀ ਸਫ਼ਾਈ ਤੇ ਹੋਰ ਜ਼ਰੂਰੀ ਪ੍ਰਬੰਧ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ।

           ਉਨ੍ਹਾਂ ਜ਼ਿਲ੍ਹਾ ਖੇਡ ਅਫਸਰ ਨੂੰ ਖਿਡਾਰੀਆਂ ਲਈ ਚੰਗੀ ਡਾਇਟ ਦਾ ਪ੍ਰਬੰਧ ਕਰਨ ਅਤੇ ਮਾਰਕੀਟ ਕਮੇਟੀ ਨੂੰ ਸਾਫ-ਸੁਥਰੇ ਪੀਣ ਯੋਗ ਪਾਣੀ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਕਿਹਾ। ਕਾਰਜ ਸਾਧਕ ਅਫਸਰ ਨੂੰ ਖੇਡ ਮੈਦਾਨਾਂ ਦੀ ਸਫ਼ਾਈ ਅਤੇ ਪਖਾਨਿਆਂ ਦੀ ਸਹੂਲਤ ਯਕੀਨੀ ਕਰਨ ਲਈ ਨਿਰਦੇਸ਼ਿਤ ਕੀਤਾ ਗਿਆ। ਸਿਹਤ ਵਿਭਾਗ ਨੂੰ ਖੇਡ ਸਥਾਨਾਂ ਉੱਤੇ ਐਮਬੂਲੈਂਸ ਅਤੇ ਮੈਡੀਕਲ ਟੀਮਾਂ ਦੀ ਤਾਇਨਾਤੀ ਕਰਨ ਲਈ ਕਿਹਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਨੂੰ ਹਦਾਇਤ ਕੀਤੀ ਗਈ ਕਿ ਵਿਦਿਆਰਥੀਆਂ ਵਿੱਚ ਖੇਡਾਂ ਬਾਰੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ। ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਮਜ਼ਬੂਤ ਕਰਨ ਲਈ ਕਿਹਾ ।

           ਸਹਾਇਕ ਕਮਿਸ਼ਨਰ (ਜਨਰਲ) ਰਾਕੇਸ਼ ਗਰਗ ਨੇ ਕਿਹਾ ਕਿ “ਇਹ ਖੇਡਾਂ ਸਿਰਫ਼ ਜਿੱਤ-ਹਾਰ ਦਾ ਮੰਚ ਨਹੀਂ, ਸਗੋਂ ਸਿਹਤਮੰਦ ਜੀਵਨ, ਅਨੁਸ਼ਾਸਨ, ਟੀਮ ਸਪਿਰਟ ਅਤੇ ਖੁਸ਼ਹਾਲ ਭਵਿੱਖ ਵੱਲ ਲੈ ਜਾਣ ਵਾਲਾ ਰਸਤਾ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਭਾਗ ਲੈਣ ਅਤੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ।”            ਇਸ ਮੌਕੇ ਐਸ.ਡੀ.ਐਮ. ਅਮਰਗੜ੍ਹ ਸੁਰਿੰਦਰ ਕੌਰ, ਡੀ.ਐਸ.ਪੀ. ਡਾ. ਮਾਨਵਜੀਤ ਸਿੰਘ ਸਿੱਧੂ, ਬੀ.ਡੀ.ਪੀ.ਓ. ਮਾਲੇਰਕੋਟਲਾ ਜਗਰਾਜ ਸਿੰਘ, ਬੀ.ਡੀ.ਪੀ.ਓ. ਅਮਰਗੜ੍ਹ/ਅਹਿਮਦਗੜ੍ਹ ਬਬਲਜੀਤ ਕੌਰ, ਸਹਾਇਕ ਸਿਵਲ ਸਰਜਨ ਡਾ. ਸਜੀਲਾ ਖ਼ਾਨ, ਜ਼ਿਲ੍ਹਾ ਖੇਡ ਅਫਸਰ ਗੁਰਦੀਪ ਸਿੰਘ, ਡੀ.ਈ.ਓ. (ਸੈਕੰਡਰੀ) ਤਰਵਿੰਦਰ ਕੌਰ, ਡੀ.ਐਮ. (ਖੇਡਾਂ) ਰਘੂ ਨੰਦਨ, ਮਾਰਕੀਟ ਕਮੇਟੀ ਤੋਂ ਹਰਿੰਦਰ ਸਿੰਘ ਟਿਵਾਣਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।