ਅਧਿਆਪਕ ਦਿਵਸ ਤੋਂ ਪਹਿਲਾਂ ਪ੍ਰਿੰਸੀਪਲ ਨਿਯੁਕਤ ਕੀਤੇ ਜਾਣ ਨਹੀਂ ਤਾਂ ਸਖਤ ਐਕਸ਼ਨ ਦਾ ਹੋਵੇਗਾ ਐਲਾਨ
ਮੋਹਾਲੀ: 22 ਅਗਸਤ, ਜਸਵੀਰ ਗੋਸਲ
ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਸੇਵਾ ਨਿਭਾ ਰਹੇ ਲੈਕਚਰਾਰਾਂ ਵਿੱਚ ਸਰਕਾਰ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ । ਕਿਉਂਕਿ ਲੰਬੀ ਸੇਵਾ ਕਰਨ ਤੋਂ ਬਾਅਦ ਵੀ ਅਜੇ ਤੱਕ ਇਹਨਾਂ ਨੂੰ ਇੱਕ ਤਰੱਕੀ ਵੀ ਨਹੀਂ ਦਿੱਤੀ ਗਈ । ਜਦੋਂ ਕਿ ਪੰਜਾਬ ਦੇ ਸੀਨੀਅਰ ਸੈਂਕਡਰੀ ਸਕੂਲਾਂ ਵਿੱਚ 900 ਤੋਂ ਵੱਧ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ । ਇਹਨਾਂ ਲੈਕਚਰਾਰਾਂ ਦੇ ਪ੍ਰਿੰਸੀਪਲ ਵਜੋਂ ਪਦਉੱਨਤ ਨਾ ਹੋਣ ਦਾ ਕਾਰਨ ਸਿੱਖਿਆ ਸੇਵਾ ਨਿਯਮ 2018 ਦੱਸਿਆ ਜਾ ਰਿਹਾ ਹੈ। ਕਿਉਂਕਿ ਇਸ ਨਿਯਮ ਮੁਤਾਬਿਕ ਲੈਕਚਰਾਰਾਂ ਦਾ ਤਰੱਕੀ ਕੋਟਾ 75 ਪ੍ਰਤੀਸ਼ਤ ਤੋਂ ਘਟਾ ਕੇ 50 ਪ੍ਰਤੀਸ਼ਤ ਕਰ ਦਿੱਤਾ ਗਿਆ ਸੀ । ਇਸ ਸਾਲ ਅਪ੍ਰੈਲ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਸੀ ਕਿ ਪਿਛਲੀ ਸਰਕਾਰ ਸਮੇਂ ਕੀਤੀ ਹੋਈ ਗਲਤੀ ਨੂੰ ਸੁਧਾਰ ਕੇ ਇਹ ਕੋਟਾ ਫਿਰ 50 ਪ੍ਰਤੀਸ਼ਤ ਤੋਂ ਵਧਾ ਕੇ 75 ਪ੍ਰਤੀਸ਼ਤ ਕੀਤਾ ਜਾ ਰਿਹਾ ਹੈ । ਇਸ ਲਈ ਸਿੱਖਿਆ ਸੇਵਾ ਨਿਯਮ 2018 ਨੂੰ ਜਲਦੀ ਸੋਧ ਕੇ ਲੈਕਚਰਾਰਾਂ ਦੀਆਂ ਬਤੌਰ ਪ੍ਰਿੰਸੀਪਲ ਪਦ ਉਨਤੀਆਂ ਕਰ ਦਿੱਤੀਆਂ ਜਾਣਗੀਆਂ । ਇਸ ਨਾਲ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਭਰ ਜਾਣਗੀਆਂ । ਪਰ ਅਜੇ ਤੱਕ ਵੀ ਇਸ ਐਲਾਨ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ । ਸਿੱਖਿਆ ਸੇਵਾ ਨਿਯਮ 2018 ਨੂੰ ਸੋਧਣ ਸਬੰਧੀ ਫਾਈਲ ਵੱਖ ਵੱਖ ਵਿਭਾਗਾਂ ਦੇ ਚੱਕਰ ਵਿੱਚ ਹੀ ਫਸੀ ਹੋਈ ਹੈ । ਇਸ ਲਾਲ ਫੀਤਾ ਸ਼ਾਹੀ ਕਰਕੇ ਤਰੱਕੀਆਂ ਦੇ ਕੰਮ ਨੂੰ ਬਿਨਾਂ ਕਾਰਨ ਲਮਕਾਇਆ ਜਾ ਰਿਹਾ ਹੈ । ਇਸ ਵਰਤਾਰੇ ਨੂੰ ਲੈਕੇ ਪ੍ਰਭਾਵਿਤ ਲੈਕਚਰਾਰਾਂ ਵਿੱਚ ਗੁੱਸੇ ਦੀ ਸਖਤ ਲਹਿਰ ਪਾਈ ਜਾ ਰਹੀ ਹੈ । ਰਿਟਾਇਰ ਲੈਕਚਰਾਰ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਤਰੱਕੀ ਨੂੰ ਉਡੀਕਦੇ ਹੋਏ ਸੇਵਾ ਮੁਕਤ ਹੋ ਚੁੱਕੇ ਹਨ । ਪਰ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਵੱਲੋਂ ਕੀਤੇ ਗਏ ਵਾਅਦੇ ਅਜੇ ਵਫਾ ਨਹੀ ਹੋਏ । ਉਹਨਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਇਹ ਪ੍ਰਚਾਰ ਕਰ ਰਹੇ ਹਨ ਕਿ ਤਰੱਕੀਆਂ ਦਾ ਕੋਟਾ ਵਧਣ ਨਾਲ ਪੁਰਾਣੇ ਲੈਕਚਰਾਰਾਂ ਨੂੰ ਜਲਦੀ ਇਨਸਾਫ ਮਿਲ ਜਾਵੇਗਾ ਜਦੋਂ ਕਿ ਦੂਜੇ ਪਾਸੇ ਹਕੀਕਤ ਇਹ ਹੈ ਕਿ ਉਹਨਾਂ ਵਰਗੇ ਸੈਂਕੜੇ ਲੈਕਚਰਾਰ ਤਰੱਕੀਆਂ ਨੂੰ ਉਡੀਕਦੇ ਹੋਏ ਹੀ ਰਿਟਾਇਰ ਹੋ ਚੁੱਕੇ ਹਨ ਅਤੇ ਕੁੱਝ ਰਿਟਾਇਰਮੈਂਟ ਦੇ ਕੰਢੇ ਤੇ ਖੜੇ ਹਨ । ਉਹਨਾਂ ਨੇ ਸਰਕਾਰ ਤੋਂ ਸੁਆਲ ਪੁੱਛਿਆ ਹੈ ਕਿ ਜਦੋਂ ਸੀਨੀਅਰ ਲੈਕਚਰਾਰ ਤਰੱਕੀਆਂ ਉਡੀਕਦੇ ਹੋਏ ਹੀ ਰਿਟਾਇਹ ਹੋ ਗਏ ਤਾਂ ਫਿਰ ਸਿੱਖਿਆ ਮੰਤਰੀ ਇਨਸਾਫ ਕਿਸ ਨੂੰ ਦੇਣਗੇ । ਉਹਨਾਂ ਸਰਕਾਰ ਦੀ ਢਿੱਲੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਇਹ ਤਰੱਕੀਆਂ ਤਰੁੰਤ ਕੀਤੀਆਂ ਜਾ ਸਕਦੀਆਂ ਹਨ । ਇਸ ਤੋਂ ਬਿਨ੍ਹਾਂ ਪ੍ਰਭਾਵਿਤ ਲੈਕਚਰਾਰਾਂ ਭੁਪਿੰਦਰ ਸਿੰਘ ਸਮਰਾ, ਸੁਖਬੀਰ ਸਿੰਘ, ਮਨੋਜ ਕੁਮਾਰ, ਸੁਖਵਿੰਦਰ ਸਿੰਘ, ਜਗਜੀਤ ਸਿੰਘ ਸਿੱਧੂ, ਦੀਪਕ ਸ਼ਰਮਾਂ ਅਤੇ ਕਈ ਹੋਰਾਂ ਨੇ ਕਿਹਾ ਹੈ ਕਿ ਉਹ ਸਰਕਾਰ ਦੇ ਲਾਰਿਆਂ ਤੋਂ ਅੱਕ ਚੁੱਕੇ ਹਨ । ਜੇਕਰ ਸਰਕਾਰ ਚਾਹੇ ਤਾਂ ਉਹ ਬਿਨ੍ਹਾਂ ਦੇਰੀ ਕੀਤੇ ਅਧਿਆਪਕ ਦਿਵਸ ਤੇ ਇਨ੍ਹਾਂ ਨੂੰ ਪਦਉੱਨਤ ਕਰ ਸਕਦੀ ਹੈ । ਪਰ ਅਜਿਹਾ ਹੁੰਦਾ ਨਹੀਂ ਜਾਪ ਰਿਹਾ ਜਿਸ ਕਰਕੇ ਲੈਕਚਰਾਰਾਂ ਨੇ ਫੈਸਲਾ ਕੀਤਾ ਹੈ ਕਿ ਉਹ ਅਧਿਆਪਕ ਦਿਵਸ ਤੋਂ ਦੋ ਦਿਨ ਪਹਿਲਾਂ 3 ਸਤੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਰੋਸ ਧਰਨਾ ਦੇਣਗੇ । ਇਸ ਤੋਂ ਬਿਨ੍ਹਾਂ 5 ਸਤੰਬਰ ਨੂੰ ਅਧਿਆਪਕ ਦਿਵਸ ਤੇ ਕਿਸੇ ਸਖਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ ਜਿਸ ਦੀ ਸਾਰੀ ਜੁਮੇਵਾਰੀ ਸਰਕਾਰ ਦੀ ਹੋਵੇਗੀ ।
