ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 23 ਅਗਸਤ: ਭਟੋਆ
ਰੂਪਨਗਰ ਜ਼ਿਲ੍ਹੇ ਦੇ ਪਿੰਡ ਸੈਦਪੁਰ ਵਿੱਚ ਜੰਗਲੀ ਜੀਵਾਂ ਦੀ ਰੱਖਿਆ ਲਈ ਬਣਾਏ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਕੁਝ ਤਾਂ ਉਹਨਾਂ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਜੰਗਲੀ ਸੂਰ (ਵਾਇਲਡ ਬੋਰ) ਦੀ ਸ਼ਿਕਾਰ ਕਰਕੇ ਉਸਦਾ ਮਾਸ ਵੇਚਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਬਲਾਕ ਅਫਸਰ ਸੁਖਬੀਰ ਸਿੰਘ, ਫਾਰੈਸਟ ਗਾਰਡ ਪ੍ਰਭਜੋਤ ਕੌਰ ਤੇ ਹੇਮਰਾਜ ਵੱਲੋ ਇਸ ਸਬੰਧੀ ਜਾਣਕਾਰੀ ਮਿਲਣ ਉਪਰੰਤ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਦਿਆਂ, ਜਿੱਥੇ ਘਟਨਾਸਥਾਨ ਤੋ ਸੈੰਪਲ ਆਦਿ ਇਕੱਤਰ ਕੀਤੇ ਗਏ ਹਨ, ਉੱਥੇ ਹੀ ਪਿੰਡ ਦੇ 6 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਨਾ ਨੌਜਵਾਨਾਂ ਵੱਲੋ ਇਸ ਮਾਮਲੇ ਵਿੱਚ ਸ਼ਾਮਲ ਦੱਸੇ ਗਏ ਹੋਰ ਲੋਕਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਣ ਤੇ ਜੰਗਲੀ ਜੀਵ ਵਿਭਾਗ ਦੀ ਫਾਰੈਸਟ ਗਾਰਡ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ਬਰ ਮਿਲੀ ਸੀ ਕਿ ਪਿੰਡ ਸੈਦਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਕੁਝ ਨੌਜਵਾਨ ਜੰਗਲੀ ਸੂਰ ਨੂੰ ਮਾਰਨ ਉਪਰੰਤ ਆਪਸ ਵਿੱਚ ਮਾਸ ਵੰਡ ਰਹੇ ਹਨ । ਮੌਕੇ ਤੇ ਪਿੰਡ ਸੈਦਪੁਰ ਪਹੁੰਚ ਕੇ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਉਪਰੰਤ ਵਿਭਾਗ ਨੇ ਕਾਰਵਾਈ ਕਰਦਿਆਂ ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਕ੍ਰਿਸ਼ਨ ਪੁੱਤਰ ਵਰੁਣਪਾਲ,ਗੈਰੀ ਪੁੱਤਰ ਕ੍ਰਿਸ਼ਨ ਲਾਲ, ਸਾਗਰ ਪੁੱਤਰ ਅਜੇ,ਗੋਲੂ ਪੁੱਤਰ ਸ਼ੰਭੂ ਅਤੇ ਦਵਿੰਦਰ ਸਿੰਘ ਪੁੱਤਰ ਬਲਵਾਨ ਸਿੰਘ ਸਾਰੇ ਵਾਸੀ ਪਿੰਡ ਸੈਦਪੁਰ ਨੂੰ ਗ੍ਰਿਫਤਾਰ ਕਰ ਲਿਆ ਹੈ।ਜਿਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੇ ਹੋਰ ਲੋੜੀਂਦੀ ਕਾਰਵਾਈ ਲਈ ਵਿਭਾਗ ਦੇ ਰੋਪੜ ਸਥਿਤ ਰੇਂਜ ਅਫਸਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਕੱਤਰ ਕੀਤੇ ਗਏ ਸੈੰਪਲ ਡੀਐਨਏ ਜਾਂਚ ਲਈ ਦੇਹਰਾਦੂਨ ਭੇਜੇ ਜਾਣਗੇ।
ਵਿਭਾਗ ਅਧਿਕਾਰੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਵਣ ਜੀਵ ਸੁਰੱਖਿਆ ਐਕਟ 1972 ਦੀਆਂ ਵੱਖ-ਵੱਖ ਧਾਰਾਵਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ’ਤੇ ਦੋਸ਼ ਸਾਬਤ ਹੋ ਜਾਣ ਉਪਰੰਤ ਉਨ੍ਹਾਂ ਨੂੰ 3 ਤੋਂ 7 ਸਾਲ ਤੱਕ ਦੀ ਸਜ਼ਾ ਅਤੇ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ।ਵਣ ਵਿਭਾਗ ਵੱਲੋਂ ਅਜੇ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਕਿਉਂਕਿ ਮਾਮਲੇ ਦੀ ਜਾਂਚ ਜਾਰੀ ਹੈ।
ਇਸੇ ਦੌਰਾਨ ਪਿੰਡ ਦੇ ਨੌਜਵਾਨ ਕ੍ਰਿਸ਼ਨ ਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਾਰੇ , ਪਿੰਡ ਦੇ ਨੇੜੇ ਬਣ ਰਹੇ ਨਹਿਰੀ ਸੂਏ ਤੇ ਦਿਹਾੜੀਦਾਰ ਹਨ ਅਤੇ ਰੋਜਾਨਾ ਵਾਂਗ ਅੱਜ ਵੀ ਜਦੋ ਉਹ ਕੰਮ ਤੇ ਗਏ ਤਾਂ ਉਸ ਦੇ ਕੁੱਝ ਸਾਥੀਆ ਨੇ ਇੱਕ ਜੰਗਲੀ ਸੂਰ ਨੂੰ ਪਾਣੀ ਵਿਚੋ ਬਾਹਰ ਕੱਢ ਕੇ ਮਾਰ ਦਿੱਤਾ ਅਤੇ ਉਸ ਨੂੰ ਪਿੰਡ ਸੈਦਪੁਰ ਵਿੱਚ ਇੱਕ ਪਸ਼ੂਆਂ ਵਾਲੇ ਵਾੜੇ ਵਿੱਚ ਲਿਆ ਕੇ ਅੱਗ ਨਾਲ ਸੂਰ ਦੇ ਵਾਲ ਝੁਲਸ ਦਿੱਤੇ। ਇਸੇ ਦੌਰਾਨ ਪਿੰਡ ਚੂਹੜਮਾਜਰਾ ਤੇ ਕਾਲੇਮਾਜਰਾ ਤੋ ਵੀ ਕੁੱਝ ਵਿਅਕਤੀ ਮਾਸ ਖਰੀਦਣ ਪਹੁੰਚ ਗਏ, ਜੋ ਸਮੁੱਚੇ ਸੂਰ ਨੂੰ ਉੱਥੇ ਆਪਣੇ ਮੋਟਰਸਾਈਕਲ ਤੇ ਚੁੱਕ ਕੇ ਭੱਜ ਗਏ।
ਉਧਰ ਜਦੋਂ ਇਸ ਸਬੰਧੀ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਰੇਂਜ ਅਫਸਰ ਸ੍ਰੀ ਨਰਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਸਬੰਧੀ ਬਲਾਕ ਅਫਸਰ ਸੁਖਬੀਰ ਸਿੰਘ ਅਤੇ ਫਾਰੈਸਟ ਗਾਰਡ ਪ੍ਰਭਜੋਤ ਕੌਰ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਅਤੇ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪ੍ਰੰਤੂ ਇਹਨਾਂ ਦੋਸ਼ੀਆਂ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਹਥਿਆਰ ਜਾਂ ਸੂਰ ਦਾ ਮਾਸ ਆਦਮ ਨਹੀਂ ਕੀਤਾ ਗਿਆ ਪ੍ਰੰਤੂ ਫਿਰ ਵੀ ਮੌਕੇ ਤੇ ਇਕੱਤਰ ਕੀਤੇ ਤੱਥਾਂ ਅਨੁਸਾਰ ਇਹਨਾਂ ਦੋਸ਼ੀਆਂ ਵਿਰੁੱਧ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।