ਭੁਵਨੇਸ਼ਵਰ, 25 ਅਗਸਤ, ਦੇਸ਼ ਕਲਿਕ ਬਿਊਰੋ :
ਝਰਨੇ ‘ਤੇ ਰੀਲ ਸ਼ੂਟ ਕਰਨ ਗਿਆ ਇੱਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। 22 ਸਾਲਾ ਸਾਗਰ ਟੁਡੂ ਇੱਕ ਯੂਟਿਊਬਰ ਸੀ। ਉਹ ਗੰਜਮ ਜ਼ਿਲ੍ਹੇ ਦੇ ਬਰਹਮਪੁਰ ਦਾ ਰਹਿਣ ਵਾਲਾ ਸੀ।ਇਹ ਘਟਨਾ ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਦੇ ਡੁਡੂਮਾ ਝਰਨੇ ‘ਤੇ ਵਾਪਰੀ।
ਸਾਗਰ ਆਪਣੇ ਦੋਸਤ ਅਭਿਜੀਤ ਬੇਹਰਾ ਨਾਲ ਝਰਨੇ ‘ਤੇ ਪਹੁੰਚਿਆ ਸੀ। ਉਹ ਆਪਣੇ ਯੂਟਿਊਬ ਚੈਨਲ ਲਈ ਸੈਰ-ਸਪਾਟਾ ਸਥਾਨਾਂ ਦੀਆਂ ਵੀਡੀਓ-ਰੀਲਾਂ ਸ਼ੂਟ ਕਰਦਾ ਸੀ। ਉਸਨੇ ਝਰਨੇ ਦਾ ਡਰੋਨ ਸ਼ਾਟ ਬਣਾਇਆ। ਇਸ ਤੋਂ ਬਾਅਦ ਸਾਗਰ ਪਾਣੀ ਵਿੱਚ ਉਤਰ ਗਿਆ।
ਸਾਗਰ ਇੱਕ ਵੱਡੇ ਪੱਥਰ ‘ਤੇ ਖੜ੍ਹਾ ਸੀ ਤੇ ਝਰਨੇ ਦਾ ਵਹਾਅ ਤੇਜ਼ ਹੋ ਗਿਆ। ਇਲਾਕੇ ਵਿੱਚ ਭਾਰੀ ਬਾਰਸ਼ ਕਾਰਨ ਮਛਕੁੰਡਾ ਡੈਮ ਅਥਾਰਟੀ ਨੇ ਇੱਥੇ ਪਾਣੀ ਛੱਡ ਦਿੱਤਾ ਸੀ। ਇਸ ਲਈ ਅਲਰਟ ਵੀ ਜਾਰੀ ਕੀਤਾ ਗਿਆ ਸੀ। ਤੇਜ਼ ਵਹਾਅ ਕਾਰਨ ਸਾਗਰ ਉੱਥੇ ਫਸ ਗਿਆ।
ਸਾਗਰ ਦਾ ਦੋਸਤ ਅਤੇ ਕੰਢੇ ‘ਤੇ ਖੜ੍ਹੇ ਹੋਰ ਲੋਕ ਉਸਨੂੰ ਬਚਾਉਣ ਲਈ ਰੱਸੀ ਲੈ ਕੇ ਪਹੁੰਚੇ, ਪਰ ਉਦੋਂ ਤੱਕ ਸਾਗਰ ਤੇਜ਼ ਵਹਾਅ ਵਿੱਚ ਵਹਿ ਗਿਆ। ਇਹ ਸਾਰੀ ਘਟਨਾ ਮੋਬਾਈਲ ਵੀਡੀਓ ਵਿੱਚ ਰਿਕਾਰਡ ਹੋ ਗਈ। ਕੁਝ ਸਕਿੰਟਾਂ ਬਾਅਦ, ਸਾਗਰ ਪਾਣੀ ਵਿੱਚ ਗਾਇਬ ਹੋ ਗਿਆ।
ਮਛਕੁੰਡਾ ਪੁਲਿਸ ਨੇ ਦੱਸਿਆ ਕਿ ਪੁਲਿਸ ਅਤੇ ਫਾਇਰ ਬ੍ਰਿਗੇਡ ਟੀਮ ਸਾਗਰ ਦੀ ਭਾਲ ਵਿੱਚ ਲੱਗੀ ਹੋਈ ਹੈ।
