ਲਾਭਪਾਤਰੀ ਯੂਨਿਟਾਂ ਨੂੰ ਮੁੱਦਿਆਂ ਦੇ ਸਮੇਂ ਸਿਰ ਹੱਲ ਦਾ ਭਰੋਸਾ ਦਿੱਤਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਅਗਸਤ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਮੰਤਰੀ, ਸ਼੍ਰੀ ਸੰਜੀਵ ਅਰੋੜਾ ਨੇ ਅੱਜ ਮੋਹਾਲੀ ਹਾਈਟੈਕ ਮੈਟਲ ਕਲੱਸਟਰ ਦਾ ਦੌਰਾ ਕੀਤਾ ਅਤੇ ਇਸਦੇ ਕੰਮਕਾਜ ਦਾ ਜਾਇਜ਼ਾ ਲਿਆ।
ਲਾਭਪਾਤਰੀ ਸਨਅਤੀ ਯੂਨਿਟਾਂ ਨਾਲ ਗੱਲਬਾਤ ਕਰਦੇ ਹੋਏ, ਮੰਤਰੀ ਨੇ ਕਿਹਾ ਕਿ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਵਿਜ਼ਨ ਦੇ ਅਨੁਸਾਰ, ਪੰਜਾਬ ਸਰਕਾਰ ਹਰ ਸੰਭਵ ਸਹਾਇਤਾ ਦੇ ਕੇ ਉਦਯੋਗਿਕ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਇਸ ਸਹੂਲਤ ਨੂੰ ਸਫਲਤਾਪੂਰਵਕ ਚਲਾਉਣ ਲਈ ਕਲੱਸਟਰ ਦੇ ਪ੍ਰਬੰਧਨ ਦੀ ਸ਼ਲਾਘਾ ਕੀਤੀ, ਜੋ ਬਾਥਰੂਮ ਫਿਟਿੰਗ ਦੇ ਨਿਰਮਾਣ ਵਿੱਚ ਲੱਗੇ ਲਗਭਗ 80 ਐਮਐਸਐਮਈ ਯੂਨਿਟਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ।
ਉਦਯੋਗ ਮੰਤਰੀ ਨੇ ਭਰੋਸਾ ਦਿੱਤਾ ਕਿ ਪ੍ਰਬੰਧਨ ਦੁਆਰਾ ਉਠਾਏ ਗਏ ਮੁੱਦਿਆਂ – ਜਿਵੇਂ ਕਿ ਪੀ ਐਸ ਆਈ ਈ ਸੀ ਨੂੰ ਉਦਯੋਗਿਕ ਇਕਾਈਆਂ ਦੇ ਯੋਗਦਾਨ ਦੀ ਲੰਬਿਤ ਆਖਰੀ ਕਿਸ਼ਤ ਬਾਰੇ ਫੈਸਲਾ ਕਰਨਾ, ਅਹਾਤੇ ਦੇ ਅੰਦਰ 66 ਕੇਵੀਏ ਹਾਈ ਟੈਂਸ਼ਨ ਟਾਵਰ ਨੂੰ ਹਟਾਉਣਾ ਜੋ ਹੋਰ ਵਿਸਥਾਰ ਵਿੱਚ ਰੁਕਾਵਟ ਬਣ ਰਿਹਾ ਹੈ, ਅਤੇ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਲਈ ਮੋਹਾਲੀ ਹੁਨਰ ਵਿਕਾਸ ਕੇਂਦਰ ਦਾ ਸੰਚਾਲਨ – ਨੂੰ ਸਬੰਧਤ ਅਧਿਕਾਰੀਆਂ ਨਾਲ ਪਹਿਲ ਦੇ ਆਧਾਰ ‘ਤੇ ਵਿਚਾਰਿਆ ਜਾਵੇਗਾ।
ਦੌਰੇ ਦੌਰਾਨ, ਸ਼੍ਰੀ ਅਰੋੜਾ ਨੂੰ ਕਲੱਸਟਰ ਵਿਖੇ ਵੱਖ-ਵੱਖ ਸਹੂਲਤਾਂ ਤੋਂ ਜਾਣੂ ਕਰਵਾਇਆ ਗਿਆ, ਜਿਸ ਵਿੱਚ ਅਤਿ-ਆਧੁਨਿਕ ਟੈਸਟਿੰਗ ਲੈਬ, ਡਿਜ਼ਾਈਨ ਸੈਂਟਰ ਅਤੇ ਟੂਲ ਰੂਮ ਸ਼ਾਮਲ ਹਨ। ਉਨ੍ਹਾਂ ਨੇ ਕੇਂਦਰ ਵਿੱਚ ਸਥਾਪਤ ਨਵੀਨਤਮ ਆਯਾਤ ਕੀਤੇ ਉਪਕਰਣਾਂ ਦਾ ਨਿੱਜੀ ਤੌਰ ‘ਤੇ ਨਿਰੀਖਣ ਕੀਤਾ ਅਤੇ ਜ਼ੋਰ ਦਿੱਤਾ ਕਿ ਉਦਯੋਗ ਲਈ ਲੰਬੇ ਸਮੇਂ ਦੇ ਲਾਭਾਂ ਨੂੰ ਯਕੀਨੀ ਬਣਾਉਣ ਲਈ ਸਰਕਾਰ-ਸ਼ੇਅਰਧਾਰਕਾਂ ਦੇ ਸਾਂਝੇ ਉੱਦਮ ਮਾਡਲ ਨੂੰ ਅੱਗੇ ਵਧਾਇਆ ਜਾਵੇਗਾ।
ਮੰਤਰੀ ਦੇ ਨਾਲ ਪ੍ਰਮੁੱਖ ਸਕੱਤਰ, ਉਦਯੋਗ ਅਤੇ ਵਣਜ, ਸ਼੍ਰੀ ਕੇ.ਕੇ. ਯਾਦਵ; ਡਾਇਰੈਕਟਰ ਸ਼੍ਰੀਮਤੀ ਸੁਰਭੀ ਮਲਿਕ; ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਮੈਂਬਰ ਸ਼੍ਰੀ ਵੈਭਵ ਮਹੇਸ਼ਵਰੀ; ਅਤੇ ਡਿਪਟੀ ਕਮਿਸ਼ਨਰ ਐਸ ਏਨਐਸ ਨਗਰ, ਸ਼੍ਰੀਮਤੀ ਕੋਮਲ ਮਿੱਤਲ ਵੀ ਸਨ।
ਇਸ ਮੌਕੇ ‘ਤੇ ਮੌਜੂਦ ਸਥਾਨਕ ਪ੍ਰਬੰਧਨ ਅਤੇ ਉਦਯੋਗਿਕ ਇਕਾਈਆਂ ਦੇ ਪ੍ਰਮੁੱਖ ਮੈਂਬਰਾਂ ਵਿੱਚ ਸ਼੍ਰੀ ਬੀ.ਐਸ. ਆਨੰਦ, ਸ਼੍ਰੀ ਕੰਵਲਜੀਤ ਸਿੰਘ ਮਾਹਲ, ਸ਼੍ਰੀ ਨਵਜੋਤ ਸਿੰਘ ਔਲਖ, ਸ਼੍ਰੀ ਗੁਰਮੀਤ ਸਿੰਘ ਭਾਟੀਆ, ਸ਼੍ਰੀ ਸੰਜੀਵ ਸਿੰਘ ਸੇਠੀ, ਸ਼੍ਰੀ ਸਮੀਰ ਕਪੂਰ ਅਤੇ ਸ਼੍ਰੀ ਰੁਪਿੰਦਰ ਸਿੰਘ ਸਚਦੇਵਾ ਸ਼ਾਮਲ ਸਨ।