ਹੁਣ ਹੋਣਹਾਰ ਤੇ ਹੁਸ਼ਿਆਰ ਬੱਚਿਆਂ ਦੀ ਇੰਟਰਨੈਸ਼ਨਲ ਸਟੱਡੀ ਲਈ ਆਰਥਿਕ ਤੰਗੀ ਨਹੀਂ ਬਣੇਗੀ ਰੁਕਾਵਟ

ਪੰਜਾਬ ਪ੍ਰਵਾਸੀ ਪੰਜਾਬੀ

ਯੂਬੀਐਸਐਸ ਆਸਟ੍ਰੇਲੀਆ ਵੱਲੋਂ ਯੋਗ ਵਿਦਿਆਰਥੀਆਂ ਲਈ 100% ਸੈਲਫ ਸੰਪੋਨਸਰ ਪ੍ਰੋਗਰਾਮ ਲਾਂਚ

ਆਈ ਆਈ ਟੀ ਰੋਪੜ ਅਤੇ ਯੂਬੀਐਸਐਸ ਆਸਟ੍ਰੇਲੀਆ ਵੱਲੋਂ ਉਚੇਰੀ ਸਿੱਖਿਆ ਲਈ ਸਮਝੌਤੇ ‘ਤੇ ਦਸਤਖ਼ਤ

ਚੰਡੀਗੜ੍ਹ, 26 ਅਗਸਤ 2025, ਦੇਸ਼ ਕਲਿੱਕ ਬਿਓਰੋ :

ਪੰਜਾਬ ਦੀ ਮਿੱਟੀ ਦਾ ਕਰਜ਼ ਮੋੜਨ ਅਤੇ ਇੱਥੋਂ ਦੇ ਹੋਣਹਾਰ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਦੇ ਮਕਸਦ ਨਾਲ, ਸਮਾਜ ਸੇਵੀ ਅਤੇ ਆਸਟ੍ਰੇਲੀਆ ਦੇ ਸਫਲ ਅਜੂਕੇਸ਼ਨਲਲਿਸਟ ਗੈਰੀ ਮਲਹੋਤਰਾ ਨੇ ਇੱਕ ਅਜਿਹਾ ਇਤਿਹਾਸਕ ਕਦਮ ਚੁੱਕਿਆ ਹੈ, ਜੋ ਇੰਟਰਨੈਸ਼ਨਲ ਸਟੱਡੀ ਦੇ ਖੇਤਰ ਵਿਚ ਮੀਲ ਪੱਥਰ ਸਾਬਤ ਹੋਵੇਗਾ। ਯੂਨੀਵਰਸਲ ਬਿਜ਼ਨੈੱਸ ਸਕੂਲ ਸਿਡਨੀ (UBSS) ਆਸਟ੍ਰੇਲੀਆ ਦੇ ਮੰਚ ਤੋਂ ਉਨ੍ਹਾਂ ਨੇ ਪੰਜਾਬ ਦੇ ਹੁਸ਼ਿਆਰ ਵਿਦਿਆਰਥੀਆਂ ਲਈ ਉਹ ਰਾਹ ਖੋਲ੍ਹ ਦਿੱਤੇ ਹਨ, ਜਿਨ੍ਹਾਂ ‘ਤੇ ਚੱਲਣ ਤੋਂ ਉਨ੍ਹਾਂ ਨੂੰ ਪੈਸੇ ਦੀ ਤੰਗੀ ਹਮੇਸ਼ਾ ਰੋਕਦੀ ਸੀ।

ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਉੱਘੇ ਬੁੱਧੀਜੀਵੀਆਂ, ਚਿੰਤਕਾਂ, ਪ੍ਰੋਫੈਸਰਾਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਨਾਮੀ ਕਲਾਕਾਰਾਂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।

ਇਸ ਮੌਕੇ ਗਰੁੱਪ ਕਾਲਜ ਆਸਟ੍ਰੇਲੀਆ ਅਤੇ ਯੂਬੀਐਸਐਸ ਆਸਟ੍ਰੇਲੀਆ ਦੇ ਪ੍ਰੈਜ਼ੀਡੈਂਟ ਗੈਰੀ ਮਲਹੋਤਰਾ ਨੇ ਕਿਹਾ ਕਿ ਪੰਜਾਬ ਦੀ ਅਸਲ ਤਾਕਤ ਇਸ ਦੀ ਜਵਾਨੀ ਹੈ, ਅਤੇ ਜੇਕਰ ਇਸ ਜਵਾਨੀ ਨੂੰ ਸਹੀ ਮੌਕਾ ਦਿੱਤਾ ਜਾਵੇ ਤਾਂ ਉਹ ਦੁਨੀਆ ਫਤਹਿ ਕਰ ਸਕਦੀ ਹੈ। ਇਸੇ ਸੋਚ ਦੇ ਮੱਦੇਨਜ਼ਰ ਯੂਬੀਐਸਐਸ ਵੱਲੋਂ ਹੋਣਹਾਰ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਕਈ ਪ੍ਰੋਗਰਾਮ ਲਾਂਚ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਨੇਕ ਮਿਸ਼ਨ ਦੀ ਆਵਾਜ਼ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ, ਹਰਮਨ ਪਿਆਰੇ ਅਦਾਕਾਰ ਗੁਰਪ੍ਰੀਤ ਘੁੱਗੀ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਘੁੱਗੀ ਸਾਹਿਬ ਦੀ ਸ਼ਖਸੀਅਤ ਇਸ ਗੱਲ ਦੀ ਗਵਾਹੀ ਹੈ ਕਿ ਸਾਧਾਰਨ ਘਰਾਂ ਦੇ ਬੱਚੇ ਵੀ ਵੱਡੇ ਸੁਪਨੇ ਦੇਖ ਅਤੇ ਪੂਰੇ ਕਰ ਸਕਦੇ ਹਨ।

ਇਸ ਮੌਕੇ ਗੈਰੀ ਮਲਹੋਤਰਾ ਦੇ ਵਿਜ਼ਨ ਤਹਿਤ, UBSS ਆਸਟ੍ਰੇਲੀਆ ਨੇ ਭਾਰਤ ਦੀ ਸ਼ਾਨ IIT ਰੋਪੜ ਨਾਲ ਹੱਥ ਮਿਲਾਇਆ ਹੈ। ਇਹ ਸਾਂਝੇਦਾਰੀ ਯਕੀਨੀ ਬਣਾਏਗੀ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਤਕਨੀਕੀ ਗਿਆਨ ਮਿਲੇ, ਤਾਂ ਜੋ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਣ।

ਉਨ੍ਹਾਂ ਦੱਸਿਆ ਕਿ ਯੂਬੀਐਸਐਸ ਵੱਲੋਂ ਲੋੜਵੰਦ, ਹੁਸ਼ਿਆਰ ਅਤੇ ਹੋਣਹਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਇਕ ਵੱਡੀ ਚਿੰਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸਦੇ ਤਹਿਤ ‘100% ਸੈਲਫ ਸੰਪੋਨਸਰ ਪ੍ਰੋਗਰਾਮ’ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਗਾਰੰਟੀ ਦੇ ਪੜ੍ਹਾਈ ਕਰਨ ਦਾ ਮੌਕਾ ਦੇਵੇਗਾ। ਇਹ ਇੱਕ ਭਰੋਸਾ ਹੈ ਕਿ ਤੁਹਾਡੀ ਕਾਬਲੀਅਤ ਹੀ ਤੁਹਾਡੀ ਸਭ ਤੋਂ ਵੱਡੀ ਗਾਰੰਟੀ ਹੈ।

ਆਪਣੀ ਸਮਾਜ ਸੇਵੀ ਸੰਸਥਾ ‘ਹੈਲਪਿੰਗ ਹੈਂਡ’ ਰਾਹੀਂ ਉਨ੍ਹਾਂ ਨੇ 25 ਅਜਿਹੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਾਲਾਨਾ 100% ਸਕਾਲਰਸ਼ਿਪ ਦੇਣ ਦਾ ਪ੍ਰਣ ਕੀਤਾ ਹੈ, ਜਿਨ੍ਹਾਂ ਦੀ ਗ਼ਰੀਬੀ ਉਨ੍ਹਾਂ ਦੇ ਸੁਪਨਿਆਂ ਦੇ ਰਾਹ ਵਿੱਚ ਆਉਂਦੀ ਹੈ। ਇਹ ਕਦਮ ਯਕੀਨੀ ਬਣਾਏਗਾ ਕਿ ਗਰੀਬੀ ਕਿਸੇ ਹੀਰੇ ਦੀ ਚਮਕ ਨੂੰ ਫਿੱਕਾ ਨਾ ਪਾ ਸਕੇ।

ਇਸ ਮੌਕੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਮੇਰੇ ਲਈ ਇਹ ਬਹੁਤ ਫਖ਼ਰ ਵਾਲੀ ਗੱਲ ਹੈ ਕਿ ਮੈਂ ਗੈਰੀ ਮਲਹੋਤਰਾ ਵਰਗੇ ਨੌਜਵਾਨ ਅਤੇ ਦੂਰਅੰਦੇਸ਼ੀ ਉੱਦਮੀ ਦੇ ਨੇਕ ਮਿਸ਼ਨ ਨਾਲ ਜੁੜਿਆ ਹਾਂ। ਮਲੇਰਕੋਟਲਾ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਗੈਰੀ ਮਲਹੋਤਰਾ ਨੇ ਆਸਟ੍ਰੇਲੀਆ ਦੇ ਸਿਡਨੀ, ਮੈਲਬਾਰਨ ਅਤੇ ਐਡਲਿਡ ਸ਼ਹਿਰਾਂ ਵਿੱਚ ਕਰੀਬ ਇੱਕ ਦਰਜਨ ਸਿੱਖਿਆ ਸੰਸਥਾਨ ਸਥਾਪਤ ਕਰਕੇ ਸਭ ਤੋਂ ਵੱਡੇ ਗਰੁੱਪ ਦਾ ਰੁਤਬਾ ਹਾਸਿਲ ਕੀਤਾ।

ਮੈਂ ਇੱਕ ਸਰਕਾਰੀ ਸਕੂਲ ਦਾ ਪੜ੍ਹਿਆ ਹੋਇਆ ਹਾਂ ਅਤੇ ਮੈਂ ਅੱਖੀਂ ਦੇਖਿਆ ਹੈ ਕਿ ਕਿਵੇਂ ਮੌਕਿਆਂ ਦੀ ਘਾਟ ਕਾਰਨ ਮੇਰੇ ਨਾਲੋਂ ਕਿਤੇ ਵੱਧ ਹੁਸ਼ਿਆਰ ਅਤੇ ਕਾਬਲ ਬੱਚੇ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਗਏ। ਜਿਨ੍ਹਾਂ ਦੇ ਦਿਮਾਗ ਦੀ ਦਹਿਸ਼ਤ ਪੂਰੇ ਸਕੂਲ ਵਿੱਚ ਹੁੰਦੀ ਸੀ, ਉਨ੍ਹਾਂ ਨੂੰ ਘਰ ਦੀ ਆਰਥਿਕ ਤੰਗੀ ਨੇ ਪੜ੍ਹਾਈ ਛੱਡ ਕੇ ਪਕੌੜੇ ਵੇਚਣ ਜਾਂ ਛੋਟੀਆਂ-ਮੋਟੀਆਂ ਦੁਕਾਨਾਂ ‘ਤੇ ਬੈਠਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਦੀ ਪ੍ਰਤਿਭਾ ਵਿੱਚ ਕੋਈ ਕਮੀ ਨਹੀਂ ਸੀ, ਕਮੀ ਸੀ ਤਾਂ ਸਿਰਫ਼ ਇੱਕ ‘ਮੌਕੇ’ ਦੀ, ਜੋ ਉਨ੍ਹਾਂ ਨੂੰ ਕਦੇ ਨਹੀਂ ਮਿਲਿਆ।

ਅੱਜ ਗੈਰੀ ਮਲਹੋਤਰਾ ਉਹੀ ‘ਮੌਕਾ’ ਬਣ ਕੇ ਆਏ ਹਨ। ਉਨ੍ਹਾਂ ਦਾ ‘ਸੈਲਫ ਸੰਪੋਨਸਰ’ ਪ੍ਰੋਗਰਾਮ ਇੱਕ ਕ੍ਰਾਂਤੀ ਹੈ, ਜੋ ਹਜ਼ਾਰਾਂ ਮਾਪਿਆਂ ਦੇ ਸਿਰ ਤੋਂ ਉਹ ਬੋਝ ਲਾਹ ਦਿੰਦਾ ਹੈ ਜੋ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਤੋਂ ਰੋਕਦਾ ਸੀ। ਇਸ ਨਾਲ ਵਿਦਿਆਰਥੀ, ਖਾਸ ਕਰਕੇ ਸਾਡੀਆਂ ਧੀਆਂ, ਸਵੈ-ਨਿਰਭਰ ਬਣਦੀਆਂ ਹਨ, ਕਿਉਂਕਿ ਜਦੋਂ ਇੱਕ ਧੀ ਪੜ੍ਹਦੀ ਹੈ ਤਾਂ ਪੂਰਾ ਪਰਿਵਾਰ ਤਰੱਕੀ ਕਰਦਾ ਹੈ। ਇਸ ਤੋਂ ਬਿਨਾ ਉਨ੍ਹਾਂ 25 ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ‘ਹੈਲਪਿੰਗ ਹੈਂਡ’ ਸੰਸਥਾ ਰਾਹੀਂ 100 ਪ੍ਰਤੀਸ਼ਤ ਸਪਾਂਸਰਸ਼ਿਪ ਦੇਣਾ ਵੱਡੀ ਸੋਚ ਦਾ ਪ੍ਰਮਾਣ ਹੈ।

ਇੰਟਰਨੈਸ਼ਨਲ ਸਟੱਡੀ ਦੇ ਚਾਹਵਾਨ ਪੰਜਾਬ ਦੇ ਵਿਦਿਆਰਥੀਆਂ ਲਈ ਸਿੱਧੇ ਦਾਖ਼ਲੇ ਵਾਲਾ ਪ੍ਰੋਗਰਾਮ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਡੀ ਆਰਥਿਕ ਰਾਹਤ ਅਤੇ ਸੁਰੱਖਿਆ ਬਣੇਗਾ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਇਸ ਮਹਾਨ ਮਿਸ਼ਨ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦਾ ਹਾਂ।

ਇਸ ਮੌਕੇ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਇੱਕ ਸਿੱਖਿਆ ਸ਼ਾਸਤਰੀ ਹੋਣ ਦੇ ਨਾਤੇ ਮੈਨੂੰ ਗੈਰੀ ਮਲਹੋਤਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਗਏ ਇਸ ਵਿਲੱਖਣ ਉਪਰਾਲੇ ਨੂੰ ਦੇਖ ਕੇ ਬੇਹੱਦ ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਉਨ੍ਹਾਂ ਨੂੰ ਇਸ ਨਿਵੇਕਲੀ ਪਹਿਲਕਦਮੀ ਲਈ ਵਧਾਈ ਦਿੰਦਾ ਹਾਂ। ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਧਰਤੀ ਦਾ ਇੱਕ ਨੌਜਵਾਨ, ਜਿਸ ਨੇ ਖ਼ੁਦ ਸੰਘਰਸ਼ ਕਰਕੇ ਵਿਦੇਸ਼ ਵਿੱਚ ਸਫ਼ਲਤਾ ਹਾਸਲ ਕੀਤੀ, ਅੱਜ ਆਪਣੀ ਮਿੱਟੀ ਦਾ ਕਰਜ਼ ਮੋੜਨ ਲਈ ਵਾਪਸ ਪਰਤਿਆ ਹੈ ਅਤੇ ਇੱਥੋਂ ਦੇ ਨੌਜਵਾਨਾਂ ਦਾ ਭਵਿੱਖ ਸੰਵਾਰਨ ਦਾ ਬੀੜਾ ਚੁੱਕਿਆ ਹੈ।

ਪਿਛਲੇ 25 ਸਾਲਾਂ ਤੋਂ ਵਿਦਿਆਰਥੀਆਂ ਨਾਲ ਕੰਮ ਕਰਦਿਆਂ ਮੈਂ ਇੱਕ ਗੱਲ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਸਾਡੇ ਪੰਜਾਬੀ ਨੌਜਵਾਨਾਂ ਵਿੱਚ ਨਾ ਤਾਂ ਹਿੰਮਤ ਦੀ ਘਾਟ ਹੈ ਅਤੇ ਨਾ ਹੀ ਜਜ਼ਬੇ ਦੀ। ਜੇਕਰ ਕਿਸੇ ਚੀਜ਼ ਦੀ ਘਾਟ ਹੈ ਤਾਂ ਉਹ ਹੈ ਸਹੀ ਮੌਕਿਆਂ ਦੀ। ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਿਆ ਹੈ, ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਸਹੀ ਮੌਕੇ ਅਤੇ ਸਹੀ ਰਾਹ ਨਾ ਮਿਲਣ ਕਾਰਨ, ਸਾਡੇ ਬਹੁਤ ਸਾਰੇ ਨੌਜਵਾਨ ‘ਡੰਕੀ ਰੂਟਾਂ’ ਦੇ ਹਨੇਰੇ ਵਿੱਚ ਗੁਆਚ ਜਾਂਦੇ ਹਨ।
ਮੈਨੂੰ ਖ਼ੁਸ਼ੀ ਹੈ ਕਿ ਉਹ ਸਕਾਲਰਸ਼ਿਪ ਅਤੇ ਲੋੜਵੰਦ ਬੱਚਿਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਵੀ ਮਦਦ ਕਰ ਰਹੇ ਹਨ, ਜੋ ਆਰਥਿਕ ਤੌਰ ‘ਤੇ ਬੇਹੱਦ ਕਮਜ਼ੋਰ ਹਨ।

ਇਸ ਮੌਕੇ ਨਾਮੀ ਸਿੱਖਿਆ ਸ਼ਾਸ਼ਤਰੀ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਗੈਰੀ ਮਲਹੋਤਰਾ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ ਸਫ਼ਰ ਸ਼ੁਰੂ ਕਰਕੇ ਆਸਟ੍ਰੇਲੀਆ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਗੈਰੀ ਮਲਹੋਤਰਾ ਵੱਲੋਂ ‘ਹੈਲਪਿੰਗ ਹੈਂਡ’ ਸੰਸਥਾ ਰਾਹੀਂ ਸ਼ੁਰੂ ਕੀਤੇ ਗਏ ਪ੍ਰੋਜੈਕਟ ਸਿਰਫ਼ ਕਾਰੋਬਾਰ ਨਹੀਂ, ਬਲਕਿ ਸਮਾਜ ਪ੍ਰਤੀ ਇੱਕ ਵੱਡੀ ਦੇਣ ਹਨ। ਉਨ੍ਹਾਂ ਦੇ ਤਿੰਨ ਮੁੱਖ ਉਪਰਾਲੇ ਖਾਸ ਤੌਰ ‘ਤੇ ਪ੍ਰਸ਼ੰਸਾਯੋਗ ਹਨ

100% ਸੈਲਫ ਸਪਾਂਸਰਸ਼ਿਪ (ਪਹਿਲਾਂ ਪੜ੍ਹੋ, ਕਮਾਓ ਤੇ ਫਿਰ ਫੀਸ ਦਿਓ): ਇਹ ਇੱਕ ਵਿਲੱਖਣ ਅਤੇ ਬਹੁਤ ਹੀ ਅਸਰਦਾਰ ਸੋਚ ਹੈ, ਜਿਸ ਨਾਲ ਕਾਬਲ ਵਿਦਿਆਰਥੀਆਂ ‘ਤੇ ਪੜ੍ਹਾਈ ਦੌਰਾਨ ਫੀਸਾਂ ਦਾ ਕੋਈ ਬੋਝ ਨਹੀਂ ਰਹੇਗਾ। ਇਹ ਯਕੀਨੀ ਬਣਾਏਗਾ ਕਿ ਕੋਈ ਵੀ ਹੁਸ਼ਿਆਰ ਬੱਚਾ ਪੈਸੇ ਦੀ ਕਮੀ ਕਾਰਨ ਉੱਚ ਸਿੱਖਿਆ ਤੋਂ ਵਾਂਝਾ ਨਾ ਰਹੇ।

ਸੰਸਥਾ ਨਾਲ ਸਿੱਧਾ ਰਾਬਤਾ: ਵਿਦਿਆਰਥੀਆਂ ਨੂੰ ਸਿੱਧਾ ਇੰਸਟੀਚਿਊਟ ਨਾਲ ਜੋੜਨ ਦਾ ਤਰੀਕਾ ਪੂਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਵਿਸ਼ਵਾਸ ਪੈਦਾ ਕਰਦਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਫੀਸਾਂ ਅਤੇ ਖਰਚਿਆਂ ਵਿਚ ਬੱਚਤ ਅਤੇ ਪਾਰਦਰਸ਼ਤਾ ਮਿਲਦੀ ਹੈ, ਜਿਸ ਨਾਲ ਉਹ ਗੁਮਰਾਹ ਹੋਣ ਤੋਂ ਬਚ ਜਾਂਦੇ ਹਨ।

ਗਰੀਬ ਅਤੇ ਹੁਸ਼ਿਆਰ ਬੱਚਿਆਂ ਲਈ ਮੁਫ਼ਤ ਇੰਟਰਨੈਸ਼ਨਲ ਸਿੱਖਿਆ : ਬੁੱਧੀਮਾਨ ਬੱਚਿਆਂ ਨੂੰ 100 ਪ੍ਰਤੀਸ਼ਤ ਸਪਾਂਸਰਸ਼ਿਪ ਰਾਹੀਂ ਮੁਫ਼ਤ ਪੜ੍ਹਾਈ ਕਰਵਾ ਕੇ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਹੈ।

ਗੈਰੀ ਮਲਹੋਤਰਾ, ਗੁਰਪ੍ਰੀਤ ਘੁੱਗੀ, ਸਤਨਾਮ ਸੰਧੂ ਵਰਗੀਆਂ ਸ਼ਖ਼ਸੀਅਤਾਂ ਸਾਡੇ ਸਮਾਜ ਲਈ ਪ੍ਰੇਰਨਾ ਸਰੋਤ ਹਨ, ਜਿਨ੍ਹਾਂ ਨੇ ਸਧਾਰਨ ਪਿਛੋਕੜ ਤੋਂ ਉੱਠ ਕੇ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਹਨ। ਮੈਨੂੰ ਪੂਰਾ ਯਕੀਨ ਹੈ ਕਿ ਗੈਰੀ ਮਲਹੋਤਰਾ ਦਾ ਇਹ ਨੇਕ ਉਪਰਾਲਾ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦਾ ਭਵਿੱਖ ਰੌਸ਼ਨ ਕਰੇਗਾ। ਮੈਂ ਇਸ ਸ਼ਾਨਦਾਰ ਪ੍ਰੋਜੈਕਟ ਲਈ ਉਨ੍ਹਾਂ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਉਹ ਇਸ ਮਿਸ਼ਨ ਨੂੰ ਹੋਰ ਵੀ ਦਲੇਰੀ ਅਤੇ ਹੌਸਲੇ ਨਾਲ ਅੱਗੇ ਵਧਾਉਣ।

ਇਸ ਮੌਕੇ ਯੂਬੀਐਸਐਸ ਅਤੇ ਜੀਸੀਏ ਆਸਟ੍ਰੇਲੀਆ ਦੇ ਵਾਇਸ ਚਾਂਸਲਰ ਪ੍ਰੋ. ਐਲਨ ਬੋਏਲ ਜੈਮਸ, ਸਾਬਕਾ ਵਾਇਸ ਚਾਂਸਲਰ ਡਾ. ਬੀ.ਐਸ ਘੁੰਮਣ, ਅਮਰੀਕਾ ਦੇ ਸਫਲ ਕਾਰੋਬਾਰੀ ਰਾਜਾ ਬੋਪਾਰਾਏ, ਮੁੱਖ ਮੰਤਰੀ ਪੰਜਾਬ ਦੇ ਸਾਬਕਾ ਓਐਸਡੀ ਮਨਜੀਤ ਸਿੰਘ ਸਿੱਧੂ, ਆਈਆਈਟੀ ਰੋਪੜ ਦੀ ਸੀਈਓ ਰਾਧਿਕਾ ਤਰਿੱਖਾ ਸਮੇਤ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ। ਜਦਕਿ ਪ੍ਰੋਗਰਾਮ ਵਿਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ, ਨਾਮੀ ਅਦਾਕਾਰ ਅਤੇ ਸਮਾਜ ਸੇਵਕਾ ਸੋਨੀਆ ਮਾਨ, ਗਾਇਕ ਮਨਕੀਰਤ ਔਲਖ, ਕਰਮਜੀਤ ਅਨਮੋਲ, ਸਲੀਮ ਸਿਕੰਦਰ, ਫ਼ਿਲਮ ਅਦਾਕਾਰ ਕੁਲਤਾਰ ਚੀਮਾ, ਲਵ ਗਿੱਲ ਅਤੇ ਬਨਿੰਦਰ ਬਨੀ, ਸਵਦੀਸ਼, ਜਰਨੈਲ ਸਿੰਘ, ਆਈਬੀਸੀ ਚੰਡੀਗੜ੍ਹ ਤੋਂ ਪ੍ਰੋਫੈਸਰ ਰੌਣਕੀ ਰਾਮ, ਹੋਪ ਟਰੇਨਿੰਗ ਕਾਲਜ ਦੇ ਆਸਟ੍ਰੇਲੀਅਨ ਰੌਬੀ ਬੈਨੀਪਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਗੁਰਮੁੱਖ ਸਿੰਘ ਹਾਜਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।