ਹਰੀਕੇ ਤੋਂ ਪਾਣੀ ਦੀ ਨਿਕਾਸੀ ਹੋਰ ਘਟੀ
ਫਾਜ਼ਿਲਕਾ, 9 ਸਤੰਬਰ: ਦੇਸ਼ ਕਲਿੱਕ ਬਿਓਰੋ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਜ਼ਿਲ੍ਹੇ ਵਿਚ ਰਾਹਤ ਵੰਡਨ ਦਾ ਕੰਮ ਤੇਜੀ ਨਾਲ ਜਾਰੀ ਹੈ ਅਤੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਲੋੜਵੰਦ ਰਾਹਤ ਸਮੱਗਰੀ ਤੋਂ ਵਾਂਝਾ ਨਾ ਰਹੇ।
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ 4254 ਲੋਕਾਂ ਨੂੰ ਬਾਹਰ ਕੱਢਿਆ ਸੀ। ਕੁੱਲ ਸਥਾਪਿਤ 30 ਰਾਹਤ ਕੈਂਪਾਂ ਵਿਚੋਂ 14 ਕਾਰਜਸ਼ੀਲ ਕੈਂਪਾਂ ਵਿਚ 2946 ਲੋਕ ਰਹਿ ਰਹੇ ਹਨ। ਰਾਹਤ ਕੈਂਪਾਂ ਵਿਚ ਮਿਲ ਰਹੀ ਸੁਵਿਧਾ ਕਾਰਨ ਪਹਿਲੀ ਵਾਰ ਹੈ ਕਿ ਐਨੇ ਲੋਕ ਕੈਂਪਾਂ ਵਿਚ ਆ ਰਹੇ ਹਨ। ਪ੍ਰਭਾਵਿਤ ਲੋਕਾਂ ਨੂੰ 12539 ਰਾਸ਼ਨ ਕਿਟਾਂ ਵੰਡੀਆਂ ਗਈਆਂ ਹਨ। ਲੋਕਾਂ ਦੇ ਜਾਨਵਰਾਂ ਲਈ 6190 ਬੋਰੇ ਕੈਟਲ ਫੀਡ ਵੰਡੀ ਗਈ ਹੈ। ਰਾਹਤ ਕੈਂਪਾਂ ਵਿਚ ਆਏ ਲੋਕਾਂ ਦੇ ਜਾਨਵਰਾਂ ਲਈ ਚਾਰਾ ਵੀ ਮੁਹਈਆ ਕਰਵਾਇਆ ਜਾ ਰਿਹਾ ਹੈ। ਰਾਹਤ ਕਾਰਜਾਂ ਵਿਚ ਲਗਾਤਾਰ ਟੀਮਾਂ ਲੱਗੀਆਂ ਹੋਈਆਂ ਹਨ। ਤਰਪਾਲਾਂ ਦੀ ਵੰਡ ਵੀ ਕੀਤੀ ਜਾ ਰਹੀ ਹੈ।
ਜਲ ਨਿਕਾਸੀ ਸਬੰਧੀ ਵੇਰਵੇ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੀਕੇ ਅਤੇ ਹੁਸੈਨੀਵਾਲਾ ਹੈਡਵਰਕਸ ਤੋਂ ਪਾਣੀ ਹੌਲੀ ਹੌਲੀ ਘਟ ਰਿਹਾ ਹੈ। ਅੱਜ ਹਰੀਕੇ ਤੋਂ 227928 ਕਿਉਸਿਕ ਅਤੇ ਹੁਸੈਨੀਵਾਲਾ ਤੋਂ 236372 ਕਿਉਸਿਕ ਪਾਣੀ ਚੱਲ ਰਿਹਾ ਹੈ। ਪਾਣੀ ਘਟਣ ਦਾ ਅਸਰ ਕਾਂਵਾਂ ਵਾਲੀ ਪਤੱਣ ਤੇ ਵੀ ਪ੍ਰਤਖ ਦਿਖਣ ਲੱਗਿਆ ਹੈ ਅਤੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ ਹੈ।
